ਗਲੋਬਲ ਵਾਰਮਿੰਗ, ਗਲੇਸ਼ੀਅਰਾਂ ਦਾ ਪਿਘਲਣਾ ਤੇ ਪਾਕਿਸਤਾਨ ਦੇ ਹੜ੍ਹ!

ਗਲੋਬਲ ਵਾਰਮਿੰਗ, ਗਲੇਸ਼ੀਅਰਾਂ ਦਾ ਪਿਘਲਣਾ ਤੇ ਪਾਕਿਸਤਾਨ ਦੇ ਹੜ੍ਹ!

ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਇਸ ਵੇਲੇ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੇ ਭਿਆਨਕ ਹੜ੍ਹ ਸਦੀ ਵਿੱਚ ਇੱਕ-ਅੱਧ ਵਾਰ ਹੀ ਆਉਂਦੇ ਹਨ। ਉੱਥੋਂ ਦੀ ਵਾਤਾਵਰਨ ਮੰਤਰੀ ਸ਼ੈਰੀ ਰਹਿਮਾਨ ਨੇ ਦੱਸਿਆ ਹੈ ਕਿ ਇਨ੍ਹਾਂ ਹੜ੍ਹਾਂ ਕਾਰਨ ਪਾਕਿਸਤਾਨ ਦੀ ਇੱਕ-ਤਿਹਾਈ ਧਰਤੀ ਪਾਣੀ ਵਿੱਚ ਡੁੱਬ ਗਈ ਹੈ, 1000 ਤੋਂ ਵੱਧ ਲੋਕ ਮਾਰੇ ਗਏ ਹਨ, ਲੱਖਾਂ ਬੇਘਰ ਹੋ ਗਏ ਹਨ ਤੇ ਜਾਇਦਾਦ ਦਾ ਅਰਬਾਂ-ਖਰਬਾਂ ਦਾ ਨੁਕਸਾਨ ਹੋ ਚੁੱਕਾ ਹੈ।

ਕਈ ਦਿਨਾਂ ਤੱਕ ਹੋਈ ਇਸ ਭਿਆਨਕ ਬਾਰਸ਼ ਕਾਰਨ ਸਿੰਧ, ਕਾਬਲ ਤੇ ਸਵਾਤ ਦਰਿਆ ਸਮੇਤ ਪਾਕਿਸਤਾਨ ਦੀਆਂ ਜ਼ਿਆਦਾਤਰ ਨਦੀਆਂ ਸਮੁੰਦਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਪਾਣੀ ਦੇ ਰੂਪ ’ਚ ਆਈ ਇਸ ਆਫ਼ਤ ਕਾਰਨ ਸੂਬਾ ਪਖਤੂਨਵਾ (ਸੂਬਾ ਸਰਹੱਦ), ਸਿੰਧ ਅਤੇ ਬਲੋਚਿਸਤਾਨ ਬੁਰੀ ਤਰਾਂ ਬਰਬਾਦ ਹੋ ਚੁੱਕੇ ਹਨ। ਪਾਕਿਸਤਾਨ ਵਿੱਚ ਆਏ ਇਨ੍ਹਾਂ ਹੜ੍ਹਾਂ ਵਿੱਚ ਬਾਰਸ਼ ਤੋਂ ਇਲਾਵਾ ਤੇਜ਼ੀ ਨਾਲ ਪਿਘਲ ਰਹੇ ਗਲੇਸ਼ੀਅਰਾਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਪਾਕਿਸਤਾਨ ਵਿੱਚ 7253 ਗਲੇਸ਼ੀਅਰ ਹਨ ਜੋ ਉੱਤਰੀ ਅਤੇ ਦੱਖਣੀ ਧਰੁਵ ਤੋਂ ਬਾਅਦ ਸੰਸਾਰ ਦੇ ਸਭ ਦੇਸ਼ਾਂ ਨਾਲੋਂ ਵੱਧ ਹਨ।

ਭਾਰਤ ਅਤੇ ਪਾਕਿਸਤਾਨ ਵਿੱਚ ਇਸ ਸਾਲ ਮਈ ਤੇ ਜੂਨ ਵਿੱਚ ਬਹੁਤ ਸਖਤ ਗਰਮੀ ਪਈ ਸੀ ਜਿਸ ਕਾਰਨ ਹਿਮਾਲਿਆ ਦੇ ਇਹ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਲੱਗ ਪਏ ਸਨ। ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਉਪਰੋਕਤ ਦਰਿਆ ਇਸ ਪਾਣੀ ਨਾਲ ਨੱਕੋ-ਨੱਕ ਭਰ ਗਏ ਸਨ। ਜਦੋਂ ਬਾਰਸ਼ ਆਈ ਤਾਂ ਪਹਿਲਾਂ ਤੋਂ ਹੀ ਆਫਰੇ ਪਏ ਦਰਿਆ ਆਪਣੇ ਕਿਨਾਰੇ ਤੋੜ ਕੇ ਬਾਹਰ ਨਿੱਕਲ ਗਏ ਤੇ ਲੋਕਾਂ ਲਈ ਕਿਆਮਤ ਆ ਗਈ। ਪਖਤੂਨਵਾ ਸੂਬੇ ਦੀ ਚਿਤਰਾਲ ਵਾਦੀ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਜਿਸ ਦੇ ਨਜ਼ਦੀਕੀ ਪਰਬਤਾਂ ਵਿੱਚ 543 ਦੇ ਕਰੀਬ ਗਲੇਸ਼ੀਅਰ ਹਨ।

ਹਿਮਾਲਿਆ ਪਰਬਤ ਦੀ ਕੁੱਲ ਲੰਬਾਈ ਕਰੀਬ 3500 ਕਿ. ਮੀ. ਹੈ ਤੇ ਇਹ ਅਫਗਾਨਿਸਤਾਨ, ਪਾਕਿਸਤਾਨ, ਚੀਨ, ਨੇਪਾਲ, ਭੁਟਾਨ, ਮਿਆਂਮਾਰ ਅਤੇ ਭਾਰਤ ਦੇ ਵਿਸ਼ਾਲ ਇਲਾਕੇ ਵਿੱਚ ਫੈਲੇ ਹੋਏ ਹਨ। ਭਾਰਤ ਵਿੱਚ ਵੀ 7000 ਦੇ ਕਰੀਬ ਗਲੇਸ਼ੀਅਰ ਹਨ, ਜਿਨ੍ਹਾਂ ਦੇ ਗਲੋਬਲ ਵਾਰਮਿੰਗ ਕਾਰਨ ਪਿਘਲਣ ਨਾਲ ਬਿਆਸ, ਸਤਲੁਜ, ਗੰਗਾ ਅਤੇ ਬ੍ਰਹਮਪੁੱਤਰ ਦੇ ਪਾਣੀ ਵਿੱਚ ਵਰਨਣਯੋਗ ਵਾਧਾ ਦਰਜ਼ ਕੀਤਾ ਗਿਆ ਹੈ। ਇਸ ਕਾਰਨ ਹੀ ਸੰਨ 2021 ਵਿੱਚ ਉੱਤਰਾਖੰਡ ਦੇ ਚਮੋਲੀ ਜਿਲ੍ਹੇ ਵਿੱਚ ਇੱਕ ਗਲੇਸ਼ੀਅਰ ਝੀਲ ਦੇ ਟੁੱਟਣ ਕਰਕੇ 200 ਦੇ ਕਰੀਬ ਬੰਦੇ ਮਾਰੇ ਗਏ ਸਨ।

ਹਿਮਾਲਿਆ ਪਰਬਤਾਂ ਦਾ ਕਰੀਬ 42000 ਸੁਕੇਅਰ ਕਿ. ਮੀ. ਇਲਾਕਾ ਗਲੇਸ਼ੀਅਰਾਂ ਹੇਠ ਹੈ ਜਿਸ ਵਿੱਚੋਂ 25000 ਸੁਕੇਅਰ ਕਿ. ਮੀ. ਭਾਰਤ ਵਿੱਚ ਹੈ। ਹਿਮਾਲਿਆ ਪਰਬਤ ਉੱਤਰੀ ਅਤੇ ਦਖਣੀ ਧਰੁਵਾਂ ਤੋਂ ਬਾਅਦ ਸੰਸਾਰ ਦਾ ਸਭ ਤੋਂ ਵੱਡਾ ਬਰਫ ਜਮਾਊ ਖੇਤਰ ਹੈ। ਗਲੋਬਲ ਵਾਰਮਿੰਗ ਨਾਲ ਇਹ ਬਰਫ ਤੇਜ਼ੀ ਨਾਲ ਪਿਘਲਣੀ ਸ਼ੁਰੂ ਹੋ ਗਈ ਹੈ। ਇਸ ਨਾਲ ਭਵਿੱਖ ਵਿੱਚ ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਨੂੰ ਬੇਮੌਸਮੇ ਹੜ੍ਹਾਂ ਦੇ ਬਹੁਤ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਲੋਬਲ ਵਾਰਮਿੰਗ ਕਾਰਨ ਮੌਸਮ ਦਾ ਮਿਜ਼ਾਜ਼ ਲਗਾਤਾਰ ਬਦਲ ਰਿਹਾ ਹੈ। ਅਜਿਹੇ ਇਲਾਕਿਆਂ ਵਿੱਚ ਜ਼ਿਆਦਾ ਬਾਰਸ਼ ਹੋ ਰਹੀ ਹੈ, ਜਿੱਥੇ ਪਹਿਲਾਂ ਘੱਟ ਜਾਂ ਨਾਂਹ ਦੇ ਬਰਾਬਰ ਹੁੰਦੀ ਸੀ। ਜਿਵੇਂ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਬਜਾਏ ਰਾਜਸਥਾਨ ਵਿੱਚ ਜ਼ਿਆਦਾ ਬਾਰਸ਼ਾਂ ਹੋ ਰਹੀਆਂ ਹਨ।

ਭਾਰਤ ਦੇ ਵਾਤਾਵਰਨ ਮੰਤਰਾਲੇ ਵੱਲੋਂ 2020 ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਿਕ ਹਿਮਾਲਿਆ ਪਰਬਤੀ ਖੇਤਰ ਦਾ ਤਾਪਮਾਨ ਮੈਦਾਨੀ ਖੇਤਰ ਦੇ ਮੁਕਾਬਲੇ ਦੁੱਗਣੀ ਤੇਜ਼ੀ ਨਾਲ ਵਧ ਰਿਹਾ ਹੈ। ਹਿਮਾਲਿਆ ਖੇਤਰ ਦਾ ਔਸਤ ਤਾਪਮਾਨ 1951 ਤੋਂ 2019 ਤੱਕ 1.3 ਡਿਗਰੀ ਸੈਲਸੀਅਸ ਵਧਿਆ ਹੈ ਜਦੋਂਕਿ ਭਾਰਤ ਦੇ ਮੈਦਾਨੀ ਖੇਤਰ ਦਾ ਔਸਤ ਤਾਪਮਾਨ ਇਸ ਹੀ ਸਮੇਂ ਦੌਰਾਨ 0.7 ਡਿਗਰੀ ਵਧਿਆ ਹੈ।

ਇਸ ਵਾਧੇ ਕਾਰਨ ਹਿਮਾਲਿਆ ਦੇ ਕਈ ਖੇਤਰਾਂ ਵਿੱਚ ਬਰਫਬਾਰੀ ਘਟ ਗਈ ਹੈ ਤੇ ਗਲੇਸ਼ੀਅਰ ਸੁੰਗੜਦੇ ਜਾ ਰਹੇ ਹਨ। ਇੱਕ ਅਨੁਮਾਨ ਮੁਤਾਬਕ 21ਵੀਂ ਸਦੀ ਦੇ ਅੰਤ ਤੱਕ ਹਿਮਾਲਿਆ ਖੇਤਰ ਦਾ ਔਸਤ ਤਾਪਮਾਨ ਹੁਣ ਨਾਲੋਂ 5.2 ਡਿਗਰੀ ਜ਼ਿਆਦਾ ਵਧ ਜਾਵੇਗਾ। ਇਸ ਨਾਲ ਪਹਿਲਾਂ ਤਾਂ ਉੱਤਰੀ ਭਾਰਤ ਦੇ ਜ਼ਿਆਦਾਤਰ ਦਰਿਆਵਾਂ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਵੇਗੀ ਤੇ ਬਾਅਦ ਵਿੱਚ ਗਲੇਸ਼ੀਅਰਾਂ ਦੀ ਅਣਹੋਂਦ ਕਾਰਨ ਇਹ ਦੱਖਣੀ ਭਾਰਤ ਦੇ ਦਰਿਆਵਾਂ ਵਾਂਗ ਬਰਸਾਤੀ ਨਦੀਆਂ ਬਣ ਕੇ ਰਹਿ ਜਾਣਗੇ। ਇਸ ਕਾਰਨ ਖੇਤੀਬਾੜੀ ਤੇ ਉਦਯੋਗ ਤਬਾਹੀ ਦੇ ਕਿਨਾਰੇ ’ਤੇ ਪਹੁੰਚ ਜਾਣਗੇ।

ਹਿਮਾਲਿਆ ਦੇ ਗਲੇਸ਼ੀਅਰ ਹਰ ਸਾਲ ਦਰਿਆਵਾਂ ਨੂੰ 86 ਲੱਖ ਘਣ ਮੀਟਰ ਪਾਣੀ ਮੁਹੱਈਆ ਕਰਦੇ ਹਨ। ਪਰ ਗਲੋਬਲ ਵਾਰਮਿੰਗ ਕਾਰਨ ਉਨ੍ਹਾਂ ਦੀ ਸਮਰੱਥਾ ਦਿਨੋ-ਦਿਨ ਘਟਦੀ ਜਾ ਰਹੀ ਹੈ। ਇਸਰੋ ਦੀ ਇੱਕ ਰਿਪੋਰਟ ਮੁਤਾਬਕ 2001 ਤੋਂ ਲੈ ਕੇ 2016 ਤੱਕ, ਸਿਰਫ 15 ਸਾਲਾਂ ਵਿੱਚ ਗੰਗਾ ਨਦੀ ਦਾ ਉਦਗਮ ਸਥਲ ਗੰਗੋਤਰੀ ਗਲੇਸ਼ੀਅਰ ਕਰੀਬ .23 ਸੁਕੇਅਰ ਕਿ.ਮੀ. ਸੁੰਗੜ ਗਿਆ ਹੈ। 2016 ਤੋਂ ਬਾਅਦ ਇਹ ਰਫਤਾਰ ਹੋਰ ਵੀ ਤੇਜ਼ ਹੋ ਗਈ ਹੈ।

ਇਸੇ ਤਰ੍ਹਾਂ ਮਾਊਂਟ ਐਵਰੈਸਟ ਦੇ ਖੇਤਰ ਦੇ ਗਲੇਸ਼ੀਅਰ ਵੀ ਖਤਰਨਾਕ ਹੱਦ ਤੱਕ ਸੁੰਗੜ ਗਏ ਹਨ। ਵਾਤਾਵਰਨ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਕ ਪਿਛਲੇ 40 ਸਾਲਾਂ ਵਿੱਚ ਹਿਮਾਲਿਆ ਦੇ ਗਲੇਸ਼ੀਅਰ ਆਪਣਾ 13% ਭਾਗ ਗਵਾ ਚੁੱਕੇ ਹਨ। ਇਸ ਸਦੀ ਦੇ ਅੰਤ ਤੱਕ ਹਿਮਾਲਿਆ ਪਰਬਤਾਂ ਦੇ 2.6 ਤੋਂ 4.6 ਡਿਗਰੀ ਸੈਲਸੀਅਸ ਤੱਕ ਹੋਰ ਗਰਮ ਹੋ ਜਾਣ ਦਾ ਖਤਰਾ ਹੈ ਜੋ ਵਾਤਾਵਰਨ ਅਤੇ ਖੇਤੀਬਾੜੀ ’ਤੇ ਸਖਤ ਮਾਰੂ ਪ੍ਰਭਾਵ ਪਾਉਣਗੇ। ਪਾਕਿਸਤਾਨ ਵਿੱਚ ਜੋ ਕੁਝ ਹੋਇਆ ਹੈ, ਉਹ ਇਸ ਆਉਣ ਵਾਲੀ ਪਰਲੋ ਦਾ ਇੱਕ ਛੋਟਾ ਜਿਹਾ ਨਮੂਨਾ ਹੈ।

ਇਸ ਗਲੋਬਲ ਵਾਰਮਿੰਗ ਤੇ ਵਾਤਾਵਰਨ ਤਬਦੀਲੀ ਦੇ ਸਭ ਤੋਂ ਮਾਰੂ ਪ੍ਰਭਾਵ ਭਾਰਤ ਅਤੇ ਪਾਕਿਸਤਾਨ ’ਤੇ ਪੈਣੇ ਹਨ। ਪਰ ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਇਸ ਮੁਸੀਬਤ ਵੱਲ ਕੋਈ ਧਿਆਨ ਨਹੀਂ ਹੈ। ਪਾਕਿਸਤਾਨ ਜਦੋਂ ਦਾ ਬਣਿਆ ਹੈ, ਰਾਜਨੀਤਕ ਅਸਥਿਰਤਾ ਦਾ ਸ਼ਿਕਾਰ ਹੈ। ਇੱਕ-ਅੱਧੇ ਨੂੰ ਛੱਡ ਕੇ ਕੋਈ ਵੀ ਪ੍ਰਧਾਨ ਮੰਤਰੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ। ਇਸ ਅਸਫਲ ਦੇਸ਼ ਦੇ ਨੇਤਾਵਾਂ ਕੋਲ ਗਲੋਬਲ ਵਾਰਮਿੰਗ ਵਰਗੇ ਵਿਸ਼ੇ ’ਤੇ ਸੋਚਣ ਦਾ ਵਿਹਲ ਹੀ ਨਹੀਂ ਹੈ।

ਅਜਿਹਾ ਹੀ ਹਾਲ ਭਾਰਤ ਦਾ ਵੀ ਹੈ। ਇੱਥੇ ਵੀ ਗਲੋਬਲ ਵਾਰਮਿੰਗ ਵੱਲ ਸਾਡਾ ਬਿਲਕੁਲ ਵੀ ਧਿਆਨ ਨਹੀਂ ਹੈ। ਕਰੋੜਾਂ ਫੈਕਟਰੀਆਂ, ਗੱਡੀਆਂ ਅਤੇ ਖੇਤੀਬਾੜੀ ਦੀ ਰਹਿੰਦ-ਖੂੰਹਦ ਦੇ ਧੂੰਏਂ ਰਾਹੀਂ ਬਿਨਾਂ ਕਿਸੇ ਡਰ-ਭੈਅ ਦੇ ਰੋਜ਼ਾਨਾ ਕਰੋੜਾਂ ਟਨ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਵਿੱਚ ਮਿਲਾਈਆਂ ਜਾ ਰਹੀਆਂ ਹਨ।

2019 ਵਿੱਚ ਹੋਏ ਇੱਕ ਸਰਵੇ ਮੁਤਾਬਕ ਦੁਨੀਆਂ ਦੇ 30 ਸਭ ਤੋਂ ਗੰਦੀ ਹਵਾ ਵਾਲੇ ਸ਼ਹਿਰਾਂ ਵਿੱਚੋਂ 21 ਭਾਰਤ ਵਿੱਚ ਹਨ। ਕਿਸੇ ਵੀ ਦੇਸ਼ ਦੇ ਜੰਗਲ ਉਸ ਦੇ ਫੇਫੜੇ ਮੰਨੇ ਜਾਂਦੇ ਹਨ। ਅਸੀਂ ਨਵੇਂ ਜੰਗਲ ਲਾਉਣੇ ਤਾਂ ਕੀ ਸਨ, ਵਿਕਾਸ ਦੇ ਨਾਂਅ ’ਤੇ ਪੁਰਾਣੇ ਵੀ ਨਸ਼ਟ ਕਰ ਦਿੱਤੇ ਹਨ। ਹਿਮਾਲਿਆ ਪਰਬਤਾਂ ਨੂੰ ਹਰੇ ਜੰਗਲਾਂ ਦੀ ਬਜਾਏ ਕੰਕਰੀਟ ਦੇ ਜੰਗਲ ਵਿੱਚ ਬਦਲ ਦਿੱਤਾ ਹੈ। ਸ਼ਿਮਲੇ ਵਰਗੇ ਜਿਹੜੇ ਹਿਲ ਸਟੇਸ਼ਨ 20-22 ਸਾਲ ਪਹਿਲਾਂ ਤੱਕ ਹਰੇ-ਭਰੇ ਸਨ, ਉੱਥੇ ਹੁਣ ਸਾਰੇ ਪਾਸੇ ਬਹੁ ਮੰਜ਼ਿਲਾ ਫਲੈਟ ਦਿਖਾਈ ਦਿੰਦੇ ਹਨ। ਰੋਹਤਾਂਗ ਦਰੇ ਵਰਗੇ ਅਨੇਕਾਂ ਦਰਸ਼ਨੀ ਸਥਾਨਾਂ ਤੋਂ ਬਰਫ ਸਦਾ ਲਈ ਗਾਇਬ ਹੋ ਚੁੱਕੀ ਹੈ।

ਹੁਣ ਕੁਦਰਤ ਵੀ ਬਦਲਾ ਲੈਣ ’ਤੇ ਉਤਾਰੂ ਹੋ ਗਈ ਹੈ। ਹਿਮਾਲਿਆ ਪਰਬਤਾਂ ’ਤੇ ਭਿ੍ਰਸ਼ਟਾਚਾਰ ਕਾਰਨ ਅੰਨੇ੍ਹਵਾਹ ਹੋ ਰਹੇ ਸ਼ਹਿਰੀਕਰਨ ਨਾਲ ਪਹਾੜ ਅਸਥਿਰ ਹੋ ਗਏ ਹਨ। ਹਰ ਸਾਲ ਪਹਾੜ ਖਿਸਕਣ, ਬੱਦਲ ਫਟਣ ਤੇ ਅਚਾਨਕ ਆਉਣ ਵਾਲੇ ਹੜ੍ਹਾਂ ਵਿੱਚ ਬੇਹਿਸਾਬ ਵਾਧਾ ਹੋ ਰਿਹਾ ਹੈ। ਨੈਨੀਤਾਲ ਸ਼ਹਿਰ ਦਾ ਇੱਕ ਵੱਡਾ ਹਿੱਸਾ ਪਹਾੜ ਖਿਸਕਣ ਨਾਲ ਤਬਾਹ ਹੋ ਚੁੱਕਾ ਹੈ ਤੇ ਨਵੇਂ ਇਲਾਕਿਆਂ ਲਈ ਖਤਰਾ ਪੈਦਾ ਹੋ ਗਿਆ ਹੈ। ਕੰਕਰੀਟ ਦਾ ਬੇਹਿਸਾਬ ਭਾਰ ਪੈਣ ਕਾਰਨ ਬਲੀਆਨਾਲਾ, ਚਾਈਨਾ ਟਾਪ, ਟਿਫਿਨ ਟਾਪ ਤੇ ਨੈਨਾ ਟਾਪ ਪਹਾੜਾਂ ਵਿੱਚ ਵੱਡੇ-ਵੱਡੇ ਪਾੜ ਪੈ ਗਏ ਹਨ ਤੇ ਇਹ ਕਿਸੇ ਵੇਲੇ ਵੀ ਢਹਿ ਕੇ ਨੈਨੀਤਾਲ ਦੇ ਵੱਡੇ ਹਿੱਸੇ ਨੂੰ ਗਰਕ ਕਰ ਸਕਦੇ ਹਨ। ਇਹੀ ਹਾਲ ਹੋਰ ਪਹਾੜੀ ਸ਼ਹਿਰਾਂ ਦਾ ਹੈ।

ਭਾਰਤ ਨੂੰ ਇਸ ਵੇਲੇ ਚੋਣ ਰਾਜਨੀਤੀ ਵਾਸਤੇ ਜਾਤੀਵਾਦ ਅਤੇ ਧਾਰਮਿਕ ਫਿਰਕਾਪ੍ਰਸਤੀ ਵਾਲੀਆਂ ਨੀਤੀਆਂ ਛੱਡ ਕੇ ਇਸ ਆ ਰਹੀ ਅਟੱਲ ਮੁਸੀਬਤ ਵੱਲ ਧਿਆਨ ਦੇਣਾ ਚਾਹੀਦਾ ਹੈ। ਟੀ. ਵੀ. ਚੈਨਲਾਂ ਨੂੰ ਵੀ ਚਾਹੀਦਾ ਹੈ ਕਿ ਉਹ ਟੀ. ਆਰ. ਪੀ. ਵਧਾਉਣ ਲਈ 24 ਘੰਟੇ ਬਹਿਸਾਂ ਵਾਲੇ ਪ੍ਰੋਗਰਾਮ ਵਿਖਾਉਣ ਦੀ ਬਜਾਏ ਸਰਕਾਰ ਦਾ ਧਿਆਨ ਇਸ ਨਾਜ਼ੁਕ ਮੁੱਦੇ ਵੱਲ ਦਿਵਾਉਣ। ਕਿਉਂਕਿ ਜੇ ਅਸੀਂ ਬਿੱਲੀ ਵੇਖ ਕੇ ਕਬੂਤਰ ਵਾਂਗ ਅੱਖਾਂ ਮੀਟ ਛੱਡੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਹੋਰ ਵੀ ਜ਼ਿਆਦਾ ਭੁੱਖਮਰੀ, ਗਰੀਬੀ ਅਤੇ ਬੇਰੁਜ਼ਗਾਰੀ ਵਰਗੀਆਂ ਭਿਆਨਕ ਮੁਸੀਬਤਾਂ ਵਿੱਚ ਘਿਰ ਜਾਵੇਗਾ।
ਪੰਡੋਰੀ ਸਿੱਧਵਾਂ , ਮੋ. 95011-00062

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ