ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਪਰਤੇ ਸੀ ਵਾਪਸ, ਕਸਟਮ ਵਿਭਾਗ ਨੇ ਫੜ੍ਹੇ
(ਰਾਜਨ ਮਾਨ) ਡੇਰਾ ਬਾਬਾ ਨਾਨਕ/ਗੁਰਦਾਸਪੁਰ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆਏ ਬਜ਼ੁਰਗ ਦਾਦੀ ਤੇ ਨੌਜਵਾਨ ਪੋਤੇ ਕੋਲੋਂ ਬੀਐਸਐਫ ਜਵਾਨਾਂ ਵੱਲੋਂ ਪੈਸੰਜਰ ਟਰਮੀਨਲ ਕਰਤਾਰਪੁਰ ਲਾਂਘੇ ਤੇ ਚੈਂਕਿੰਗ ਦੌਰਾਨ 3 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ (Pakistani Currency) ਜ਼ਬਤ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੇਰਾ ਬਾਬਾ ਨਾਨਕ ਦੇ ਡੀਐਸਪੀ ਸਰਵਜੀਤ ਸਿੰਘ ਨੇ ਦੱਸਿਆ ਹੈ ਕਿ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ’ਤੇ ਬਣੇ ਸ੍ਰੀ ਕਰਤਾਰਪੁਰ ਪੈਸੰਜਰ ਟਰਮੀਨਲ ’ਤੇ ਤਾਇਨਾਤ ਬੀਐੱਸਐੱਫ ਦੀ 185 ਬਟਾਲੀਅਨ ਦੇ ਜਵਾਨਾਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂ ਦੀ ਪੈਸੰਜਰ ਟਰਮੀਨਲ ਡੇਰਾ ਬਾਬਾ ਨਾਨਕ ਵਿਖੇ ਕੀਤੀ ਬਾਰੀਕੀ ਨਾਲ ਚੈਕਿੰਗ ਦੌਰਾਨ ਉਨ੍ਹਾਂ ਕੋਲੋਂ ਇੱਕ ਹਜ਼ਾਰ ਰੁਪਏ ਦੇ 100 ਨੋਟ ਕੁੱਲ ਰਕਮ ਇੱਕ ਲੱਖ ਰੁਪਏ ਦੀ ਪਾਕਿਸਤਾਨ ਦੀ ਕਰੰਸੀ ਬਰਾਮਦ ਹੋਈ ਜਿਸ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ਬਤ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਵੀਲਚੇਅਰ ’ਤੇ ਲਿਆਂਦੀ ਜਾ ਰਹੀ ਬਜ਼ੁਰਗ ਮਹਿਲਾ ਸ਼ਰਧਾਲੂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਤਾਂ ਉਸ ਵੱਲੋਂ ਵੀ ਛੁਪਾ ਕੇ ਰੱਖੀ 2 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਜਿਸ ’ਚ ਪੰਜ ਪੰਜ ਹਜ਼ਾਰ ਦੇ 40 ਨੋਟ ਸਨ ਵੀ ਜ਼ਬਤ ਕੀਤੇ ਗਏ।
ਫਿਲਹਾਲ ਇਨ੍ਹਾਂ ਨੂੰ ਡੇਰਾ ਬਾਬਾ ਨਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਬਜ਼ੁਰਗ ਮਹਿਲਾ ਦੀ ਪਛਾਣ ਬੀਵੀ ਦੇਵੀ ਪਤਨੀ ਮਰਹੂਮ ਚਰਨ ਦਾਸ ਵਾਸੀ ਜੰਡੀ ਦੀਨਾਨਗਰ ਵਜੋਂ ਹੋਈ ਡੀਐਸਪੀ ਸਰਵਜੀਤ ਸਿੰਘ ਨੇ ਦੱਸਿਆ ਹੈ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਇਹ ਵੀ ਕਿਹਾ ਹੈ ਕਿ ਬਜ਼ੁਰਗ ਔਰਤ ਨੇ ਦੱਸਿਆ ਹੈ ਉਸਦਾ ਭਰਾ ਪਾਕਿਸਤਾਨ ’ਚ ਰਹਿੰਦਾ ਹੈ ਅਤੇ ਇਹ ਪੈਸੇ ਉਸ ਵੱਲੋਂ ਹੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਤਾ ਦੇ ਮੁਤਾਬਿਕ ਉਹ ਦੂਸਰੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਈ ਹੈ ਪੁਲਿਸ ਵੱਲੋਂ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ