ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਕੱਲ੍ਹ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ : ਖੇਤੀ ਮੰਤਰੀ

Agriculture
ਦੁਆਬੇ ਦੇ ਕਿਸਾਨਾਂ ਨਾਲ ਮੀਟਿੰਗ ਕਰਦੇ ਖੇਤੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ।

ਮਿਲ ਪ੍ਰਬੰਧਕਾਂ ਕੋਲੋਂ ਕਿਸਾਨਾਂ ਦਾ ਨਿੱਕਾ-ਨਿੱਕਾ ਪੈਸਾ ਵਸੂਲ ਕੀਤਾ ਜਾਵੇਗਾ : ਧਾਲੀਵਾਲ

(ਰਾਜਨ ਮਾਨ) ਅੰਮ੍ਰਿਤਸਰ। ਖੇਤੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਕਿਸਾਨ ਯੂਨੀਅਨ ਦੁਆਬਾ ਦੇ ਮੈਂਬਰਾਂ ਨਾਲ ਸਥਾਨਕ ਮੀਟਿੰਗ ਹਾਲ ਵਿਚ ਗੱਲਬਾਤ ਕਰਦੇ ਕਿਹਾ ਕਿ ਫਗਵਾੜਾ ਦੀ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵੱਲੋਂ ਕਿਸਾਨਾਂ ਦੇ ਰੋਕੇ ਗਏ ਕਰੀਬ 72 ਕਰੋੜ ਰੁਪਏ ਦੀ ਬਕਾਇਆ ਅਦਾਇਗੀ ਕੱਲ ਤੋਂ ਉਨਾਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ, ਕਿਉਂਕਿ ਉਕਤ ਮਿਲ ਦੀ ਹਰਿਆਣਾ ਸਥਿਤ ਜਾਇਦਾਦ ਵੇਚ ਕੇ ਮਿਲ ਦੇ ਖਾਤੇ ਵਿਚ ਕਰੀਬ 23.76 ਕਰੋੜ ਰੁਪਏ ਆ ਗਏ ਹਨ। (Agriculture)

ਕਿਸਾਨਾਂ ਦਾ ਗੰਨਾ ਨਹੀਂ ਰੁਲਣ ਦਿੱਤਾ ਜਾਵੇਗਾ

ਉਨਾਂ ਕਿਸਾਨਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਬਾਕੀ ਬਕਾਇਆ ਰਾਸ਼ੀ ਵੀ ਮਿਲ ਪ੍ਰਬੰਧਕਾਂ ਕੋਲੋਂ ਵਸੂਲ ਕੀਤੀ ਜਾਵੇਗੀ ਜਿਸ ਲਈ ਸਰਕਾਰ ਵੱਲੋਂ ਮਿਲ ਦੇ ਮਾਲਕਾਂ ਦੀ ਨਿੱਜੀ ਜਾਇਦਾਦ ਨੂੰ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਖੇਤੀ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਆ ਰਹੇ ਗੰਨੇ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਮਿਲ ਦੇ ਮੌਜੂਦਾ ਮਾਲਕਾਂ ਤੋਂ ਇਲਾਵਾ ਕਈ ਨਿੱਜੀ ਮਿਲਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜੇਕਰ ਇੰਨਾਂ ਧਿਰਾਂ ਨਾਲ ਸਾਡਾ ਕੋਈ ਸਮਝੌਤਾ ਸਿਰੇ ਨਾ ਚੜਿਆ ਤਾਂ ਸਰਕਾਰ ਖ਼ੁਦ ਇਹ ਖੰਡ ਮਿਲ ਚਲਾਏਗੀ, ਪਰ ਕਿਸਾਨਾਂ ਦਾ ਗੰਨਾ ਨਹੀਂ ਰੁਲਣ ਦਿੱਤਾ ਜਾਵੇਗਾ।

ਮਾਨ ਦੀ ਸਰਕਾਰ ਕਿਸਾਨ ਹਿਤੈਸ਼ੀ

ਸ. ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ ਅਤੇ ਅਸੀਂ ਕਿਸਾਨਾਂ ਨੂੰ ਆਰਥਿਕ ਤੌਰ ਉਤੇ ਮਜ਼ਬੂਤ ਕਰਨਾ ਚਾਹੁੰਦੇ ਹਾਂ, ਕਿਉਂਕਿ ਪੰਜਾਬ ਦੀ 75 ਫੀਸਦੀ ਅਬਾਦੀ ਸਿੱਧੇ ਜਾਂ ਅਸਿੱਧੇ ਤੌਰ ਉਤੇ ਖੇਤੀ ਨਾਲ ਜੁੜੀ ਹੋਈ ਹੈ। ਇਸ ਮੌਕੇ ਵਿਧਾਇਕ ਸ. ਜਸਵੀਰ ਸਿੰਘ ਰਾਜਾ, ਡਾਇਰੈਕਟਰ ਖੇਤੀਬਾੜੀ ਗੁਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਕੇਨ ਕਮਿਸ਼ਨਰ ਰਜੇਸ਼ ਕੁਮਾਰ ਰਹੇਜਾ, ਸੁਖਜਿੰਦਰ ਸਿੰਘ ਬਾਜਵਾ ਸਹਾਇਕ ਕੇਨ ਕਮਿਸ਼ਨਰ, ਮੁੱਖ ਖੇਤੀਬਾੜੀ ਅਫਸਰ ਜਤਿੰਦਰ ਸਿੰਘ ਗਿੱਲ, ਸਤਵਿੰਦਰ ਸਿੰਘ ਸੰਧੂ ਤੇ ਕਿਸਾਨ ਯੂਨੀਅਨ ਵੱਲੋਂ ਸ. ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here