ਸਮੁੰਦਰੀ ਫੌਜ ਦਾ ਆਰਮੀ ਅਤੇ ਹਵਾਈ ਫੌਜ ਵਾਂਗ ਭਾਰਤ ਦੀ ਸੁਰੱਖਿਆ ਨੂੰ ਮਜਬੂਤ ਕਰਨ ਵਿੱਚ ਅਹਿਮ ਰੋਲ ਹੈ। ਭਾਰਤ ਵਿੱਚ ਡਿਜ਼ਾਇਨ ਅਤੇ ਤਿਆਰ ਕੀਤਾ ਜੰਗੀ ਬੇੜਾ ਆਈਐੱਨਐੱਸ ਵਿਕਰਾਂਤ ਭਾਰਤੀ ਸਮੁੰਦਰੀ ਫੌਜ ਨੂੰ ਹੋਰ ਤਾਕਤਵਰ ਬਣਾਉਣ ਦੇ ਨਾਲ-ਨਾਲ ਭਾਰਤ ਦਾ ਸਰੁੱਖਿਆ ਦੇ ਖੇਤਰ ਵਿੱਚ ਆਤਮ-ਨਿਰਭਰ ਬਣਨ ਦਾ ਵੀ ਸੰਕੇਤ ਹੈ।
ਜੰਗੀ ਬੇੜਾ ਵਿਕਰਾਂਤ ਦੇ ਸਮੁੰਦਰੀ ਫੌਜ ਵਿੱਚ ਸ਼ਾਮਲ ਹੋਣ ਨਾਲ ਭਾਰਤ ਦਾ ਨਾਂਅ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਆਈਐੱਨਐੱਸ ਵਿਕਰਾਂਤ ਵਰਗਾ ਜੰਗੀ ਬੇੜਾ ਤਿਆਰ ਕਰਕੇ ਆਪਣੀ ਫੌਜ ਨੂੰ ਹੋਰ ਮਜਬੂਤ ਕੀਤਾ ਸੀ। ਜੰਗੀ ਬੇੜਾ ਵਿਕਰਾਂਤ ਭਾਰਤੀ ਸਮੁੰਦਰੀ ਫੌਜ ਦੇ ਇਤਿਹਾਸ ਵਿੱਚ ਇੱਕ ਮੀਲ-ਪੱਥਰ ਸਾਬਤ ਹੋਵੇਗਾ ਅਤੇ ਇਹ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਭਾਰਤ ਦੇਸ਼ ਵਿੱਚ ਹੀ ਮੌਜੂਦ ਤਕਨਾਲੋਜੀ ਦੀ ਮੱਦਦ ਨਾਲ ਸੁਰੱਖਿਆ ਦੇ ਨਾਲ-ਨਾਲ ਬਾਕੀ ਦੇ ਖੇਤਰਾਂ ਵਿੱਚ ਵੀ ਆਤਮ-ਨਿਰਭਰ ਹੋ ਕੇ ਆਪਣੀ ਅਰਥਵਿਵਸਥਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ ਅਤੇ ਦੇਸ਼ ਵਿਚ ਤਕਨਾਲੋਜੀ ਦਾ ਵਿਕਾਸ ਵੀ ਹੋਵੇਗਾ, ਜੋ ਬੇਰੁਜ਼ਗਾਰਾਂ ਲਈ ਰੁਜ਼ਗਾਰ ਮੁਹੱਈਆ ਕਰਨ ਦਾ ਜ਼ਰੀਆ ਵੀ ਬਣੇਗਾ ।