ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਦੇਸ਼
- ਪੰਜਾਬ ਸਰਕਾਰ ਦੀ ਇਹ ਕਾਰਵਾਈ ਪੂਰੀ ਤਰਾਂ ਗੈਰ ਕਾਨੂੰਨੀ, ਇਹਨੂੰ ਕਿਸੇ ਵੀ ਤਰਕ ਨਾਲ ਨਹੀਂ ਕੀਤਾ ਜਾ ਸਕਦੈ ਸਵੀਕਾਰ : ਬਨਵਾਰੀ ਲਾਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਵਨਿਯੁਕਤ ਉਪ ਕੁਲਪਤੀ ਸਤਬੀਰ ਸਿੰਘ ਗੋਸਲ (VC OF Agriculture) ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਆਦੇਸ਼ ਜਾਰੀ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਹ ਆਦੇਸ਼ ਰਾਜਪਾਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਰੀ ਕੀਤੇ ਗਏ ਹਨ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਸਿਰਫ਼ ਆਦੇਸ਼ ਹੀ ਨਹੀਂ ਜਾਰੀ ਕੀਤੇ ਗਏ ਸਗੋਂ ਲਿਖੇ ਗਏ ਪੱਤਰ ਵਿੱਚ ਕਾਫ਼ੀ ਜਿਆਦਾ ਸਖ਼ਤ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ।
ਇਸ ਨਾਲ ਹੀ ਸਰਕਾਰ ਦੇ ਅਧਿਕਾਰੀਆਂ ਨੂੰ ਵੀ ਆਦੇਸ਼ ਦੇਣ ਲਈ ਕਿਹਾ ਹੈ ਕਿ ਉਹ ਨਵੇਂ ਉਪ ਕੁਲਪਤੀ ਦੀ ਨਿਯੁਕਤੀ ਕਰਨ ਲਈ ਉਨਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰ ਲੈਣ। ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕੋਈ ਫੈਸਲਾ ਲਿਆ ਗਿਆ ਹੈ। ਆਉਣ ਵਾਲੇ ਅਗਲੇ ਕੁਝ ਦਿਨਾਂ ਵਿੱਚ ਭਗਵੰਤ ਮਾਨ ਵੱਲੋਂ ਇਸ ਸਬੰਧੀ ਫੈਸਲਾ ਕੀਤਾ ਜਾਏਗਾ ਕਿ ਉਹ ਉਪ ਕੁਲਪਤੀ ਨੂੰ ਹਟਾਉਣਗੇ ਜਾਂ ਫਿਰ ਰਾਜਪਾਲ ਬਨਵਾਰੀ ਲਾਲ ਦੇ ਪੱਤਰ ਸਬੰਧੀ ਕਾਨੂੰਨੀ ਸਲਾਹ ਲੈਣਗੇ।
ਨਵੇਂ ਉਪ ਕੁਲਪਤੀ ਦੀ ਖੋਜ ਦਾ ਕੰਮ ਸ਼ੁਰੂ ਕਰ ਦੇਵੇ ਸਰਕਾਰ
ਜਾਣਕਾਰੀ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਲਈ 11 ਮਹੀਨੇ ਬਾਅਦ 19 ਅਗਸਤ 2022 ਨੂੰ ਨਵੇਂ ਉਪ ਕੁਲਪਤੀ ਦੀ ਨਿਯੁਕਤੀ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਸਤਬੀਰ ਸਿੰਘ ਗੋਸਲ (VC OF Agriculture ) ਨੂੰ ਨਿਯੁਕਤ ਕੀਤਾ ਗਿਆ ਸੀ ਤਾਂ ਹੁਣ ਲਗਭਗ ਦੋ ਮਹੀਨੇ ਬਾਅਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਗਿਆ ਹੈ ਕਿ ਇਹ ਨਿਯੁਕਤੀ ਪੂਰੀ ਤਰਾਂ ਗੈਰ ਕਾਨੂੰਨੀ ਅਤੇ ਗਲਤ ਹੈ। ਇਸ ਲਈ ਉਹ ਉਪ ਕੁਲਪਤੀ ਨੂੰ ਹਟਾਉਣ ਦੇ ਆਦੇਸ਼ ਜਾਰੀ ਕਰਦੇ ਹੋਏ ਵਿਭਾਗ ਦੇ ਸੀਨੀਅਰ ਅਧਿਕਾਰੀ ਨੂੰ ਬਤੌਰ ਉਪ ਕੁਲਪਤੀ ਦਾ ਚਾਰਜ ਦੇ ਦੇਣ। ਇਸ ਨਾਲ ਹੀ ਸੰਬੰਧਿਤ ਵਿਭਾਗ ਨਵੇਂ ਉਪ ਕੁਲਪਤੀ ਦੀ ਖੋਜ ਦਾ ਕੰਮ ਸ਼ੁਰੂ ਕਰ ਦੇਵੇ ਪਰ ਇਸ ਲਈ ਲਗਾਤਾਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਸਲਾਹ ਮਸ਼ਵਰਾ ਕਰਦੇ ਹੋਏ ਹੀ ਸਾਰੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਬਿਨਾਂ ਲਾਇਸੈਂਸ ਪਟਾਕੇ ਵੇਚਣ ਵਾਲਿਆਂ ’ਤੇ ਹੋਵੇਗੀ ਕਾਰਵਾਈ : ਡਿਪਟੀ ਕਮਿਸ਼ਨਰ
ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਪੰਜਾਬ ਵਿੱਚ ਭੂਚਾਲ ਵਰਗੀ ਸਥਿਤੀ ਪੈਦਾ ਹੋ ਗਿਆ ਹੈ, ਕਿਉਂਕਿ ਬੀਤੇ ਹਫ਼ਤੇ ਹੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਬਾਬਾ ਫ਼ਰੀਦ ਮੈਡੀਕਲ ਖੋਜ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜੀ.ਐਸ. ਵਾਂਡਰ ਦੀ ਨਿਯੁਕਤੀ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਹੁਣ ਪੀਏਯੂ ਦੇ ਉਪ ਕੁਲਪਤੀ ਨੂੰ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਸਰਕਾਰ ਦੇ ਹੱਕ ‘ਚ ਆਏ ਸੁਖਬੀਰ ਬਾਦਲ, ਰਾਜਪਾਲ ਨੂੰ ਦਖਲ ਅੰਦਾਜੀ ਤੋਂ ਰੋਕਿਆ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਹੱਕ ਵਿੱਚ ਆ ਕੇ ਖੜੇ ਹੋ ਗਏ ਹਨ। ਉਨਾਂ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸਰਕਾਰ ਦੇ ਕੰਮ ਕਾਜ਼ ਵਿੱਚ ਦਖਲ ਨਹੀਂ ਦੇਣ ਲਈ ਕਿਹਾ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਹਟਾਏ ਜਾਣ ਦੇ ਪੱਤਰ ਨੂੰ ਗਲਤ ਕਰਾਰ ਦਿੱਤਾ ਹੈ। ਉਨਾਂ ਵਲੋਂ ਇਸ ਸਬੰਧੀ ਸਰਕਾਰੀ ਨਿਯਮਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ