ਸਰਕਾਰ ’ਤੇ ਲਾਏ ਬਦਲਾਖੋਰੀ ਦੇ ਦੋਸ਼
- ਪੰਜਾਬ ਭਾਜਪਾ ’ਤੇ ਮਾਮਲਾ ਦਰਜ਼ ਨਹੀਂ ਹੋਣ ’ਤੇ ਚੁੱਕੇ ਜਾ ਰਹੇ ਹਨ ਸੁਆਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਕਾਰਪੋਰੇਸ਼ਨਾ ਅਤੇ ਬੋਰਡਾਂ ਦੇ ਚੇਅਰਮੈਨ ਲਗਾਏ ਜਾਣ ਲਈ ਅਰਵਿੰਦ ਕੇਜਰੀਵਾਲ ਦੇ ਦਸਤਖ਼ਤ ਵਾਲੇ ਕਥਿਤ ਪੱਤਰ ਦੇ ਮਾਮਲੇ ਵਿੱਚ ਐਫਆਈਆਰ ਦਰਜ਼ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਕਾਫ਼ੀ ਜਿਆਦਾ ਗਰਮ ਹੁੰਦੀ ਨਜ਼ਰ ਆ ਰਹੀ ਹੈ। ਕਾਂਗਰਸ ਪਾਰਟੀ ਵਲੋਂ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ ਤਾਂ ਪੰਜਾਬ ਪੁਲਿਸ ਦਾ ਸਿਆਸੀਕਰਨ ਦਾ ਦੋਸ਼ ਤੱਕ ਲਗਾ ਦਿੱਤਾ ਗਿਆ ਹੈ। ਇੱਥੇ ਹੀ ਪੰਜਾਬ ਭਾਜਪਾ ’ਤੇ ਇਸ ਤਰਾਂ ਦਾ ਕੋਈ ਵੀ ਮਾਮਲਾ ਦਰਜ਼ ਨਹੀਂ ਕਰਨ ’ਤੇ ਵੀ ਸੁਆਲ ਚੁੱਕੇ ਗਏ ਹਨ। ਇਸ ਐਫਆਈਆਰ ਨੂੰ ਲੈ ਕੇ ਕਾਂਗਰਸ ਦੇ ਸਾਰੇ ਲੀਡਰਾਂ ਵਲੋਂ ਸਰਕਾਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰਦੇ ਹੋਏ ਇਸ ਨੂੰ ਬਦਲਾਖੋਰੀ ਅਤੇ ਛੋਟੀ ਰਾਜਨੀਤੀ ਕਰਨ ਤੱਕ ਦਾ ਦੋਸ਼ ਲਾ ਦਿੱਤਾ ਗਿਆ ਹੈ। (Congress President Raja Waring)
ਇਥੇ ਦੱਸਣ ਯੋਗ ਹੈ ਕਿ ਮੁਹਾਲੀ ਪੁਲਿਸ ਵਿੱਚ ਬੀਤੇ ਦਿਨੀਂ ਇੱਕ ਸ਼ਿਕਾਇਤ ਦੇ ਆਧਾਰ ’ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Congress President Raja Waring) ਅਤੇ ਵਿਧਾਇਕ ਸੁਖਪਾਲ ਖਹਿਰਾ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਜਿਸ ਵਿੱਚ ਇਨਾਂ ਦੋਹਾਂ ’ਤੇ ਦੋਸ਼ ਲਗਾਏ ਗਏ ਹਨ ਕਿ ਉਨਾਂ ਵਲੋਂ ਸੋਸ਼ਲ ਮੀਡੀਆ ਅਤੇ ਟਵਿੱਟਰ ’ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਅ ’ਤੇ ਜਾਅਲੀ ਪੱਤਰ ਵਾਈਰਲ ਕੀਤਾ ਗਿਆ ਹੈ। ਜਿਸ ਨਾਲ ਆਮ ਆਦਮੀ ਪਾਰਟੀ ਦਾ ਨਾਅ ਬਦਨਾਮ ਕਰਨ ਦੀ ਕੋਸ਼ਸ਼ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਰਾਜਾ ਵੜਿੰਗ ਅਤੇ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਜਿਹੜਾ ਪੱਤਰ ਟਵਿੱਟਰ ਹੈਂਡਲ ’ਤੇ ਉਨਾਂ ਵਲੋਂ ਪਾਇਆ ਗਿਆ ਸੀ, ਉਹ ਪੱਤਰ ਅੰਕਿਤ ਸਕਸੈਨਾ ਵੱਲੋਂ ਆਪਣੇ ਫੇਸਬੁੱਕ ਪੇਜ ’ਤੇ ਪਾਇਆ ਗਿਆ ਸੀ। ਅੰਕਿਤ ਸਕਸੈਨਾ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਇੰਚਾਰਜ ਹੈ ਅਤੇ ਉਸ ਦੀ ਫੋਟੋ ਅਰਵਿੰਦ ਕੇਜਰੀਵਾਲ ਨਾਲ ਦੇਖੀ ਜਾ ਸਕਦੀਆਂ ਹਨ। ਇਹ ਅੰਕਿਤ ਸਕਸੈਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਵਿੱਚ ਵੀ ਸ਼ਾਮਲ ਸੀ, ਜਿਸ ਕਾਰਨ ਇਸ ਵੱਲੋਂ ਪਾਈ ਗਈ ਪੋਸਟ ਨੂੰ ਹੀ ਉਨਾਂ ਵੱਲੋਂ ਵਰਤੋਂ ਵਿੱਚ ਲਿਆਇਆ ਗਿਆ ਹੈ।
ਕਾਂਗਰਸ ਪਾਰਟੀ ਵਿਧਾਇਕ ਦਲ ਦੇ ਆਗੂਆਂ ਨੇ ਕੀਤਾ ਵਿਰੋਧ
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੈਟਰ ਪੈਡ ’ਤੇ ਕਾਰਪੋਰੇਸ਼ਨਾ ਅਤੇ ਬੋਰਡਾਂ ਦੇ ਚੇਅਰਮੈਨ ਲਗਾਏ ਜਾਣ ਸਬੰਧ ਵਿੱਚ ਪੱਤਰ ਨੂੰ ਪੰਜਾਬ ਭਾਜਪਾ ਨੇ ਆਪਣੇ ਫੇਸਬੁੱਕ ਪੇਜ ’ਤੇ ਵੀ ਪਾਇਆ ਸੀ ਪਰ ਉਨਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਨਾਲ ਮਿਲ ਕੇ ਆਮ ਆਦਮੀ ਪਾਰਟੀ, ਪੰਜਾਬ ਵਿੱਚ ਕੰਮ ਕਰ ਰਹੀ ਹੈ। ਇਸ ਮੁੱਦੇ ’ਤੇ ਕਾਂਗਰਸ ਪਾਰਟੀ ਵਿਧਾਇਕ ਦਲ ਦੇ ਲੀਡਰ ਪ੍ਰਤਾਪ ਬਾਜਵਾ ਸਣੇ ਵਿਧਾਇਕਾਂ ਵੱਲੋਂ ਕਾਫ਼ੀ ਜਿਆਦਾ ਵਿਰੋਧ ਕੀਤਾ ਗਿਆ ਹੈ ਅਤੇ ਇਸ ਨੂੰ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ