ਆਪਸੀ ਤਾਲਮੇਲ ਲਈ ਤਿੰਨ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ
ਚੰਡੀਗੜ, (ਸੱਚ ਕਹੂੰ ਬਿਊਰੋ)। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਤਿੰਨਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ। ਉਨਾਂ ਕਿਹਾ ਕਿ ਇਨਾਂ ਵਿਭਾਗਾਂ ਵਿਚਕਾਰ ਸੁਚੱਜੇ ਆਪਸੀ ਤਾਲਮੇਲ ਸਦਕਾ ਸੂਬਾਵਾਸੀਆਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਇਸ ਮਕਸਦ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੂਰੀ ਤਰਾਂ ਵਚਨਬੱਧ ਹੈ। ਜਿੰਪਾ ਨੇ ਇਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਾਲਮੇਲ ਨਾਲ ਕੰਮ ਕਰਕੇ ਪ੍ਰਸਤਾਵਿਤ ਪ੍ਰਾਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ।
ਉਨਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿਚ ਕਈ ਪ੍ਰਾਜੈਕਟ ਦੋ ਵਿਭਾਗਾਂ ਵਿਚ ਤਾਲਮੇਲ ਦੀ ਕਮੀ ਕਾਰਣ ਲੇਟ ਹੋ ਜਾਂਦੇ ਹਨ ਜਦੋਂਕਿ ਆਪਸੀ ਤਾਲਮੇਲ ਨਾਲ ਅਜਿਹੇ ਕੰਮ ਅਸਾਨੀ ਨਾਲ ਨੇਪਰੇ ਚਾੜੇ ਜਾ ਸਕਦੇ ਹਨ। ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਪਸੀ ਕੋਆਰਡੀਨੇਸ਼ਨ ਨਾਲ ਕੰਮ ਕੀਤੇ ਜਾਣ ਤਾਂ ਜੋ ਵਿਭਾਗਾਂ ਵਿਚਲੀ ਤਾਲਮੇਲ ਦੀ ਕਮੀ ਦਾ ਖਾਮਿਆਜ਼ਾ ਲੋਕਾਂ ਨੂੰ ਨਾ ਭੁਗਤਣਾ ਪਵੇ। ਜਿੰਪਾ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰੀ ਖੇਤਰਾਂ ਵਿੱਚ ਬਣਾਏ ਜਾ ਰਹੇ 59 ਐਸ.ਟੀ.ਪੀਜ਼. ਵਿੱਚ ਨੇੜਲੇ ਪਿੰਡਾਂ ਦੇ ਗੰਦੇ ਪਾਣੀ ਨੂੰ ਸੋਧਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਵੀ ਨਿਰਦੇਸ਼ ਦਿੱਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ