ਵਿਜੀਲੈਂਸ ਦੇ ਨਿਸ਼ਾਨੇ ’ਤੇ ਆਸ਼ੂ ਦੇ ਕਰੀਬੀ ਅਤੇ ਜਾਇਦਾਦ

ਮੇਅਰ ਬਲਕਾਰ ਸੰਧੂ ਤੋਂ ਕੀਤੀ ਪੁੱਛਗਿੱਛ

(ਰਘਬੀਰ ਸਿੰਘ) ਲੁਧਿਆਣਾ। ਵਿਜੀਲੈਂਸ ਦੇ ਨਿਸ਼ਾਨੇ ’ਤੇ ਹੁਣ ਪੰਜਾਬ ਦੇ ਅਨਾਜ ਟਰਾਂਸਪੋਰਟ ਘੁਟਾਲੇ ’ਚ ਨਾਮਜ਼ਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ (Bharat Bhushan Asu) ਦੇ ਕਰੀਬੀ ਅਤੇ ਜਾਇਦਾਦ ਆ ਗਈ ਹੈ। ਅੱਜ ਆਸੂ ਦੇ ਖਾਸਮ ਖਾਸ ਅਤੇ ਮੇਅਰ ਨਗਰ ਨਿਗਮ ਲੁਧਿਆਣਾ ਬਲਕਾਰ ਸਿੰਘ ਸੰਧੂ ਤੋਂ ਕਰੀਬ ਡੇਢ ਘੰਟੇ ਤੱਕ ਪੁੱਛਗਿੱਛ ਕੀਤੀ ਹੈ। ਮੇਅਰ ਬਲਕਾਰ ਸੰਧੂ ਨੇ ਖੁਦ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਪੁੱਛੇ ਗਏ ਸਵਾਲਾਂ ਦੇ ਜਵਾਬ ਉਨ੍ਹਾਂ ਨੇ ਦੇ ਦਿੱਤੇ ਹਨ। ਮੇਅਰ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਗਏ ਸਨ।

ਜ਼ਿਕਰਯੋਗ ਹੈ ਕਿ ਆਸੂ ਦੇ ਕਰੀਬੀ ਕੌਂਂਸਲਰ ਸੰਨੀ ਭੱਲਾ ਨੂੰ ਵੀ ਵਿਜੀਲੈਂਸ ਵੱਲੋਂ ਪੁੱਛਗਿੱਛ ਲਈ ਸੱਦਿਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ। ਇਸ ਨੂੰ ਲੈ ਕੇ ਸ਼ਹਿਰ ’ਚ ਕਾਫੀ ਚਰਚਾ ਹੈ ਕਿ ਉਸ ਨੂੰ ਗਿ੍ਰਫਤਾਰ ਵੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸਦ ਕੰਪਲੈਕਸ ’ਚ ਵਿਜੀਲੈਂਸ ਦਫਤਰ ਦੇ ਬਾਹਰ ਦਿੱਤੇ ਜਾ ਰਹੇ ਸਮੁੱਚੇ ਧਰਨੇ ਦਾ ਪ੍ਰਬੰਧ ਸੰਨੀ ਭੱਲਾ ਕਰ ਰਹੇ ਹਨ। ਇਹੀ ਨਹੀਂ ਸੰਨੀ ਭੱਲਾ ਨੂੰ ਆਸੂ ਦੇ ਖਾਣੇ ਦਾ ਟਿਫਿਨ ਲੈ ਕੇ ਜਾਂਦੇ ਹੋਏ ਵੀ ਦੇਖਿਆ ਗਿਆ ਹੈ ਪਰ ਉਹ ਜਾਂਚ ’ਚ ਸਾਮਲ ਨਹੀਂ ਹੋਇਆ।

ਦੁਬਈ ’ਚ ਬਣੇ ਹੋਟਲ ਵੀ ਵਿਜੀਲੈਂਸ ਦੀ ਜਾਂਚ ’ਚ ਸ਼ਾਮਲ

ਪੰਜਾਬ ਦੇ ਅਨਾਜ ਭੰਡਾਰ ਘੁਟਾਲੇ ਦੀ ਚੱਲ ਰਹੀ ਜਾਂਚ ਦੌਰਾਨ ਹੁਣ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ (Bharat Bhushan Asu) ਦਾ ਦੁਬਈ ਕਨੈਕਸਨ ਲੱਭਿਆ ਜਾ ਰਿਹਾ ਹੈ। ਦੁਬਈ ’ਚ ਬਣੇ ਹੋਟਲ ਵੀ ਵਿਜੀਲੈਂਸ ਦੀ ਜਾਂਚ ’ਚ ਸ਼ਾਮਲ ਹੋਣ ਦੇ ਚਰਚੇ ਵੀ ਸੁਣੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ’ਚ ਲੁਧਿਆਣਾ ਦੇ ਇੱਕ ਮਸ਼ਹੂਰ ਨਿਵੇਸਕ ਦਾ ਪੈਸਾ ਲੱਗਾ ਹੋਇਆ ਹੈ ਤੇ ਉਹ ਸਾਬਕਾ ਕੈਬਨਿਟ ਮੰਤਰੀ ਦੇ ਕਰੀਬੀ ਰਹੇ ਹਨ।

ਵਿਜੀਲੈਂਸ ਵੱਲੋਂ ਲੁਧਿਆਣਾ ’ਚ ਬਣੀਆਂ 40 ਦੇ ਕਰੀਬ ਇਮਾਰਤਾਂ ਦੀ ਪਹਿਲਾਂ ਹੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਹ ਜਾਂਚ ਦੇਸ਼ ਤੋਂ ਬਾਹਰ ਵੀ ਪਹੁੰਚ ਸਕਦੀ ਹੈ। ਜਾਂਚ ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਖੁਦ ਕਰ ਰਹੇ ਹਨ। ਇੰਨਾ ਹੀ ਨਹੀਂ ਵਿਜੀਲੈਂਸ ਦੀ ਚੈਕਿੰਗ ਸ਼ਹਿਰ ਦੇ ਚੰਡੀਗੜ੍ਹ ਰੋਡ ’ਤੇ ਚੱਲ ਰਹੇ ਵੱਡੇ ਰਿਹਾਇਸੀ ਪ੍ਰਾਜੈਕਟ ਤੱਕ ਵੀ ਪਹੁੰਚ ਸਕਦੀ ਹੈ। ਵਿਜੀਲੈਂਸ ਕਿਸੇ ਵੇਲੇ ਵੀ ਇਸ ’ਚ ਲੱਗੇ ਪੈਸੇ ਦੀ ਜਾਂਚ ਸ਼ੁਰੂ ਕਰ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ