ਬਿਮਾਰੀਆਂ ਤੋਂ ਬਚਣ ਲਈ 2017 ’ਚ ਸੰਭਾਲਣਾ ਸ਼ੁਰੂ ਕੀਤਾ ਸੀ ਮੀਂਹ ਦਾ ਪਾਣੀ
- ਕੈਂਸਰ ਤੇ ਕਾਲੇ ਪੀਲੀਏ ਤੋਂ ਬਚਾਅ ਲਈ ਕਾਰਗਰ ਸਿੱਧ ਹੋਇਆ ਮੀਂਹ ਦਾ ਪਾਣੀ : ਜੀਐੱਮ ਅਰੋੜਾ
(ਸੁਖਜੀਤ ਮਾਨ) ਸਰਦੂਲਗੜ੍ਹ। ਪੰਜਾਬ ਦਾ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਰਿਹਾ ਮਾਹਿਰਾਂ ਨੇ ਧਰਤੀ ਹੇਠਲੇ ਪਾਣੀ ਦੀ ਪੀਣ ਲਈ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ ਜਿਨ੍ਹਾਂ ਖੇਤਰਾਂ ’ਚ ਹੇਠਲੇ ਪਾਣੀ ਤੋਂ ਬਿਨਾਂ ਕੋਈ ਹੱਲ ਨਹੀਂ, ਉਸ ਖੇਤਰ ਦੇ ਲੋਕ ਬਿਮਾਰੀਆਂ ਦੀ ਜਕੜ ’ਚ ਹਨ ਜ਼ਿਲ੍ਹਾ ਮਾਨਸਾ ਦੇ ਹਰਿਆਣਾ ਨਾਲ ਲੱਗਦੇ ਹਲਕਾ ਸਰਦੂਲਗੜ੍ਹ ਦੇ ਪਿੰਡਾਂ ’ਚ ਮਾੜੇ ਪਾਣੀ ਕਾਰਨ ਹੀ ਕੈਂਸਰ ਨੇ ਲੋਕਾਂ ਨੂੰ ਦੱਬ ਰੱਖਿਆ ਹੈ। ਚਮੜੀ ਦੇ ਰੋਗ ਤੋਂ ਵੀ ਲੋਕ ਪੀੜਤ ਹਨ ਅਜਿਹੇ ਹਾਲਾਤਾਂ ’ਚ ਬਿਮਾਰੀਆਂ ਤੋਂ ਬਚਣ ਲਈ ਸਰਦੂਲਗੜ੍ਹ ਵਾਸੀ ਜੀਐਮ. ਅਰੋੜਾ ਦਾ ਪਰਿਵਾਰ ਸਾਰਾ ਸਾਲ ਮੀਂਹ ਦਾ ਪਾਣੀ ਪੀਂਦਾ ਹੈ। ( Dink Rain water )
‘ਸੱਚ ਕਹੂੰ’ ਦੀ ਟੀਮ ਨੇ ਸਰਦੂਲਗੜ੍ਹ ਵਾਸੀ ਜੀਐਮ. ਅਰੋੜਾ ਦੇ ਘਰ ਜਾ ਕੇ ਦੇਖਿਆ ਤਾਂ ਉਨ੍ਹਾਂ ਨੇ ਮੀਂਹ ਦੇ ਪਾਣੀ ਨੂੰ ਸਟੋਰ ਕਰਨ ਲਈ ਧਰਤੀ ਹੇਠ ਹੀ ਇੱਕ ਵੱਡੀ ਕਰੀਬ 10 ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਟੈਂਕੀ ਬਣਾਈ ਹੋਈ ਹੈ। ਮੀਂਹ ਦੇ ਪਾਣੀ ਦੀ ਪੀਣ ਲਈ ਵਰਤੋਂ ਕਰਨ ਦੇ ਕਾਰਨਾਂ ਸਬੰਧੀ ਪੁੱਛੇ ਜਾਣ ’ਤੇ ਸ੍ਰੀ ਅਰੋੜਾ ਨੇ ਦੱਸਿਆ ਕਿ ਸਰਦੂਲਗੜ੍ਹ ਅਤੇ ਨੇੜਲੇ ਪਿੰਡਾਂ ’ਚ ਕਾਲਾ ਪੀਲੀਆ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਸੈਂਕੜੇ ਲੋਕਾਂ ਨੂੰ ਆਪਣੀ ਜਕੜ ’ਚ ਜਕੜਿਆ ਹੋਇਆ ਹੈ, ਉਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਸਾਲ 2017 ਤੋਂ ਮੀਂਹ ਦੇ ਪਾਣੀ ਦੀ ਵਰਤੋਂ ਸ਼ੁਰੂ ਕੀਤੀ ਗਈ। (Dink Rain water )
ਮੀਂਹ ਦੇ ਪਾਣੀ ਦੀ ਵਰਤੋਂ ਨਾਲ ਗੋਡਿਆਂ ਦੀ ਕੋਈ ਸਮੱਸਿਆ ਨਹੀਂ ਰਹੀ
ਉਨ੍ਹਾਂ ਦੱਸਿਆ ਕਿ ਮੀਂਹ ਦੇ ਪਾਣੀ ਦੀ ਵਰਤੋਂ ਨਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਕਿਉਂਕਿ ਉਨ੍ਹਾਂ ਦੇ ਗੋਡੇ ਦੁਖਦੇ ਸਨ ਪਰ ਹੁਣ ਗੋਡਿਆਂ ਦੀ ਕੋਈ ਸਮੱਸਿਆ ਨਹੀਂ ਰਹੀ ਇਸ ਤੋਂ ਇਲਾਵਾ ਉਨ੍ਹਾਂ ਦੇ ਸਿਰ ਦੇ ਵਾਲ ਬਹੁਤ ਜ਼ਿਆਦਾ ਝੜਦੇ ਸੀ, ਜੋ ਮੀਂਹ ਦੇ ਪਾਣੀ ਦੀ ਵਰਤੋਂ ਕਰਨ ਤੋਂ ਬਾਅਦ ਹਟ ਗਏ ਉਨ੍ਹਾਂ ਦੱਸਿਆ ਕਿ ਘਰ ’ਚ ਜਦੋਂ ਵੀ ਕੋਈ ਰਿਸ਼ਤੇਦਾਰ ਜਾਂ ਹੋਰ ਮਹਿਮਾਨ ਆਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਪੀਣ ਲਈ ਮੀਂਹ ਦਾ ਪਾਣੀ ਹੀ ਦਿੱਤਾ ਜਾਂਦਾ ਹੈ ਤੇ ਸਭ ਨੂੰ ਪਾਣੀ ਬੜਾ ਵਧੀਆ ਲੱਗਦਾ ਹੈ।
ਮੀਂਹਾਂ ਦਾ ਮੌਸਮ ਨਾ ਹੋਣ ਵੇਲੇ ਪਾਣੀ ਕਿਵੇਂ ਪੂਰਾ ਆਉਂਦਾ ਹੈ, ਇਹ ਪੁੱਛੇ ਜਾਣ ’ਤੇ ਸ੍ਰੀ ਅਰੋੜਾ ਨੇ ਦੱਸਿਆ ਕਿ ਆਮ ਤੌਰ ’ਤੇ ਘਰਾਂ ’ਚ ਪੀਣ ਵਾਲਾ ਪਾਣੀ 20 ਕੁ ਲੀਟਰ ਹੀ ਲੱਗਦਾ ਹੈ ਉਨ੍ਹਾਂ ਦੱਸਿਆ ਕਿ ਜੇਕਰ ਛੇ ਮਹੀਨਿਆਂ ’ਚ ਇੱਕ ਵਾਰ ਵੀ ਮੀਂਹ ਆ ਜਾਵੇ ਤਾਂ 10 ਹਜ਼ਾਰ ਲੀਟਰ ਪਾਣੀ ਸਟੋਰ ਹੋ ਜਾਂਦਾ ਹੈ 10 ਹਜ਼ਾਰ ਲੀਟਰ ਪਾਣੀ ਛੇ ਮਹੀਨਿਆਂ ’ਚ ਪੀਣ ਲਈ ਵਰਤਿਆ ਨਹੀਂ ਜਾਂਦਾ, ਉਦੋਂ ਤੱਕ ਮੀਂਹ ਦੁਬਾਰਾ ਆ ਜਾਂਦਾ ਹੈ ਮੀਂਹ ਦਾ ਪਾਣੀ ਵਰਤਣ ਵਾਲੇ ਇਸ ਪਰਿਵਾਰ ਨੇ ਇੱਕ ਹੋਰ ਖਾਸ ਗੱਲ ਦੱਸੀ ਕਿ ਮੀਂਹ ਦਾ ਪਾਣੀ ਕੁਦਰਤੀ ਪਾਣੀ ਹੁੰਦਾ ਹੈ ਜੋ ਕੁਦਰਤ ਵੱਲੋਂ ਹੀ ਸਾਫ਼ ਹੈ ਇਸ ਲਈ ਉਹ ਪਾਣੀ ਦੀ ਸ਼ੁੱਧਤਾ ਲਈ ਕੋਈ ਫਟਕੜੀ ਆਦਿ ਦੀ ਵਰਤੋਂ ਨਹੀਂ ਕਰਦੇ
ਛੱਤ ਤੋਂ ਹੇਠਾਂ ਆਉਂਦੇ ਪਾਣੀ ਨੂੰ ਕਰਦੇ ਨੇ ਸਟੋਰ
ਸ੍ਰੀ ਅਰੋੜਾ ਨੇ ਦੱਸਿਆ ਕਿ ਉਹ ਆਪਣੇ ਘਰ ’ਚ ਬਣੀ ਟੈਂਕੀ ’ਚ ਛੱਤ ਤੋਂ ਹੇਠਾਂ ਆਉਂਦੇ ਮੀਂਹ ਦੇ ਪਾਣੀ ਨੂੰ ਸਟੋਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਛੱਤ ਤੋਂ ਹੇਠਾਂ ਤੱਕ ਜੋ ਪਾਈਪ ਆਉਂਦੀ ਹੈ, ਮੀਂਹ ਸ਼ੁਰੂ ਹੋਣ ਤੋਂ ਕਰੀਬ ਅੱਧਾ ਘੰਟਾ ਬਾਅਦ ਤੱਕ ਉਸ ਪਾਈਪ ਦਾ ਪਾਣੀ ਬਾਹਰ ਜਾਂਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਉਹ ਪਾਈਪ ਦਾ ਪਾਣੀ ਟੈਂਕੀ ’ਚ ਪਾਉਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਸ਼ੁਰੂਆਤੀ ਅੱਧੇ ਘੰਟੇ ਤੱਕ ਦੇ ਪਾਣੀ ’ਚ ਵਾਤਾਵਰਨ ’ਚੋਂ ਗੰਧਲਾਪਣ ਜਾਂ ਹੋਰ ਕੀਟ-ਕੀਟਾਣੂ ਹੁੰਦੇ ਹਨ ਉਹ ਸਾਫ਼ ਹੋ ਜਾਂਦੇ ਹਨ ਤੇ ਪਾਣੀ ਵਰਤੋਂ ਯੋਗ ਹੋ ਜਾਂਦਾ ਹੈ । ਸਟੋਰ ਕੀਤੇ ਹੋਏ ਪਾਣੀ ਨੂੰ ਉਹ ਰਵਾਇਤੀ ਅੰਦਾਜ਼ ’ਚ ਬਾਲਟੀ ਨਾਲ ਰੱਸੀ ਬੰਨ੍ਹ ਕੇ ਕੱਢਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ