ਛੋਟੀਆਂ-ਛੋਟੀਆਂ ਚੀਜ਼ਾਂ ’ਚ ਵੀ ਹੁੰਦੈ ਸਕੂਨ ਦਾ ਅਹਿਸਾਸ

ਛੋਟੀਆਂ-ਛੋਟੀਆਂ ਚੀਜ਼ਾਂ ’ਚ ਵੀ ਹੁੰਦੈ ਸਕੂਨ ਦਾ ਅਹਿਸਾਸ

ਆਪਣੇ ਘਰ-ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਮਨੁੱਖ ਬੜੇ ਉਪਰਾਲੇ ਕਰਦਾ ਹੈ। ਦਿਨ-ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਦੀਆਂ ਬੁਨਿਆਦੀ ਲੋੜਾਂ ਅਤੇ ਖੁਦ ਲਈ ਸਿਰਜੇ ਸੁਪਨਿਆਂ ਦੀ ਪੂਰਤੀ ਦੀ ਤਾਂਘ ਆਦਮੀ ਨੂੰ ਚੈਨ ਨਾਲ ਬੈਠਣ ਤੋਂ ਇਨਕਾਰਦੀ ਹੈ। ਦੌਲਤ, ਸ਼ੋਹਰਤ ਨਾਲ ਲਬਰੇਜ਼ ਲੋਕਾਂ ਦਾ ਮਾਨਸਿਕ ਸ਼ਾਂਤੀ ਤੋਂ ਸੱਖਣਾ ਮਿਲਣਾ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਅਨੰਦ ਕੋਈ ਪਦਾਰਥਾਂ ਦਾ ਮੁਥਾਜ ਨਹੀਂ ਹੈ ਬਲਕਿ ਇਹ ਤਾਂ ਮਨ ਦੀ ਉਹ ਉੱਚੀ ਅਵਸਥਾ ਹੈ ਜਿਸ ਦੀ ਪ੍ਰਾਪਤੀ ਹਿੱਤ ਸਾਧਕ ਸਾਧਨਾਵਾਂ ਕਰਦੇ ਹਨ।

ਇਸ ਸੰਸਾਰ ’ਚ ਪਰ੍ਹੇ ਤੋਂ ਪਰ੍ਹੇ ਲੋਕ ਮਿਲਦੇ ਹਨ ਪਰ ਕਈ ਸੀਮਤ ਸਾਧਨਾਂ ਨਾਲ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੇ ਨਾਲ ਆਪਣੀ ਕਮਾਈ ਦਾ ਕੁਝ ਹਿੱਸਾ ਲੋੜਵੰਦਾਂ ਨਾਲ ਸਾਂਝਾ ਕਰਦੇ ਹਨ ਜੋ ਉਨ੍ਹਾਂ ਦੀ ਮਾਨਸਿਕ ਸ਼ਾਂਤੀ ਦਾ ਸਬੱਬ ਹੋ ਨਿੱਬੜਦਾ ਹੈ ਅਤੇ ਸਕੂਨ ਦਾ ਅਹਿਸਾਸ ਦਿਵਾੳਂੁਦਾ ਹੈ।

ਗੱਲ ਸੰਨ 2017 ਦੀ ਹੈ। ਮੈਂ ਹੋਸਟਲ ਤੋਂ ਘਰ ਗਿਆ ਹੋਇਆ ਸੀ। ਸ਼ਾਮ ਦਾ ਸਮਾਂ ਸੀ, ਸਬਜ਼ੀ ਕੱਟ ਰਹੀ ਆਪਣੀ ਮਾਂ ਕੋਲ ਬੈਠਾ, ਮੈਂ ਚਾਹ ਪੀ ਰਿਹਾ ਸੀ ਅਤੇ ਮਾਂ ਨੂੰ ਆਪਣੇ ਕਾਲਜ ’ਚ ਹੋਏ ਸਾਲਾਨਾ ਜਲਸੇ ਬਾਰੇ ਦੱਸ ਰਿਹਾ ਸੀ। ਮੇਰੀ ਕਹਾਣੀ ‘ਚੀਖ’ ’ਤੇ ਅਧਾਰਿਤ ਖੇਡੇ ਗਏ ਨਾਟਕ ਦੀ ਵੀਡੀਓਗ੍ਰਾਫ਼ੀ ਦਿਖਾ ਕੇ ਆਪਣੇ ਦੁਆਰਾ ਨਿਭਾਏ ਪਿਤਾ ਦੇ ਕਿਰਦਾਰ ਬਾਰੇ ਚਰਚਾ ਕਰ ਰਿਹਾ ਸੀ। ਨਾਟਕ ਦੇਖ ਮਾਂ ਦੀਆਂ ਅੱਖਾਂ ਛਲਕਣ ਲਈ ਉਤਾਵਲੀਆਂ ਸਨ ਤੇ ਮਮਤਾ ਵਾਲਾ ਹੱਥ ਮੇਰੇ ਸਿਰ ’ਤੇ ਆਪ-ਮੁਹਾਰੇ ਫਿਰ ਰਿਹਾ ਸੀ।

ਅਸੀਸਾਂ ਦੀ ਝੜੀ ਅਤੇ ‘ਪੁੱਤ ਸਾਨੂੰ ਮਾਣ ਆ ਤੇਰੇ ’ਤੇ’ ਇਨ੍ਹਾਂ ਲਫ਼ਜ਼ਾਂ ਨੇ ਮੇਰੇ ਅੰਦਰ ਸਕੂਨ ਦਾ ਦਰਿਆ ਵਗਾ ਦਿੱਤਾ ਸੀ ਤੇ ਉਨ੍ਹਾਂ ਮੈਨੂੰ ਕਲਾਵੇ ’ਚ ਲੈ ਲਿਆ ਸੀ। ਇਸੇ ਦੌਰਾਨ ਮੇਰਾ ਮੋਬਾਇਲ ਫ਼ੋਨ ਖੜਕਿਆ, ਦੇਖਿਆ ਤਾਂ ਇੱਕ ਪੰਜਾਬੀ ਅਖ਼ਬਾਰ ਦੇ ਉਪ ਸੰਪਾਦਕ ਦਾ ਫ਼ੋਨ ਸੀ। ਰਾਜ਼ੀ-ਖੁਸ਼ੀ ਪੁੱਛਣ ਤੋਂ ਬਾਅਦ ਉਨ੍ਹਾਂ ਕਿਹਾ, ‘‘ਤੁਹਾਡਾ ਮਾਣਭੱਤਾ ਤੁਹਾਡੇ ਬੈਂਕ ਖਾਤੇ ’ਚ ਜਮ੍ਹਾ ਕਰਵਾ ਦਿੱਤਾ ਹੈ, ਭਵਿੱਖ ’ਚ ਵੀ ਸਾਡੇ ਅਦਾਰੇ ਨਾਲ ਜੁੜੇ ਰਹਿਣ ਦੀ ਆਸ ਕਰਦਾ ਹਾਂ।’’ ਇਹ ਆਖ ਉਨ੍ਹਾਂ ਫੋਨ ਕੱਟ ਦਿੱਤਾ ਸੀ। ਦੋ ਦਿਨ ਪਹਿਲਾਂ ਵੀ ਇੱਕ ਹੋਰ ਨਾਮੀ ਅਖ਼ਬਾਰ ਅਦਾਰੇ ਨੇ ਵੀ ਮੇਰਾ ਮਾਣ ਭੱਤਾ ਮੇਰੇ ਬੈਂਕ ਖਾਤੇ ’ਚ ਜਮ੍ਹਾ ਕਰਵਾਇਆ ਸੀ।

ਤਿਆਰ ਹੋ ਕੇ ਮੈਂ ਮੋਟਰਸਾਈਕਲ ਘਰੋਂ ਬਾਹਰ ਕੱਢਿਆ ਤੇ ਨੇੜਲੇ ਪਿੰਡ ਰਹਿੰਦੇ ਆਪਣੇ ਦੋਸਤ ਨੂੰ ਮਿਲਣ ਦੀ ਤਿਆਰੀ ਕੀਤੀ ਤੇ ਮਨ ’ਚ ਖਿਆਲ ਆਇਆ ਕਿ ਪਹਿਲਾਂ ਉਸਨੂੰ ਫ਼ੋਨ ਕਰਕੇ ਪੁੱਛ ਲਵਾਂ ਕਿ ਉਹ ਘਰ ਹੈ ਜਾਂ ਨਹੀਂ। ਮੋਬਾਇਲ ਫ਼ੋਨ ਕੱਢ ਕੇ ਉਸਨੂੰ ਕਾਲ ਕੀਤੀ, ਰਸਮੀ ਹਾਲ-ਚਾਲ ਪੁੱਛਣ ਤੋਂ ਬਾਅਦ ਮੈਂ ਉਸਨੂੰ ਕਿਹਾ, ‘‘ਮੈਂ ਘਰ ਛੁੱਟੀ ਆਇਆ ਹੋਇਆ ਹਾਂ, ਬੱਸ ਆ ਰਿਹਾ ਹਾਂ ਤੇਰੇ ਘਰ।’’ ਇਸੇ ਦੌਰਾਨ ਇੱਕ ਫ਼ੋਨ ਉਸੇ ਕਾਲ ਵਿਚਕਾਰ ਆ ਰਿਹਾ ਸੀ ਦੋਸਤ ਨਾਲ ਗੱਲ ਕਰਨ ਤੋਂ ਬਾਅਦ ਉਸ ਅਣਜਾਣ ਨੰਬਰ ’ਤੇ ਫ਼ੋਨ ਕੀਤਾ, ਸਤਿ ਸ੍ਰੀ ਅਕਾਲ ਨਾਲ ਮੁਖਾਤਿਬ ਹੁੰਦੇ ਹੋਏ ਉਸ ਨੇ ਆਪਣਾ ਨਾਂਅ ਦੱਸਿਆ ਤੇ ਕਿਹਾ, ‘‘ਵੀਰ ਜੀ ਸਕੂਲ ’ਚ ਤੁਹਾਡੇ ਤੋਂ ਮੈਂ ਦੋ ਸਾਲ ਜੂਨੀਅਰ ਸੀ।

ਦੋ ਕੁ ਮਹੀਨੇ ਪਹਿਲਾਂ ਮੈਂ ਤੁਹਾਡਾ ਲੇਖ ਪੜ੍ਹ ਕੇ ਫ਼ੋਨ ਵੀ ਕੀਤਾ ਸੀ, ਤੇ ਦੱਸਿਆ ਸੀ ਕਿ ਮੈਂ ਬੀਐੱਡ ਕਰ ਰਿਹਾ ਹਾਂ।’’ ਦਿਮਾਗ਼ ’ਤੇ ਥੋੜ੍ਹਾ ਜ਼ੋਰ ਪਾਉਣ ’ਤੇ ਮੈਨੂੰ ਯਾਦ ਆਇਆ ਤਾਂ ਮੈਂ ਕਿਹਾ, ‘‘ਹਾਂ-ਹਾਂ ਵੀਰ ਮੈਨੂੰ ਯਾਦ ਹੈ। ਹੋਰ ਦੱਸ ਕਿਵੇਂ ਘਰ-ਪਰਿਵਾਰ ਠੀਕ ਹੈ ਤੇ ਪੜ੍ਹਾਈ ਕਿਵੇਂ ਚੱਲ ਰਹੀ ਹੈ?’’ ਉਹ ਮੱਧਮ ਜਿਹੀ ਆਵਾਜ਼ ’ਚ ਬੋਲਿਆ, ‘‘ਵੀਰ ਜੀ ਬਾਕੀ ਤਾਂ ਸਭ ਕੁਝ ਠੀਕ ਹੈ ਪਰ ਪੜ੍ਹਾਈ ਲਈ ਫ਼ੀਸ ਦਾ ਜੁਗਾੜ ਨਹੀਂ ਹੋ ਰਿਹਾ ਕਿਤੋਂ ਜੇ ਤੁਸੀ ਥੋੜ੍ਹੀ-ਬਹੁਤ ਮੱਦਦ ਕਰ ਦਿੰਦੇ…!’’ ਇਹ ਸੁਣ ਕੇ ਇੱਕ ਵਾਰ ਤਾਂ ਦਿਲ ਕੀਤਾ ਸੀ ਕਿ ਇਸਨੂੰ ਦੱਸ ਦਿਆਂ ਕਿ ਛੋਟੇ ਵੀਰ ਮੇਰੇ ਮਾਪੇ ਵੀ ਮੇਰੇ ਕੋਰਸ ਦੀ ਫ਼ੀਸ ਦਾ ਜੁਗਾੜ ਬੜੀ ਮੁਸ਼ਕਲ ਨਾਲ ਕਰਦੇ ਹਨ, ਫਿਰ ਮੈਂ ਤੇਰੀ ਮੱਦਦ ਕਿਸ ਤਰਾਂ…!

ਉਸ ਦੀ ਉਦਾਸੀ ਨੇ ਮੇਰੀ ਜ਼ਮੀਰ ਨੂੰ ਹਲੂਣਿਆ ਤੇ ਮੈਂ ਕਿਹਾ, ‘‘ਛੋਟੇ ਵੀਰ ਜਿਆਦਾ ਤਾਂ ਨਹੀਂ ਥੋੜ੍ਹੀ-ਬਹੁਤ ਮੱਦਦ ਮੈਂ ਜ਼ਰੂਰ ਕਰ ਸਕਦਾ ਹਾਂ। ਹੁਣ ਕਿੰਨੇ ਪੈਸੇ ਚਾਹੀਦੇ ਹਨ?’’ ‘‘ਵੀਰ ਜੀ ਪੰਜ ਹਜ਼ਾਰ ਰੁਪਏ ਘਟਦੇ ਹਨ।’’ ਮੈਂ ਉਸਨੂੰ ਕਿਹਾ, ‘‘ਤੂੰ ਫਿਕਰ ਨਾ ਕਰ, ਕਰਦਾ ਮੈਂ ਕੋਈ ਹੱਲ।’’ ਇਹ ਆਖ ਮੈਂ ਫ਼ੋਨ ਕੱਟ ਦਿੱਤਾ ਤੇ ਦੋਸਤ ਨੂੰ ਦੁਬਾਰਾ ਫ਼ੋਨ ਕਰਕੇ ਪੁੱਛਿਆ ਕਿ ਉਹ ਜਿਆਦਾ ਵਿਅਸਤ ਤਾਂ ਨਹੀਂ, ਉਸ ਨੇ ਕਿਹਾ, ਘਰ ਵਿਹਲਾ ਹੀ ਹਾਂ ਤੇ ਉਸ ਮੁੰਡੇ ਬਾਰੇ ਦੱਸਿਆ ਜੋ ਉਸਦੇ ਪਿੰਡ ਤੋਂ ਹੀ ਹੈ। ਉਸਦੇ ਘਰ ਪਹੁੰਚ ਕੇ ਪਹਿਲਾਂ ਉਸ ਮੁੰਡੇ ਬਾਰੇ ਪੁੱਛਿਆ ਤਾਂ ਦੋਸਤ ਨੇ ਕਿਹਾ ਉਹ ਮੁੰਡਾ ਬਹੁਤ ਲਾਇਕ ਹੈ ਤੇ ਪੜ੍ਹਨ ਵਾਲਾ ਹੈ।

ਮੈਂ ਕਿਹਾ, ‘‘ਉਸਨੂੰ ਫ਼ੀਸ ਲਈ ਪੰਜ ਹਜ਼ਾਰ ਰੁਪਏ ਚਾਹੀਦੇ ਹਨ, ਚਾਰ ਹਜ਼ਾਰ ਮੇਰੇ ਖਾਤੇ ’ਚ ਹੈ ਜਿਸ ਵਿੱਚੋਂ ਦੋ ਹਜ਼ਾਰ ਅਖਬਾਰ ਵਾਲਿਆਂ ਨੇ ਹੀ ਭੇਜੇ ਹਨ ਤੇ ਇੱਕ ਹਜ਼ਾਰ ਦਾ ਤੂੰ ਹੀਲਾ ਕਰ।’’ ਦੋਸਤ ਨੇ ਕਿਹਾ, ‘‘ਕੋਈ ਨਾ ਮੈਂ ਇੱਕ ਹਜ਼ਾਰ ਦੇ ਦੇਵਾਂਗਾ।’’ ਉਸੇ ਵੇਲੇ ਇੱਕ ਹਜ਼ਾਰ ਰੁਪਏ ਦੋਸਤ ਨੇ ਆਪਣੀ ਘਰਵਾਲੀ ਤੋਂ ਫੜੇ ਤੇ ਅਸੀਂ ਦੋਵੇਂ ਏਟੀਅੱੈਮ ਗਏ ਤੇ ਚਾਰ ਹਜ਼ਾਰ ਰੁਪਏ ਮੇਰੇ ਖ਼ਾਤੇ ’ਚੋਂ ਕਢਵਾ ਕੇ ਸਿੱਧਾ ਉਸ ਮੁੰਡੇ ਦੇ ਘਰ ਪੁੱਜੇ।

ਸਾਨੂੰ ਦੇਖ ਉਹ ਖਿੜ ਗਿਆ ਸੀ ਤੇ ਅਸੀਂ ਪੰਜ ਹਜ਼ਾਰ ਰੁਪਏ ਉਸਦੇ ਪਰਿਵਾਰ ਸਾਹਮਣੇ ਉਸਦੀ ਹਥੇਲੀ ’ਤੇ ਧਰ ਦਿੱਤੇ। ਮੁੰਡੇ ਦੀਆਂ ਅੱਖਾਂ ਭਰ ਆਈਆਂ ਤੇ ਉਸਨੇ ਕਿਹਾ, ‘‘ਵੀਰ ਜੀ ਅਗਰ ਫ਼ੀਸ ਦਾ ਹੱਲ ਨਾ ਹੁੰਦਾ ਤਾਂ ਕਾਲਜ ਵਾਲਿਆਂ ਨੇ ਮੈਨੂੰ ਇਮਤਿਹਾਨ ਦੇਣ ਦੀ ਇਜਾਜ਼ਤ ਨਹੀਂ ਦੇਣੀ ਸੀ।’’ ਉਸਦਾ ਸਾਰਾ ਪਰਿਵਾਰ ਸਾਨੂੰ ਅਸੀਸਾਂ ਦੇ ਰਿਹਾ ਸੀ। ਇਹ ਸਭ ਦੇਖ ਸਾਡੇ ਦੋਵਾਂ ਦੋਸਤਾਂ ਦੀ ਖੁਸ਼ੀ ਚਰਮ ਸੀਮਾ ’ਤੇ ਸੀ। ਅਸੀ ਦੋਵੇਂ ਜਣੇ ਸਕੂਨ ਦਾ ਅਹਿਸਾਸ ਲੈ ਕੇ ਬਾਹਰ ਨਿੱਕਲੇ ਤੇ ਦੋਸਤ ਦੇ ਘਰ ਵੱਲ ਨੂੰ ਹੋ ਤੁਰੇ।
ਚੱਕ ਬਖ਼ਤੂ, ਬਠਿੰਡਾ
ਮੋ. 95173-96001
ਡਾ. ਗੁਰਤੇਜ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ