ਓਡੀਐਲ ਅਧਿਆਪਕਾਂ ਨੂੰ ਪੱਕਾ ਨਹੀਂ ਕਰ ਰਹੀ ਸਰਕਾਰ, 9 ਕੈਬਨਿਟ ਮੰਤਰੀਆਂ ਦੇ ਘਰਾਂ ਬਾਹਰ ਫੂਕੇ ਪੁਤਲੇ

ਪੰਜਾਬ ਭਰ ਵਿੱਚ 9 ਕੈਬਨਿਟ ਮੰਤਰੀਆਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਤੇ ਫੂਕਿਆ ਗਿਆ ਪੁਤਲਾ

ਸਿੱਖਿਆ ਮੰਤਰੀ ਹਰਜੋਤ ਬੈਂਸ ਕਰ ਰਹੇ ਹਨ ਪੱਖਪਾਤ, ਨਹੀਂ ਕਰਾਂਗੇ ਵਾਅਦਾ ਖ਼ਿਲਾਫ਼ੀ ਬਰਦਾਸ਼ਤ : ਅਧਿਆਪਕ

ਚੰਡੀਗੜ, (ਅਸ਼ਵਨੀ ਚਾਵਲਾ)। ਪਿਛਲੇ 11 ਸਾਲ ਤੋਂ ਓ.ਡੀ.ਐਲ. ਅਧਿਆਪਕਾਂ ਦੇ ਪੈਡਿੰਗ ਚਲ ਰਹੇ ਪੱਕਾ ਕਰਨ ਦੇ ਆਦੇਸ਼ ਪੰਜਾਬ ਸਰਕਾਰ ਜਾਰੀ ਨਹੀਂ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ 3442, 7654 ਅਤੇ 5178 ਵਿਭਾਗੀ ਭਰਤੀਆਂ ਦੌਰਾਨ ਪੱਕੇ ਤੌਰ ’ਤੇ ਭਰਤੀ ਕੀਤਾ ਗਿਆ ਪਰ 2 ਸਾਲ ਦੀ ਪ੍ਰੋਬੇਸ਼ਨ ਦਾ ਸਮਾਂ ਮੁਕੰਮਲ ਹੋਣ ਦੇ ਬਾਵਜੂਦ ਤਕਨੀਕੀ ਗਲਤੀ ਕਰਦੇ ਹੋਏ ਹੁਣ ਤੱਕ 125 ਦੇ ਲਗਭਗ ਇਨਾਂ ਨੂੰ ਪੱਕੇ ਕਰਨ ਦੇ ਆਦੇਸ਼ ਜਾਰੀ ਨਹੀਂ ਕੀਤੇ, ਜਦੋਂ ਕਿ ਇਨਾਂ ਤਿੰਨੇ ਭਰਤੀ ਦੌਰਾਨ ਬਾਕੀ ਸਾਰੇ ਅਧਿਆਪਕਾਂ ਨੂੰ ਪੱਕਾ ਪਹਿਲਾਂ ਤੋਂ ਹੀ ਕਰਦੇ ਹੋਏ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਇਨਾਂ ਅਧਿਆਪਕਾਂ ਦੇ ਹੱਕ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਆਦੇਸ਼ ਵੀ 3 ਸਾਲ ਪਹਿਲਾਂ 2019 ਵਿੱਚ ਆ ਚੁੱਕਾ ਹੈ ਪਰ ਹਾਈ ਕੋਰਟ ਦੇ ਆਦੇਸ਼ ਨੂੰ ਵੀ ਸਰਕਾਰ ਵੱਲੋਂ ਅਮਲ ਵਿੱਚ ਨਹੀਂ ਲਿਆਉਂਦਾ ਗਿਆ ਹੈ।

ਇਨਾਂ ਅਧਿਆਪਕਾਂ ਵੱਲੋਂ ਡੀ.ਟੀ.ਐਫ. ਯੂਨੀਅਨ ਦੀ ਮਦਦ ਨਾਲ 9 ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਦੇ ਹੋਏ ਜਿਥੇ ਪ੍ਰਦਰਸ਼ਨ ਕੀਤਾ ਗਿਆ, ਉਥੇ ਹੀ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ ਆਪਣਾ ਗੁੱਸਾ ਵੀ ਸਰਕਾਰ ਦੇ ਪ੍ਰਤੀ ਜ਼ਾਹਰ ਕੀਤਾ। ਇਸ ਦੌਰਾਨ ਅੱਧੀ ਦਰਜਨ ਦੇ ਕਰੀਬ ਕੈਬਨਿਟ ਮੰਤਰੀਆਂ ਵੱਲੋਂ ਇਨਾਂ ਨੂੰ ਸੱਦ ਕੇ ਮੀਟਿੰਗ ਵੀ ਕੀਤੀ ਅਤੇ ਭਰੋਸਾ ਦਿੱਤਾ ਕਿ ਉਹ ਦੀਵਾਲ਼ੀ ਮੌਕੇ ਘਰ ਜਾ ਕੇ ਘਰ ਰੋਸ਼ਨ ਕਰਨ, ਸਰਕਾਰ ਵਾਲੇ ਪਾਸਿਓ ਉਹ (ਮੰਤਰੀ) ਕਾਰਵਾਈ ਕਰਵਾਉਣ ਅਤੇ ਜਲਦ ਹੀ ਪੱਕੇ ਕਰਨ ਦੇ ਆਦੇਸ਼ ਦਿੱਤੇ ਜਾਣਗੇ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਵਿਭਾਗ ਦੀ ਅਫ਼ਸਰਸ਼ਾਹੀ ਸਮੇਤ ਪੈਨਲ ਮੀਟਿੰਗ ਕਰਕੇ ਓ.ਡੀ.ਐੱਲ. ਅਧਿਆਪਕਾਂ ਦੇ ਸਾਰੇ ਲਾਭ ਬਹਾਲ ਕਰਨ ਸਬੰਧੀ ਤਸੱਲੀਬਖ਼ਸ਼ ਜਵਾਬ ਦੇਣ ਦੀ ਥਾਂ ਮਹਿਜ ਖਾਨਾਪੂਰਤੀ ਕੀਤੀ ਗਈ ਹੈ। ਉਨਾਂ ਦੀ ਯੂਨੀਅਨ ਨੂੰ ਚੰਡੀਗੜ ਮੀਟਿੰਗ ਲਈ ਸੱਦਿਆ ਤਾਂ ਗਿਆ ਪਰ ਨਾ ਹੀ ਸਾਰੀ ਗੱਲਬਾਤ ਸੁਣੀ ਅਤੇ ਨਾ ਹੀ ਮੰਗਾਂ ਨੂੰ ਪੂਰਾ ਕਰਨ ਦਾ ਕੋਈ ਭਰੋਸਾ ਦਿੱਤਾ ਗਿਆ ਸੀ।

ਉਨਾਂ ਦੱਸਿਆ ਕਿ ਸਾਡੀ ਗੱਲ ਸੁਣਨ ਅਤੇ ਵਿਭਾਗ ਦੇ ਮਸਲਿਆਂ ਦਾ ਹਕੀਕੀ ਹੱਲ ਕਰਨ ਦੀ ਥਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਧਮਕੀਆਂ ਰਾਹੀਂ ਧਰਨਾ ਮੁਕਤ ਕਰਨ ਵਾਲਾ ਗੈਰ ਜਮਹੂਰੀ ਰਵੱਈਆ ਦਰਸਾਇਆ ਗਿਆ ਹੈ। ਜਿਸ ਨੂੰ ਚੁਣੌਤੀ ਵਜੋਂ ਲੈਂਦਿਆਂ ਸੰਗਰੂਰ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਬਰਨਾਲਾ ਵਿਖੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਅੰਮ੍ਰਿਤਸਰ ਵਿਖੇ ਇੰਦਰਬੀਰ ਸਿੰਘ ਨਿੱਝਰ, ਸਮਾਣਾ ਵਿਖੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਗੰਭੀਰਪੁਰ (ਆਨੰਦਪੁਰ ਸਾਹਿਬ) ਵਿਖੇ ਸਿੱਖਿਆ ਮੰਤਰੀ (ਸਕੂਲਜ) ਹਰਜੋਤ ਸਿੰਘ ਬੈਂਸ, ਹੁਸ਼ਿਆਰਪੁਰ ਵਿਖੇ ਬ੍ਰਹਮਸ਼ੰਕਰ ਜਿੰਪਾ, ਮਲੋਟ ਵਿਖੇ ਡਾ. ਬਲਜੀਤ ਕੌਰ, ਗੁਰੂ ਹਰਸਹਾਏ ਵਿਖੇ ਫੌਜਾ ਸਿੰਘ ਸਰਾਰੀ ਅਤੇ ਪਿੰਡ ਕਟਾਰੂਚੱਕ (ਪਠਾਨਕੋਟ) ਵਿਖੇ ਲਾਲ ਚੰਦ ਕਟਾਰੂਚੱਕ ਦੇ ਘਰਾਂ ਅਤੇ ਦਫ਼ਤਰਾਂ ਮੂਹਰੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਬੈਂਸ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ। ਆਗੂਆਂ ਨੇ ਇਨਾਂ ਥਾਂਈਂ ਚਿਤਾਵਨੀ ਪੱਤਰ ਸੌਂਪਦਿਆਂ ਮਸਲਿਆਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ 6 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਹਜ਼ਾਰਾਂ ਦੀ ਸ਼ਮੂਲੀਅਤ ਵਾਲੀ ਸੂਬਾਈ ਰੈਲੀ ਕਰਕੇ ਸਿੱਖਿਆ ਮੰਤਰੀ ਦੀ ਅਨੰਦਪੁਰ ਸਾਹਿਬ ਰਿਹਾਇਸ਼ ਦਾ ਘਿਰਾਓ ਕੀਤਾ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ