ਨਗਰ ਕੌਂਸਲ ਪ੍ਰਧਾਨ ਖਿਲਾਫ ਬੇਭਰੋਸਗੀ ਮਾਮਲੇ ਨੂੰ ਲੈ ਕੇ ਅੱਜ ਰੱਖੀ ਦੂਜੀ ਮੀਟਿੰਗ ਵੀ ਸਿਰੇ ਨਹੀਂ ਚੜ੍ਹੀ
ਲੌਂਗੋਵਾਲ, (ਹਰਪਾਲ )। ਨਗਰ ਕੌਂਸਲ ਪ੍ਰਧਾਨ ਖਿਲਾਫ ਬੇਭਰੋਸਗੀ ਦੇ ਮਾਮਲੇ ਨੂੰ ਲੈ ਕੇ ਅੱਜ ਰੱਖੀ ਗਈ ਦੂਜੀ ਮੀਟਿੰਗ ਕਾਰਜਸਾਧਕ ਅਫਸਰ ਵੱਲੋਂ ਛੁੱਟੀ ਲਏ ਲਏ ਜਾਣ ਕਾਰਨ ਸਿਰੇ ਨਹੀਂ ਚੜ੍ਹ ਸਕੀ।ਅੱਜ ਬਾਅਦ ਦੁਪਹਿਰ ਤੋਂ ਹੀ ਨਗਰ ਕੌਂਸਲ ਦਫ਼ਤਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਨਾਇਬ ਤਹਿਸੀਲਦਾਰ ਲੌਂਗੋਵਾਲ ਬਤੌਰ ਡਿਊਟੀ ਮੈਜਿਸਟ੍ਰੇਟ ਤਾਇਨਾਤ ਰਹੇ। ਜਾਣਕਾਰੀ ਅਨੁਸਾਰ ਨਗਰ ਕੌਂਸਲ ਪ੍ਰਧਾਨ ਨੇ ਪਿ੍ਰਸੀਡਿੰਗ ਰਜਿਸਟਰ ਵਿਚ ਇਸ ਮੀਟਿੰਗ ਦੇ ਨਿਗਰਾਨ ਅਤੇ ਕਾਰਜ ਸਾਧਕ ਅਫਸਰ ਅੰਮ੍ਰਿਤਪਾਲ ਵੱਲੋਂ ਮੈਡੀਕਲ ਛੁੱਟੀ ਲੈ ਜਾਣ ਦਾ ਹਵਾਲਾ ਦਿੱਤਾ ਹੈ ਅਤੇ ਇਸ ਵਿਚ ਇਹ ਵੀ ਦਰਜ ਕੀਤਾ ਹੈ ਕਿ ਇਸ ਮੀਟਿੰਗ ਵਿੱਚ ਕੁੱਲ 16 ਮੈਂਬਰਾਂ ਵਿਚੋਂ ਸਿਰਫ਼ ਪ੍ਰਧਾਨ ਅਤੇ ਇਕ ਹੋਰ ਕੌਂਸਲਰ ਹੀ ਸ਼ਾਮਲ ਹੋਏ ਹਨ। ਵਰਨਣਯੋਗ ਹੈ ਕਿ ਪਿਛਲੇ ਹਫ਼ਤੇ 18 ਅਗਸਤ ਨੂੰ ਬੇ ਭਰੋਸਗੀ ਮਤੇ ਦੇ ਮਾਮਲੇ ਨੂੰ ਲੈ ਕੇ ਰੱਖੀ ਗਈ ਮੀਟਿੰਗ ਵਿਰੋਧੀ ਕੌਂਸਲਰਾਂ ਦੇ ਨਾ ਪੁੱਜਣ ਕਾਰਨ ਵਿੱਚ ਹੀ ਲਟਕ ਗਈ ਸੀ।
ਇਸ ਦਿਨ ਬੇਭਰੋਸਗੀ ਦੇ ਮਤੇ ਦੀ ਮੰਗ ਕਰਨ ਵਾਲੇ ਕੌਂਸਲਰਾਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਇਸ ਮੀਟਿੰਗ ਦੇ ਸ਼ਾਰਟ ਟਾਇਮ ਨੋਟਿਸ ਦਿੱਤੇ ਗਏ ਹਨ। ਜਿਸ ਕਾਰਨ ਉਹ ਹਾਜ਼ਰ ਨਹੀਂ ਹੋ ਸਕਦੇ।ਅੱਜ ਫਿਰ ਨਗਰ ਕੌਂਸਲ ਦਫ਼ਤਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ।ਪਰੰਤੂ ਪ੍ਰਧਾਨ ਰੀਤੂ ਗੋਇਲ ਅਤੇ ਇਕ ਹੋਰ ਕੌਂਸਲਰ ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਕੋਈ ਕੌਂਸਲਰ ਮੀਟਿੰਗ ਵਿੱਚ ਨਹੀਂ ਪੁੱਜਿਆ।ਦੂਜੇ ਪਾਸੇ। ਕਾਰਜਸਾਧਕ ਅਫ਼ਸਰ ਵੱਲੋਂ ਈਮੇਲ ਦੁਆਰਾ ਆਪਣੀ ਛੁੱਟੀ ਭੇਜੀ ਗਈ।
ਨਗਰ ਕੌਂਸਲ ਪ੍ਰਧਾਨ ਰੀਤੂ ਗੋਇਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਉਨ੍ਹਾਂ ਨੇ ਨਗਰ ਕੌਂਸਲ ਦੇ ਕਲਰਕ ਦੀ ਹਾਜ਼ਰੀ ਵਿੱਚ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੂਰੀ ਵੀਡੀਓਗ੍ਰਾਫੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ 18 ਅਗਸਤ ਨੂੰ ਵੀ ਪੂਰਨ ਬਹੁਮਤ ਸੀ ਅਤੇ ਅੱਜ ਵੀ ਹੈ। ਇਸ ਦੌਰਾਨ ਭਾਜਪਾ ਆਗੂ ਹਰਮਨਦੇਵ ਬਾਜਵਾ, ਵਿਜੇ ਕੁਮਾਰ ਗੋਇਲ ਨੇ ਕਿਹਾ ਕਿ ਪਿਛਲੀ ਮੀਟਿੰਗ ਅਤੇ ਅੱਜ ਦੀ ਮੀਟਿੰਗ ਦੀ ਸਾਰੀ ਕਾਰਵਾਈ ਡਿਪਟੀ ਕਮਿਸ਼ਨਰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਨੂੰ ਧਿਆਨ ਵਿਚ ਲਿਆਂਦੀ ਜਾਵੇਗੀ। ਪ੍ਰਸ਼ਾਸਨ ਦੇ ਸਾਨੂੰ ਪੂਰਾ ਭਰੋਸਾ ਹੈ।ਦਫ਼ਤਰ ਦੇ ਬਾਹਰ ਭਾਰਤੀ ਜਨਤਾ ਪਾਰਟੀ ਦੇ ਵਰਕਰ ਅਤੇ ਹੋਰ ਲੋਕ ਲਈ ਇਕੱਠੇ ਹੋਏ ਦੇਖੇ ਗਏ।
ਕੀ ਕਹਿੰਦੇ ਨੇ ਵਿਰੋਧੀ ਧਿਰ ਦੇ ਕੌਂਸਲਰ
ਬੇਭਰੋਸਗੀ ਮਤੇ ਦੀ ਮੰਗ ਕਰਨ ਵਾਲੇ ਕੌਂਸਲਰਾਂ ਦੇ ਆਗੂ ਪਰਮਿੰਦਰ ਕੌਰ ਬਰਾੜ,ਮੇਲਾ ਸਿੰਘ ਸੂਬੇਦਾਰ ਅਤੇ ਗੁਰਮੀਤ ਸਿੰਘ ਲੱਲੀ ਕੌਂਸਲਰ ਨਾਲ ਜਦ ਇਸ ਸਬੰਧ ਵਿਚ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਰਜ ਸਾਧਕ ਅਫ਼ਸਰ ਵੱਲੋਂ ਛੁੱਟੀ ਲੈ ਜਾਣ ਸਬੰਧੀ ਉਨ੍ਹਾਂ ਨੂੰ ਜਦ ਪਤਾ ਲੱਗ ਗਿਆ ਤਾਂ ਉਨ੍ਹਾਂ ਦੇ ਮੈਂਬਰ ਅਤੇ ਉਹ ਨਗਰ ਕੌਂਸਲ ਦਫ਼ਤਰ ਵਿੱਚ ਨਹੀਂ ਗਏ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਅੱਜ ਵੀ ਪੂਰਨ ਬਹੁਮਤ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ