(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ ਵਿੱਤੀ ਸਾਲ 2021-22 ਦੇ ਪਹਿਲੇ ਪੰਜ ਮਹੀਨਿਆਂ ਦੇ ਮੁਕਾਬਲੇ ਚਾਲੂ ਵਿੱਤੀ ਵਰੇ ਦੌਰਾਨ ਜੀ.ਐਸ.ਟੀ ਮਾਲੀਏ ਵਿੱਚ 23 ਫੀਸਦੀ ਵਾਧਾ ਦਰਜ ਕੀਤਾ ਹੈ।
ਅੱਜ ਆਪਣੇ ਟਵੀਟ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰ ਚੋਰੀ ਨੂੰ ਰੋਕਣ ਲਈ ਕੀਤੇ ਗਏ ਉਪਰਾਲੇ ਸਾਰਥਕ ਸਿੱਧ ਹੋ ਰਹੇ ਹਨ ਅਤੇ ਮਾਲੀਏ ਵਿੱਚ ਵਾਧਾ ਨਤੀਜਿਆਂ ਦੇ ਰੂਪ ਵਿੱਚ ਸਪੱਸ਼ਟ ਝਲਕ ਰਿਹਾ ਹੈ। ਵਿੱਤ ਮੰਤਰੀ ਨੇ ਅਗਸਤ 2022 ਦੇ ਮਹੀਨੇ ਦੌਰਾਨ ਜੀਐਸਟੀ ਮਾਲੀਏ ਦੇ ਰਾਜ-ਵਾਰ ਵਾਧੇ ਦੇ ਅੰਕੜੇ ਵੀ ਸਾਂਝੇ ਕੀਤੇ। ਪੰਜਾਬ ਅਗਸਤ ਦੌਰਾਨ ਜੀਐਸਟੀ ਮਾਲੀਏ ਵਿੱਚ 17 ਪ੍ਰਤੀਸ਼ਤ ਵਾਧਾ ਦਰਜ ਕਰਕੇ ਵਿਕਾਸ ਦਰ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਵਰਗੇ ਵੱਡੇ ਰਾਜਾਂ ਤੋਂ ਅੱਗੇ ਰਿਹਾ।
ਇਸੇ ਦੌਰਾਨ, ਵਿੱਤੀ ਸਾਲ 2022-23 ਦੇ ਬਜਟ ਵਿੱਚ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨ ਲਈ ਸੂਬੇ ਨੂੰ ਤੇਜੀ ਨਾਲ ਵਿਕਾਸ ਦਰ ਦੀ ਲੀਹ ‘ਤੇ ਲਿਆਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਮਾਲੀਏ ਨੂੰ ਵਧਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਜਦੋਂ ਕਿ ਪਿਛਲੀ ਕਾਂਗਰਸ ਸਰਕਾਰ ਅਜਿਹੇ ਯਤਨ ਕਰਨ ਵਿੱਚ ਅਸਫਲ ਰਹੀ ਅਤੇ ਕੇਂਦਰ ਸਰਕਾਰ ਦੁਆਰਾ ਦਿੱਤੇ ਜਾ ਰਹੇ ਜੀਐਸਟੀ ਮੁਆਵਜੇ ‘ਤੇ ਹੀ ਨਿਰਭਰ ਰਹੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ