ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਆਮ ਆਦਮੀ ਕਲੀਨਿਕਾਂ ਦਾ ਦੌਰਾ
- ਮੁਫਤ ਦਵਾਈਆਂ ਦੇਣ ਦੇ ਨਾਲ-ਨਾਲ 460 ਮਰੀਜਾਂ ਦੇ ਹੋਏ ਮੁਫਤ ਲੈਬ ਟੈਸਟ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਮਿਆਰੀ ਤੇਂ ਗੁਣਵੱਤਤਾ ਵਾਲੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਜਿਲ੍ਹੇ ਵਿੱਚ ਪੰਜ ਆਮ ਆਦਮੀ ਕਲੀਨਿਕ ਪਟਿਆਲਾ ਸ਼ਹਿਰ ਦੇ ਭਾਸ਼ਾ ਵਿਭਾਗ, ਪਿੰਡ ਝਿੱਲ਼, ਨਾਭਾ ਦੇ ਦੁੱਲਦੀ ਗੇਟ, ਪਿੰਡ ਰੇਤਗੜ ਅਤੇ ਘੱਗਾ ਵਿਖੇ ਬਣਾਏ ਗਏ ਹਨ। ਜਿਨ੍ਹਾਂ ਵਿੱਚ ਹੁਣ ਤੱਕ ਯਾਨੀ 15 ਦਿਨਾਂ ਵਿੱਚ 3445 ਮਰੀਜਾਂ ਵੱਲੋਂ ਆਪਣੀ ਸਿਹਤ ਜਾਂਚ ਕਰਵਾਈ ਜਾ ਚੁੱਕੀ ਹੈ। ਇਨ੍ਹਾਂ ਕਲੀਨਿਕਾਂ ਵਿੱਚ ਮਰੀਜਾਂ ਨੂੰ ਦਿੱਤੀਆਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਅੱਜ ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਪਿੰਡ ਝਿੱਲ ਵਿਖੇ ਬਣਾਏ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ, ਜਿੱਥੇ ਕਿ ਅੱਜ 73 ਮਰੀਜਾਂ ਵੱਲੋਂ ਆਪਣੀ ਸਿਹਤ ਜਾਂਚ ਕਰਵਾ ਕੇ ਦਵਾਈ ਲਈ ਗਈ ।
ਸਿਵਲ ਸਰਜਨ ਡਾ. ਰਾਜੂ ਧੀਰ ਨੇਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਏਰੀਏ ਦੇ ਲੋਕਾਂ ਵੱਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਇਨ੍ਹਾਂ ਕਲੀਨਿਕਾਂ ਵਿੱਚ ਹੁਣ ਤੱਕ ਯਾਨੀ ਪੰਦਰਾ ਦਿਨਾਂ ਵਿੱਚ 3445 ਮਰੀਜ਼ਾਂ ਜਿਨ੍ਹਾਂ ਵਿਚੋਂ ਪਿੰਡ ਝਿੱਲ ਵਿਖੇ 955, ਨਾਭਾ ਦੇ ਦੁੱਲਦੀ ਗੇਟ ਵਿਖੇ 731, ਪਿੰਡ ਰੇਤਗੜ ਵਿਖੇ 667, ਪਟਿਆਲਾ ਦੇ ਭਾਸ਼ਾ ਭਵਨ ਵਿਖੇ 643 ਅਤੇ ਘੱਗਾ ਵਿਖੇ ਬਣਾਏ ਆਮ ਆਦਮੀ ਕਲੀਨਿਕ ਵਿੱਚ 449 ਮਰੀਜਾਂ ਵੱਲੋਂ ਸਿਹਤ ਜਾਂਚ ਕਰਵਾ ਕੇ ਦਵਾਈ ਲਈ ਗਈ ਹੈ। ਇਸ ਤੋਂ ਇਲਾਵਾ 460 ਲੋੜਵੰਦ ਮਰੀਜਾਂ ਦੇ ਲੈਬ ਟੈਸਟ ਵੀ ਮੁਫਤ ਕੀਤੇ ਗਏ ਹਨ।
ਇਸ ਮੌਕੇ ਉਨ੍ਹਾਂ ਕਲੀਨਿਕ ਵਿੱਚ ਤਾਇਨਾਤ ਸਟਾਫ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਇੱਕ ਵਿਸ਼ੇਸ਼ ਉਪਰਾਲਾ ਹੈ ਜਿਸ ਤਹਿਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਵੱਲੋਂ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਜਿਲ੍ਹਾ ਮਾਸ ਮੀਡੀਆ ਅਫਸਰ ਕਿ੍ਰਸ਼ਨ ਕੁਮਾਰ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ