ਘਰ ਘਰ ਪਹੁੰਚਾਇਆ ਜਾਵੇ ਅੱਖਾਂ ਦਾਨ ਦਾ ਸੰਦੇਸ਼: ਡਾ. ਗੁਰਦੀਪ ਸਿੰਘ ਬੋਪਾਰਾਏ
ਲੌਂਗੋਵਾਲ (ਹਰਪਾਲ)। ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਅਤੇ ਐਸ ਐਮ ਓ ਲੌਂਗੋਵਾਲ ਡਾ. ਗੁਰਦੀਪ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਲੌਂਗੋਵਾਲ ਵਲੋਂ ਅੱਖਾਂ ਦਾਨ ਦਾ ਪੰਦਰਵਾੜਾ 25 ਅਗਸਤ 2022 ਤੋਂ 8 ਸਤੰਬਰ 2022 ਤੱਕ ਮਨਾਇਆ ਜਾ ਰਿਹਾ ਹੈ।ਅੱਜ ਪੀ ਐਚ ਸੀ ਲੌਂਗੋਵਾਲ ਵਿਖੇ ਜਾਗਰੂਕਤਾ ਸ਼ੈਸ਼ਨ ਮੌਕੇ ਲੋਕਾਂ ਨੂੰ ਅੱਖਾਂ ਦਾਨ ਕਾਰਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਅੱਖਾਂ ਦਾਨ ਕਰਨ ਲਈ ਫਾਰਮ ਵੀ ਭਰਾਏ ਗਏ। ਅੱਖਾਂ ਦਾਨ ਬਾਰੇ ਜਰੂਰੀ ਜਾਣਕਾਰੀ ਦਿੰਦੇ ਹੋਏ ਡਾ. ਗੁਰਦੀਪ ਸਿੰਘ ਗੋਪਾਰਾਏ ਨੇ ਦੱਸਿਆ ਕਿ ਮਰਨ ਉਪਰੰਤ ਅੱਖਾਂ ਦਾਨ ਕਰਕੇ ਕਿਸੇ ਨੇਤਰਹੀਣ ਵਿਅਕਤੀ ਦੀ ਜਿੰਦਗੀ ਨੂੰ ਰੌਸ਼ਨ ਕੀਤਾ ਜਾ ਸਕਦਾ ਹੈ ਇਸ ਲਈ ਇਹ ਨੇਕ ਸੰਦੇਸ਼ ਘਰ ਘਰ ਪਹੁੰਚਾਇਆ ਜਾਣਾ ਚਾਹੀਦਾ ਹੈ। ਅੱਖਾਂ ਦਾਨ ਮੌਤ ਤੋਂ 4 ਤੋਂ 6 ਘੰਟੇ ਦੇ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ।
ਅੱਖਾਂ ਦਾਨ ਕਰਨ ਨਾਲ ਦੋ ਨੇਤਰਹੀਣ ਵਿਅਕਤੀਆਂ ਨੂੰ ਰੋਸ਼ਨੀ ਦਿੱਤੀ ਜਾ ਸਕਦੀ ਹਨ।ਮੌਤ ਉਪਰੰਤ ਅੱਖਾਂ ਦਾਨ ਲਈ ਆਈ ਬੈਂਕ ਦੀ ਟੀਮ ਅੱਖਾਂ ਦਾਨ ਕਰਨ ਵਾਲੇ ਵਿਅਕਤੀ ਦੇ ਘਰ ਜਾਂਦੀ ਹੈ ਅਤੇ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 10-15 ਮਿੰਟਾਂ ਵਿੱਚ ਹੀ ਮੁਕੰਮਲ ਕਰ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਉਮਰ ਵਿਚ ਅੱਖਾਂ ਦਾਨ ਕੀਤੀਆ ਜਾ ਸਕਦੀਆਂ ਹਨ।
ਜੇਕਰ ਆਦਮੀ ਦੇ ਦੂਰ ਦੀ ਐਨਕ ਲੱਗੀ ਹੋਵੇ, ਲੈੰਨਜ਼ ਪਾਇਆ ਹੋਵੇ ਤਾਂ ਵੀ ਉਹ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ।ਕੈਂਸਰ, ਏਡਜ਼ ਅਤੇ ਦਿਮਾਗੀ ਬੁਖਾਰ ਦੇ ਵਿੱਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਅਪਥੈਲਮਿਕ ਅਫ਼ਸਰ ਰਾਕੇਸ਼ ਕੁਮਾਰ ਨੇ ਕਿਹਾ ਕਿ ਅੱਜ ਸਾਡੇ ਦੇਸ਼ ਅੰਦਰ 15 ਮਿਲੀਅਨ ਲੋਕਾਂ ਨੂੰ ਅੱਖਾਂ ਦੀ ਲੋੜ ਹੈ ਅਤੇ ਦਿਨ-ਬ-ਦਿਨ ਅੱਖਾਂ ਦੀ ਘਾਟ ਕਾਰਨ ਇਨ੍ਹਾਂ ਵਿਚ ਹੋਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਘਾਟਾ ਅਸੀਂ ਤਾਂ ਹੀ ਪੂਰਾ ਕਰ ਸਕਦੇ ਹਾਂ, ਜੇਕਰ ਅਸੀਂ ਅੱਖਾਂ ਦਾਨ ਕਰਨ ਦਾ ਇਹ ਸੁਨੇਹਾ ਘਰ-ਘਰ ਤੱਕ ਪਹੁੰਚਾਈਏ। ਅਸੀਂ ਖੁਦ ਵੀ ਅੱਖਾਂ ਦਾਨ ਕਰੀਏ ਅਤੇ ਜਨ ਸਮੂਹ ਨੂੰ ਵੀ ਇਸ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰੀਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ