ਚੰਡੀਗੜ੍ਹ ਏਅਰਪੋਰਟ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਰੱਖਿਆ (Shaheed Bhagat Singh)
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੰਡੀਗੜ੍ਹ ਏਅਰਪੋਰਟ ਦਾ ਨਾਂਅ ਹੁਣ ਸ਼ਹੀਦ ਭਗਤ ਸਿੰਘ (Shaheed Bhagat Singh) ਦੇ ਨਾਂਅ ’ਤੇ ਹੋਵੇਗਾ। ਨਾਮਬਦਲੀ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਮੌਜ਼ੂਦ ਸਨ। ਇਸ ਮੌਕੇ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਹੁੰਚੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ‘ਭਗਤ ਸਿੰਘ ਦੀ ਜੇਲ੍ਹ ਡਾਇਰੀ’ ਦੀਆਂ ਕਾਪੀਆਂ (ਪੁਸਤਕਾਂ) ਸੌਂਪੀਆਂ।
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲਈ ਖੁਸ਼ੀ ਦੀ ਗੱਲ ਹੈ ਕਿ ਭਗਤ ਸਿੰਘ ਦੇ ਸੁਫਨੇ ਸਾਕਾਰ ਕਰਨ ਲਈ ਉਨ੍ਹਾਂ ਨੂੰ ਸ਼ਕਤੀ ਮਿਲੀ ਹੈ। ਉਨ੍ਹਾਂ ਲੋਕਾਂ ਨੂੰ ਭਗਤ ਸਿੰਘ ਦੇ ਪਦਚਿੰਨ੍ਹਾਂ ’ਤੇ ਚੱਲਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਕੇਂਦਰ ਸਰਕਾਰ ਦਾ ਧੰਨਵਾਦ ਕਰਕੇ ਇੰਕਲਾਬ ਜਿੰਦਾਬਾਦ ਦੇ ਨਾਅਰੇ ਨਾਲ ਆਪਣਾ ਸੰਬੋਧਨ ਪੂਰਾ ਕੀਤਾ।
ਮੁੱਖ ਮੰਤਰੀ ਤੇ ਰਾਜਪਾਲ ਦੌਰਾਨ ਦਿਸੀ ਤਲਖੀ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਮਾਨ ਦਰਮਿਆਨ ਤਲਖੀ ਨਜ਼ਰ ਆਈ। ਇਸ ਦੌਰਾਨ ਵਿਸ਼ੇਸ਼ ਇਜਲਾਸ ਦੀ ਮੰਗ ਤੋਂ ਬਾਅਦ ਪਹਿਲੀ ਵਾਰ ਇੱਕੋ ਸਟੇਜ ’ਤੇ ਨਜ਼ਰ ਆਏ। ਇਸ ਦੌਰਾਨ ਦੋਵਾਂ ਦਰਮਿਆਨ ਤਲਖੀ ਵੇਖਣ ਨੂੰ ਮਿਲੀ। ਇਸ ਦੌਰਾਨ ਨਾ ਤਾਂ ਦੋਵਾਂ ਨਜ਼ਰਾਂ ਮਿਲਾਈਆਂ ਤੇ ਨਾ ਹੀ ਕੋਈ ਗੱਲਬਾਤ ਹੋਈ। ਹਾਲਾਂਕਿ ਸਮਾਗਤ ਦੇ ਆਖਰ ’ਚ ਦੋਵਾਂ ਨੇ ਇਸ਼ਾਰਿਆਂ ’ਚ ਇੱਕ ਦੂਜੇ ਨੂੰ ਕੁਝ ਜ਼ਰੂਰ ਕਿਹਾ ਪਰ ਉਹ ਇੱਕ ਦੂਜੇ ਨਾਲ ਖੁੱਲ ਕੇ ਨਹੀਂ ਬੋਲੇ। ਜਿਸ ਦੀ ਪੂਰੀ ਸਮਾਗਮ ਦੌਰਾਨ ਚਰਚਾ ਰਹੀ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨ
- ਮੀਤ ਹੇਅਰ ਨੇ ਕਈ ਸਾਲਾਂ ਤੋਂ ਰੁਕੇ ਪੁਰਸਕਾਰ ਨੂੰ ਮੁੜ ਸ਼ੁਰੂ ਕਰਨ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ
- ਯੁਵਕ ਸੇਵਾਵਾਂ ਵਿਭਾਗ ਨੇ 30 ਨਵੰਬਰ ਤੱਕ ਨੌਜਵਾਨਾਂ ਤੋਂ ਬਿਨੈ ਪੱਤਰ ਮੰਗੇ: ਮੀਤ ਹੇਅਰ
- ਹਰ ਜ਼ਿਲੇ ਵਿੱਚੋਂ 2 ਅਤੇ ਕੁੱਲ 46 ਯੁਵਕਾਂ ਨੂੰ ਮਿਲੇਗਾ ਪੁਰਸਕਾਰ, ਹਰੇਕ ਨੌਜਵਾਨ ਨੂੰ 51 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ
- ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ 23 ਮਾਰਚ ਨੂੰ ਕੀਤਾ ਜਾਵੇਗਾ ਸਨਮਾਨਤ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਅਹਿਮ ਐਲਾਨ ਕਰਦਿਆਂ ਪਿਛਲੇ ਕਈ ਸਾਲਾਂ ਤੋਂ ਰੁਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨੂੰ ਮੁੜ ਸ਼ੁਰੂ ਦਾ ਫੈਸਲਾਕੀਤਾ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਯੁਵਕ ਸੇਵਾਵਾਂ ਵਿਭਾਗ ਨੇ ਪੁਰਸਕਾਰ ਲਈ ਸੂਬੇ ਦੇ ਨੌਜਵਾਨਾਂ ਤੋਂ ਬਿਨੈ ਪੱਤਰ ਮੰਗੇ ਹਨ।
ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਮੁੱਖ ਮੰਤਰੀ ਨੇ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਇਸ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸੂਬੇ ਦੇ ਵਿਕਾਸ ਵਿੱਚ ਹਿੱਸੇਦਾਰ ਬਣਾਉਣ ਅਤੇ ਉਨ੍ਹਾਂ ਨੂੰ ਸਸ਼ਕਤੀਕਰਨ ਲਈ ਕਈ ਸਾਲਾਂ ਤੋਂ ਰੁਕੇ ਇਸ ਪੁਰਸਕਾਰ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਸੂਬਾ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਨੂੰ ਅੱਗੇ ਲਿਜਾਣ ਅਤੇ ਨੌਜਵਾਨਾਂ ਨੂੰ ਸੂਬੇ ਦੀ ਅਗਵਾਈ ਲਈ ਤਿਆਰ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਦੇ ਸਿੱਟੇ ਵਜੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਪੁਰਸਕਾਰ ਲਈ ਯੋਗ ਨੌਜਵਾਨ ਯੁਵਕ ਸੇਵਾਵਾਂ ਵਿਭਾਗ ਕੋਲ 30 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ। ਇਸ ਤੋਂ ਬਾਅਦ ਵਿਭਾਗ ਇਨ੍ਹਾਂ ਦੀ ਪੜਚੋਲ ਕਰਕੇ ਸਭ ਤੋਂ ਕਾਬਲ ਅਤੇ ਸਰਵੋਤਮ ਮੈਰਿਟ ਵਾਲੇ ਹਰ ਜ਼ਿਲੇ ਵਿੱਚੋਂ 2 ਨੌਜਵਾਨਾਂ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦਰਮਿਆਨ ਹੋਵੇ, ਦੀ ਚੋਣ ਕੀਤੀ ਜਾਵੇਗੀ। ਸੂਬੇ ਵਿੱਚੋਂ ਕੁੱਲ 46 ਨੌਜਵਾਨਾਂ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ, ਇਕ ਮੈਡਲ, ਇਕ ਸਕਰੋਲ, ਇਕ ਬਲੇਜ਼ਰ ਅਤੇ ਇਕ ਸਰਟੀਫਿਕੇਟ ਨਾਲ ਸਨਮਾਨਤ ਕੀਤਾ ਜਾਵੇਗਾ। ਨੌਜਵਾਨਾਂ ਨੂੰ ਇਸ ਪੁਰਸਕਾਰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ 23 ਮਾਰਚ ਮੌਕੇ ਦਿੱਤੇ ਜਾਣਗੇ।
ਯੁਵਕ ਸੇਵਾਵਾਂ ਮੰਤਰੀ ਨੇ ਅੱਗੇ ਦੱਸਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦੀ ਸ਼ੁਰੂਆਤ 1985 ਵਿੱਚ ਕੀਤੀ ਗਈ ਸੀ ਪਰ ਇਹ ਐਵਾਰਡ ਕਈ ਸਾਲਾਂ ਤੋਂ ਨਹੀਂ ਦਿੱਤਾ ਗਿਆ। ਇਸ ਐਵਾਰਡ ਲਈ ਯੁਵਕ ਭਲਾਈ ਗਤੀਵਿਧੀਆਂ, ਐਨ.ਸੀ.ਸੀ., ਐਨ.ਐਸ.ਐਸ., ਸਮਾਜਿਕ ਸੇਵਾਵਾਂ, ਸੱਭਿਆਚਾਰ ਗਤੀਵਿਧੀਆਂ, ਖੇਡਾਂ, ਟਰੈਕਿੰਗ, ਰਾਸ਼ਟਰੀ ਏਕਤਾ, ਖੂਨਦਾਨ, ਨਸ਼ਿਆਂ ਵਿਰੁੱਧ ਜਾਗਰੂਕਤਾ, ਵਿਦਿਅਕ ਯੋਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਸ ਅਤੇ ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਵਿੱਚੋਂ ਉਨ੍ਹਾਂ ਦੀ ਮੈਰਿਟ ਅਨੁਸਾਰ ਚੋਣ ਕਰਕੇ ਇਹ ਐਵਾਰਡ ਦਿੱਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ