ਸੜਕ ਹਾਦਸੇ ’ਚ ਦੋ ਮੌਤਾਂ, ਤਿੰਨ ਗੰਭੀਰ ਜਖ਼ਮੀ (Road Accident)
(ਰਾਜਵਿੰਦਰ ਬਰਾੜ) ਗਿੱਦੜਬਾਹਾ। ਬੀਤੀ ਰਾਤ ਗਿੱਦੜਬਾਹਾ-ਮਲੋਟ ਰੋਡ ’ਤੇ ਸਥਿਤ ਪਿੰਡ ਥੇੜੀ ਨੇੜੇ ਸਕਾਰਪਿਓ ਕਾਰ ਅੱਗੇ ਬੇਸਹਾਰਾ ਪਸ਼ੂ ਆਉਣ ਕਾਰਨ ਵਾਪਰੇ ਸੜਕ ਹਾਦਸੇ ’ਚ ਨੌਜਵਾਨ ਲੜਕੇ ਅਤੇ ਲੜਕੀ ਦੀ ਮੌਤ ਹੋ ਗਈ ਜਦੋਂਕਿ ਕਾਰ ਸਵਾਰ ਤਿੰਨ ਹੋਰ ਵਿਅਕਤੀ ਗੰਭੀਰ ਰੂਪ ’ਚ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲਾ ਗੋਪਿੰਦਰ ਸਿੰਘ ਆਪਣੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਸਕਾਰਪਿਓ ਕਾਰ ਰਾਹੀਂ ਤਰਨਤਾਰਨ ਤੋਂ ਸ੍ਰੀਗੰਗਾਨਗਰ ਵਿਖੇ ਇੱਕ ਵਿਆਹ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਜਾ ਰਹੇ ਸਨ।
ਇਹ ਵੀ ਪੜ੍ਹੋ : ਗੈਂਗਸਟਰ ਮੰਨੇ ਦੇ ਇਸ਼ਾਰੇ ’ਤੇ ਚੱਲਣ ਵਾਲੇ ‘ਮਿੰਨੀ ਗੈਂਗਸਟਰ’ ਚੜੇ ਪੁਲਿਸ ਅੜਿੱਕੇ
ਜਦੋਂ ਉਨਾਂ ਦੀ ਕਾਰ ਪਿੰਡ ਥੇੜੀ ਤੋਂ ਕੁਝ ਅੱਗੇ ਸੇਮ ਨਾਲੇ ਦੇ ਪੁਲ ਦੇ ਨਜ਼ਦੀਕ ਪੁੱਜੀ ਤਾਂ ਕਾਰ ਅੱਗੇ ਅਚਾਨਕ ਇਕ ਬੇਸਹਾਰਾ ਪਸ਼ੂ ਆ ਗਿਆ, ਜਿਸ ਕਾਰਨ ਕਾਰ ਦਾ ਸੰਤੁਲਣ ਵਿਗੜ ਅਤੇ ਕਾਰ ਡਿਵਾਈਡਰ ਨੂੰ ਪਾਰ ਕਰਦੀ ਹੋਈ ਦੂਜੀ ਪਾਸੇ ਸੜਕ ’ਤੇ ਜਾ ਡਿੱਗੀ। ਇਸ ਹਾਦਸੇ ਵਿਚ ਕਾਰ ਸਵਾਰ ਗੋਪਿੰਦਰ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ ਵਾਸੀ ਤਰਨਤਾਰਨ, ਰੁਪਿੰਦਰਜੀਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਵਾਸੀ ਮੋਹਣਪੁਰਾ (ਤਰਨਤਾਰਨ), ਨਵਜੋਤ ਕੌਰ ਪਤਨੀ ਗੋਪਿੰਦਰ ਸਿੰਘ, ਜੋਗਿੰਦਰ ਕੌਰ ਪਤਨੀ ਕੇਵਲ ਸਿੰਘ ਅਤੇ ਪਰਮਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਤਰਤਾਰਨ ਗੰਭੀਰ ਰੂਪ ’ਚ ਜਖਮੀ ਹੋ ਗਏ।
ਘਟਨਾ ਦੀ ਸੂਚਨਾ ਮਿਲਣ ’ਤੇ ਗਿੱਦੜਬਾਹਾ ਦੇ ਡੀ.ਐੱਸ.ਪੀ. ਜਸਵੀਰ ਸਿੰਘ ਪੰਨੂੰ ਮੌਕੇ ’ਤੇ ਪੁੱਜੇ ਉਨਾਂ ਰਾਹਤ ਫਾਊਂਡੇਸ਼ਨ ਦੇ ਅਨਮੋਲ ਜੁਨੇਜਾ ਬਬਲੂ, ਮੁਨੀਸ਼ ਵਰਮਾ ਤੇ ਐਂਬੂਲੈਂਸ ਚਾਲਕ ਕਾਲਾ ਚੌਧਰੀ ਅਤੇ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਦੀ ਮਦਦ ਨਾਲ ਜਖਮੀਆਂ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਜਖਮੀਆਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਗੰਭੀਰ ਜਖਮੀ ਗੋਪਿੰਦਰ ਸਿੰਘ, ਰੁਪਿੰਦਰਜੀਤ ਕੌਰ ਅਤੇ ਪਰਮਵੀਰ ਸਿੰਘ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ। ਜਖਮੀਆਂ ਵਿਚੋਂ ਗੋਪਿੰਦਰ ਸਿੰਘ ਅਤੇ ਰੁਪਿੰਦਰਜੀਤ ਕੌਰ ਦੀ ਆਦੇਸ਼ ਹਸਪਤਾਲ, ਬਠਿੰਡਾ ਵਿਖੇ ਮੌਤ ਹੋ ਗਈ ਜਦੋਂਕਿ ਖਬਰ ਲਿਖੇ ਜਾਣ ਤੱਕ ਜਖਮੀ ਪਰਮਵੀਰ ਸਿੰਘ ਦੀ ਹਾਲਤ ਅਜੇ ਵੀ ਨਾਜੁਕ ਬਣੀ ਹੋਈ ਸੀ। ਹਾਦਸੇ ਤੋਂ ਬਾਅਦ ਬੇਸਹਾਰਾ ਪਸ਼ੂ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਕਾਰ ਬੁਰੀ ਤਰਾਂ ਨੁਕਸਾਨੀ ਗਈ। ਥਾਣਾ ਗਿੱਦੜਬਾਹਾ ਪੁਲਿਸ ਨੇ ਮਿ੍ਰਤਕ ਗੋਪਿੰਦਰ ਸਿੰਘ ਅਤੇ ਰੁਪਿੰਦਰਜੀਤ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ