ਜ਼ਿੰਦਗੀ ਦੇ ਨਾਲ ਚੱਲਦੇ ਨੇ ਦੁੱਖ-ਸੁੱਖ ਤੇ ਪੀੜਾਂ

ਜ਼ਿੰਦਗੀ ਦੇ ਨਾਲ ਚੱਲਦੇ ਨੇ ਦੁੱਖ-ਸੁੱਖ ਤੇ ਪੀੜਾਂ

ਪੀੜ ਇੱਕ ਸਤਾਊ ਅਹਿਸਾਸ ਹੁੰਦਾ ਹੈ ਜੋ ਅਧੂਰੀਆਂ ਸੱਧਰਾਂ ਵਿੱਚੋਂ ਪਨਪਦਾ ਹੈ । ਇਹ ਮਿੱਠਾ ਦਰਦ ਹੈ ਜੋ ਦੱਬੇ-ਕੁਚਲੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦਾ ਹੈ । ਉਹ ਅਰਮਾਨ, ਸੁਪਨੇ ਜਾਂ ਖਾਬ ਜੋ ਕਦੇ ਪੂਰੇ ਨਹੀਂ ਹੁੰਦੇ ਤੇ ਨਾ ਹੀ ਮੁੱਕਦੇ ਹਨ ਉਹ ਪੀੜ ਬਣ ਜਾਂਦੇ ਹਨ। ਇਹ ਦੁੱਖ ਜਾਂ ਦਰਦ ਦਾ ਹੀ ਵਿਰਾਟ ਰੂਪ ਹੈ। ਦੁੱਖ ਪਲ ਭਰ ਲਈ ਜਾਂ ਅਸਥਾਈ ਹੋ ਸਕਦਾ ਹੈ ਪਰ ਪੀੜ ਚਿਰਸਥਾਈ ਹੁੰਦੀ ਹੈ ਜੋ ਕਿਸੇ ਦਰੱਖਤ ਨੂੰ ਲਿਪਟੀ ਅਮਰਵੇਲ ਵਾਂਗ ਰੂਹ ਨੂੰ ਹਰ ਵਖਤ ਦਰਦ ਦੇ ਸਾਏ ਹੇਠ ਰੱਖਦੀ ਹੈ। ਵਿਛੋੜਾ ਇਸਦਾ ਜਨਮਦਾਤਾ ਹੈ ਜਦਕਿ ਉਦਾਸੀ ਤੇ ਗਮ ਇਸ ਨੂੰ ਸਾਲਾਂਬੱਧੀ ਪਾਲਦੇ ਤੇ ਹਰਾ ਰੱਖਦੇ ਹਨ। ਵਿਦਾਈ ਜਦ ਦਿਲ ਤੱਕ ਪਹੁੰਚ ਕਰ ਲਵੇ ਤਾਂ ਇਹ ਪੀੜ ਬਣ ਅੱਖਾਂ ਦੇ ਕੋਇਆਂ ਵਿੱਚੋਂ ਹੰਝੂਆਂ ਰਾਹੀਂ ਸਿੰਮਦੀ ਹੈ। ਖਾਮੋਸ਼ੀ ਇਸ ਨੂੰ ਵਧਾਉਂਦੀ ਹੈ ਤੇ ਚੁੱਪ ਇਸ ਲਈ ਜੋਬਨ ਸਿਰਜਦੀ ਹੈ।

ਜ਼ਿੰਦਗੀ ਤੇ ਪੀੜਾਂ ਦੋਵੇਂ ਇੱਕ-ਦੂਜੇ ਦੇ ਸਾਰਥੀ ਹਨ। ਜੀਵਨ ਪੀੜਾਂ ਹੈ ਜਾਂ ਪੀੜਾਂ ਹੀ ਜੀਵਨ ਹੈ ਇਸ ਨੂੰ ਸਮਝਣਾ ਮੁਸ਼ਕਲ ਹੈ ਇਹ ਇੱਕ-ਦੂਜੇ ਦੇ ਪੂਰਕ ਹੋਣ ਦੇ ਨਾਲ-ਨਾਲ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਜਿਨ੍ਹਾਂ ਨੂੰ ਇੱਕ-ਦੂਜੇ ਤੋਂ ਨਿਖੇੜਨਾ ਅਸੰਭਵ ਹੈ । ਜਿਉਂਦੇ ਰਹਿਣ ਲਈ ਛੋਟੀਆਂ-ਵੱਡੀਆਂ, ਆਪਣੀਆਂ-ਬੇਗਾਨੀਆਂ ਹਜ਼ਾਰਾਂ ਪੀੜਾਂ ਨੂੰ ਆਪਣੇ ਪਿੰਡੇ ’ਤੇ ਹੰਢਾਉਣਾ ਪੈਂਦਾ ਹੈ । ਹਰ ਮਨੁੱਖ ਤਰੱਕੀ ਲਈ ਨਵੇਂ ਸੁਪਨੇ ਵੇਖਦਾ ਹੈ ਤੇ ਨਿਰੋਈਆਂ ਸੱਧਰਾਂ ਨੂੰ ਪਾਲਦਾ ਹੈ ।

ਸੁੱਚੇ ਅਰਮਾਨ ਜੀਵਨ ਨੂੰ ਰੰਗੀਨ, ਮਸਤ ਤੇ ਖੁਸ਼ਗਵਾਰ ਕਰਨ ਦੀ ਲਾਲਸਾ ਨੂੰ ਜਨਮ ਦਿੰਦੇ ਹਨ ਪਰੰਤੂ ਜਦ ਇਹ ਸੁਪਨੇ, ਸੱਧਰਾਂ ਤੇ ਅਰਮਾਨ ਟੁੱਟਦੇ ਹਨ ਤਾਂ ਦਿਲ ਵਿੱਚ ਨਾਸੂਰ ਬਣ ਪੀੜ ਨੂੰ ਸਿਰਜਦੇ ਹਨ। ਇਨ੍ਹਾਂ ਦੇ ਟੁੱਟਣ ਦਾ ਖੜਾਕ ਤਾਂ ਭਾਵੇਂ ਨਹੀਂ ਹੁੰਦਾ ਪਰ ਇਹੀ ਪੀੜ ਜਦ ਹਾਉਂਕੇ ਬਣ ਬੁੱਕਦੀ ਹੈ ਅਤੇ ਉਦਾਸੀ, ਗਮ ਤੇ ਚਿੰਤਾ ਬਣ ਮਸਤਕ ਨੂੰ ਘੇਰਦੀ ਹੈ ਤਾਂ ਹਰ ਕਿਸੇ ਨੂੰ ਚਿਹਰੇ ਤੋਂ ਸਾਫ ਤੇ ਸਪੱਸ਼ਟ ਨਜਰੀਂ ਪੈਂਦੀ ਹੈ ਇਹ ਪੀੜਾਂ ਹੀ ਹੁੰਦੀਆਂ ਹਨ ਜੋ ਇਨਸਾਨ ਨੂੰ ਧੁਰ ਅੰਦਰੋਂ ਤੋੜ ਕੇ ਟੁਕੜੇ-ਟੁਕੜੇ ਜੀਵਨ ਜਿਉਣ ਲਈ ਮਜ਼ਬੂਰ ਕਰ ਦਿੰਦੀਆਂ ਹਨ

ਮੇਰੇ ਦੋਸਤ ਦੇ ਬਾਹਰਲੇ ਰਿਸ਼ਤੇਦਾਰ ਦੇ ਵਿਆਹੁਤਾ ਜੀਵਨ ਵਿੱਚ ਆਪਸੀ ਸਮਝ ਘਟੀ ਤਾਂ ਰਿਸ਼ਤੇ ਵਿਚਲਾ ਮੋਹ ਗਹਿਰੀ ਕੁੜੱਤਣ ਵਿੱਚ ਬਦਲ ਗਿਆ ਪਤੀ-ਪਤਨੀ ਅਲੱਗ ਹੋਏ ਤਾਂ ਬੱਚੇ ਦੀ ਅਦਾਲਤੀ ਜਿੰਮੇਵਾਰੀ ਥੋੜ੍ਹੇ ਸਮੇਂ ਲਈ ਬਾਲ ਆਸ਼ਰਮ ਪਹੁੰਚ ਗਈ ਹੁਣ ਦੋਵੇਂ ਅਲੱਗ-ਅਲੱਗ ਦਿਨ ਪੁੱਤ ਨਾਲ ਵਕਤ ਗੁਜ਼ਾਰ ਪਿਆਰ ਵਧਾਉਂਦੇ ਹਨ ਤੇ ਮਾਸੂਮ ਕਿਸ਼ਤਾਂ ਵਿੱਚ ਜੀਵਨ ਜੀਅ ਰਿਹਾ ਹੈ। ਜਿਉਣ ਲਈ ਹਰ ਕਿਸੇ ਨੂੰ ਆਪਣੇ ਹਿੱਸੇ ਦੀ ਪੀੜ ਨੂੰ ਪੀਣਾ ਪੈਂਦਾ ਹੈ ਜਵਾਨੀ ਬੇਰੁਜਗਾਰੀ ਨਾਲ ਲੜਦੀ ਹੈ ਨਸ਼ੇੜੀ ਆਪੇ ਸਹੇੜੀ ਬਿਮਾਰੀ ਨਸ਼ੇ ਦੀ ਜਕੜਨ ਨਾਲ ਜੂਝਦਾ ਹੈ ਨਿੱਤ ਲੇਬਰ ਚੌਕਾਂ ਤੋਂ ਖਾਲੀ ਪਰਤਦੇ ਮਜ਼ਦੂਰ ਕੰਮ ਨਾ ਮਿਲਣ ਤੋਂ ਪਰੇਸ਼ਾਨ ਹੁੰਦੇ ਹਨ ਕਿਸਾਨ ਬੇਮੌਸਮੇ ਮੀਂਹ, ਸੋਕੇ ਤੇ ਨਵੀਂ ਬਿਮਾਰੀ ਨਾਲ ਤਬਾਹ ਹੋਈ ਫਸਲ ਅਤੇ ਘਟਦੇ ਝਾੜ ਦੀ ਚਿੰਤਾ ’ਚ ਡੁੱਬਾ ਹੈ ਤੇ ਸ਼ਾਹੂਕਾਰ ਖਤਮ ਕਿਨਾਰੇ ਪਹੁੰਚੀ ਉਗਰਾਹੀ ਤੋਂ ਚਿੰਤਤ ਹੈ ।

ਵਪਾਰੀ ਨਿੱਤ ਦੇ ਨਵੇਂ ਨਿਯਮਾਂ ਤੇ ਕਾਨੂੰਨਾਂ ਨੂੰ ਸਮੱਸਿਆ ਸਮਝੀ ਬੈਠਾ ਹੈ ਬੇਔਲਾਦ ਜਿੱਥੇ ਬੱਚੇ ਨਾ ਹੋਣ ’ਤੇ ਪਰਿਵਾਰ ਅਤੇ ਸਮਾਜ ਦੇ ਤਾਹਨਿਆਂ ਤੋਂ ਛੁਟਕਾਰਾ ਲੱਭਦੇ ਹਨ, ਉੱਥੇ ਔਲਾਦ ਵਾਲੇ ਆਪਣੇ ਧੀਆਂ-ਪੁੱਤਰਾਂ ਹੱਥੋਂ ਹੁੰਦੀ ਬੇਕਦਰੀ ਤੇ ਅਣਦੇਖੀ ਤੋਂ ਔਖ ਵਿੱਚ ਹਨ ਰੋਗੀ ਗੰਭੀਰ ਬਿਮਾਰੀ ਦੀ ਗਿ੍ਰਫਤ ’ਚੋਂ ਨਿੱਕਲਣ ਦੀ ਤੜਫ ਵਿੱਚ ਹੈ ਜਦਕਿ ਡਾਕਟਰ ਮਰੀਜ ਦੀ ਗੈਰ-ਜਰੂਰੀ ਕਾਹਲੀ ਤੋਂ। ਬੱਚੇ ਪੜ੍ਹਾਈ ਨੂੰ ਬੋਝ ਸਮਝ ਤੇ ਖੇਡਣ-ਕੁੱਦਣ ਦੀ ਖੁੱਲ੍ਹ ਨਾ ਮਿਲਣ ਤੋਂ ਤਕਲੀਫ ਵਿੱਚ ਹਨ ਤੇ ਮਾਪੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਨਵੀਆਂ ਵਿਉਂਤਾਂ ਘੜਨ ਵਿੱਚ ਫਸੇ ਪਏ ਹਨ ਨੌਕਰੀਪੇਸ਼ਾ ਦਿਨੋ-ਦਿਨ ਵਧਦੀ ਮਹਿੰਗਾਈ ਤੇ ਥੋੜ੍ਹੀ ਪੈਂਦੀ ਤਨਖਾਹ ਕਰਕੇ ਚੀਕਾਂ ਮਾਰਦਾ ਹੈ ਜਦਕਿ ਹੁਕਮਰਾਨ ਇਨ੍ਹਾਂ ਸਭ ਵਰਗਾਂ ਦੇ ਦਰਦਾਂ ਨੂੰ ਚੁੱਕਣ ਵਾਲੇ ਤੇ ਜਾਗਦੀਆਂ ਜਮੀਰਾਂ ਵਾਲੇ ਸਿਰਾਂ ਨੂੰ ਦਬਾਉਣ ਲਈ ਵਿਉਂਤਬੱਧ ਯੋਜਨਾ ਘੜਨ ਵਿੱਚ ਉਲਝਿਆ ਹੋਇਆ ਹੈ।

ਪਰ ਅਸਲੀ ਪੀੜ ਧੀਆਂ ਦੇ ਹਿੱਸੇ ਆਉਂਦੀ ਹੈ ਜੋ ਜਨਮ ਤੋਂ ਮਰਨ ਤੱਕ ਨਿੱਤ ਨਵੀਂ ਤਕਲੀਫ ਵਿੱਚੋਂ ਲੰਘ ਜ਼ਿੰਦਗੀ ਜਿਉਂਦੀਆਂ ਹਨ ਕੁੜੀਆਂ ਲਈ ਖੁੱਲ੍ਹ ਕੇ ਬੋਲਣ ਦੀ ਆਦਤ, ਸੁਪਨੇ ਵੇਖਣ ਦੀ ਤਾਂਘ, ਸਮਾਜ ਦੀਆਂ ਖੋਖਲੀਆਂ ਜੰਜ਼ੀਰਾਂ ਨੂੰ ਕੱਟਣ ਦੀ ਚੇਸ਼ਟਾ ਤੇ ਕੁੱਝ ਨਵਾਂ ਕਰਨ ਦੀ ਇੱਛਾ ਹੀ ਪੀੜਾਂ ਨੂੰ ਉਪਜਦੀ ਹੈ ਦਹੇਜ ਉਤਪੀੜਨ, ਸ਼ੋਸ਼ਣ, ਘਰੇਲੂ ਹਿੰਸਾ ਆਦਿ ਤੋਂ ਪੀੜਤ ਅਣਗਿਣਤ ਔਰਤਾਂ ਸੰਤਾਪ ਭੋਗ ਰਹੀਆਂ ਹਨ ਪਰੰਤੂ ਘਰ, ਪਰਿਵਾਰ, ਸਮਾਜ ਤੇ ਲੋਕਾਚਾਰੀ ਦੀ ਬੰਦਿਸ਼ ਸਦਕਾ ਧੀਆਂ ਦੀ ਅਜਿਹੇ ਤਸੀਹਿਆਂ ਖਿਲਾਫ ਧਾਰੀ ਚੁੱਪੀ ਇਨ੍ਹਾਂ ਲਈ ਪੀੜਾਂ ਨੂੰ ਹੋਰ ਵਧਾਉਂਦੀ ਹੈ ।

ਇਹ ਵੀ ਤਕਲੀਫਦੇਹ ਹੀ ਹੈ ਕਿ ਅਗਲੀ ਸਦੀ ਨੂੰ ਆਪਣੀ ਕੁੱਖੋਂ ਸਿਰਜਣ ਵਾਲੀਆਂ ਔਰਤਾਂ ਸਮਾਜ ਦੇ ਆਧੁਨਿਕ ਸ਼ੋਸ਼ਣ ਤੇ ਕਹਿਰ ਨੂੰ ਆਪਣਾ ਲੇਖ ਸਮਝੀ ਬੈਠੀਆਂ ਹਨ ਉਂਜ ਮਹਿਲਾ ਜਾਤੀ ਨਾਲ ਹੋ ਰਹੇ ਇਸ ਗੈਰ-ਮਨੁੱਖੀ ਵਿਹਾਰ ਵਿੱਚ ਔਰਤਾਂ ਦੀ ਭੂਮਿਕਾ ਹੀ ਪ੍ਰਮੁੱਖ ਹੈ । ਇੱਕ ਸੰਸਥਾ ਵਿੱਚ ਕੰਮ ਕਰਦੀ ਔਰਤ ਦੇ ਘਰ ਜਦ ਧੀ ਨੇ ਜਨਮ ਲਿਆ ਤਾਂ ਪੂਰੇ ਦਫਤਰ ਦੇ ਕਰਮਚਾਰੀਆਂ ਨੇ ਰਲ ਕੇ ਸੋਗ ਮਨਾਇਆ ਤੇ ਚੁੱਪ ਵੱਟ ਛੋਟੀ ਬੱਚੀ ਦੇ ਆਗਮਨ ਨੂੰ ਅਸ਼ੁੱਭ ਵਿਚਾਰਿਆ । ਤੌਖਲਾ ਤਾਂ ਇਸ ਗੱਲ ਦਾ ਹੈ ਕਿ ਇਸ ਸੋਕ ਸਭਾ ਵਿੱਚ ਸਿਰਫ ਔਰਤਾਂ ਹੀ ਮੌਜੂਦ ਸਨ।

ਇਕੱਲੇ ਦੁੱਖ ਹੀ ਨਹੀਂ ਬਲਕਿ ਖੁਸ਼ੀ ਵੀ ਕਈ ਵਾਰ ਪੀੜਾਂ ਉਤਪੰਨ ਕਰਦੀ ਹੈ । ਜਿੱਥੇ ਸੁਖ ਨੂੰ ਪੀੜ ਬਣਨ ਵਿੱਚ ਦੁੱਖ ਨਾਲੋਂ ਜ਼ਿਆਦਾ ਲੰਮਾ ਸਮਾਂ ਲੱਗਦਾ ਹੈ, ਉੱਥੇ ਇਹ ਪੀੜ ਜ਼ਿਆਦਾ ਘਾਤਕ ਤੇ ਮਾਰੂ ਹੋ ਨਿੱਬੜਦੀ ਹੈ ਵੱਡੇ ਸ਼ਹਿਰ ਦੇ ਇੱਕ ਨਾਮਵਰ ਵਿਅਕਤੀ ਨੇ ਆਪਣੇ ਘਰ ਕਈ ਸਾਲਾਂ ਬਾਅਦ ਬੇਟੇ ਦੀ ਪੈਦਾਇਸ਼ ਹੋਣ ’ਤੇ ਖੂਬ ਜਸ਼ਨ ਮਨਾਏ । ਵਕਤ ਬੀਤਣ ’ਤੇ ਪੁੱਤ ਗਲਤ ਸੰਗਤ ਵਿੱਚ ਫਸ ਕਪੁੱਤ ਬਣ ਨਿੱਕਲਿਆ ਹਰ ਰੋਜ ਦੇ ਉਲ੍ਹਾਂਭਿਆਂ ਤੋਂ ਪਰੇਸ਼ਾਨ ਪਿਉ ਨੇ ਬੇਦਖਲੀ ਜਾਰੀ ਕੀਤੀ ਤਾਂ ਮਾਂ ਦੀ ਪੀੜਾ ਅੱਖਾਂ ਵਿੱਚ ਲਹੂ ਬਣ ਕਿਰਦੀ ਦਿਖਾਈ ਦਿੱਤੀ। ਇੱਕ ਹੋਰ ਵਿਅਕਤੀ ਨੇ ਆਪਣੇ ਪੁੱਤ ਦਾ ਵਿਆਹ ਵਿਦੇਸ਼ੀ ਵੀਜਾ ਪ੍ਰਾਪਤ ਕੁੜੀ ਨਾਲ ਪੱਕਾ ਹੋਣ ’ਤੇ ਅਥਾਹ ਖੁਸ਼ੀ ਮਨਾਈ ਖੂਬ ਭੰਗੜੇ ਪਾਏ ਤੇ ਵੱਡੇ ਸਮਾਗਮ ਰੱਖ ਜਸ਼ਨ ਮਨਾਏ ਕਰਜਾ ਚੁੱਕ ਨੂੰਹ ਨੂੰ ਬਾਹਰ ਭੇਜਿਆ । ਕਾਰਜ ਪੂਰੇ ਹੋਣ ’ਤੇ ਲੜਕੀ ਅਸਲੀ ਰੂਪ ਵਿੱਚ ਆ ਅੱਖਾਂ ਵਿਖਾ ਗਈ । ਹੁਣ ਨਾ ਮੁੰਡੇ ਨੂੰ ਵਿਦੇਸ਼ ਸੱਦ ਰਹੀ ਹੈ ਤੇ ਨਾ ਹੀ ਮਣਾਂ ਮੂੰਹੀ ਚੜੇ੍ਹ ਕਰਜੇ ਦਾ ਹਿਸਾਬ ਕਰਦੀ ਹੈ।

ਪੀੜ ਜਦ ਹੱਦੋਂ ਵਧਦੀ ਹੈ ਤਾਂ ਜੀਵਨ ਨਰਕ ਬਣ ਜਾਂਦਾ ਹੈ ਜਿਸ ਤੋਂ ਛੁਟਕਾਰਾ ਲੱਭਦਾ ਮਨੁੱਖ ਕਈ ਵਾਰ ਆਤਮ-ਹੱਤਿਆ ਵਰਗੇ ਭਿਆਨਕ ਤੇ ਦਰਦਨਾਕ ਕਦਮ ਨੂੰ ਵੀ ਛੋਟਾ ਸਮਝ ਲੈਂਦਾ ਹੈ। ਅਜਿਹੇ ਵਰਤਾਰੇ ਨਾਲ ਪਰਿਵਾਰ ਤੇ ਸਕੇ-ਸਬੰਧੀਆਂ ਦੀਆਂ ਉਲਝਣਾਂ ਹੋਰ ਉਲਝ ਨਵੀਆਂ ਪੀੜਾਂ ਬਣਦੀਆਂ ਹਨ ਇਸਦੇ ਉਲਟ ਜੋ ਇਨਸਾਨ ਪੀੜ ਨਾਲ ਦੋਸਤੀ ਕਰ ਹਰ ਮੁਸ਼ਕਲ, ਕਠਿਨਾਈ ਤੇ ਪ੍ਰੇਸ਼ਾਨੀ ਨੂੰ ਸਮਝ ਹੱਲ ਕਰਨ ਦੇ ਸਾਰਥਿਕ ਜਤਨ ਕਰਦਾ ਹੈ ਉਹ ਵੱਡੀਆਂ ਸਮੱਸਿਆਵਾਂ ਨੂੰ ਵੀ ਪੀੜਾਂ ਬਣਨ ਤੋਂ ਰੋਕ ਲੈਂਦਾ ਹੈ ਕਿਉਂ ਜੋ ਹਰੇਕ ਔਖਿਆਈ ਇੱਕ ਨਵਾਂ ਸਬਕ ਦਿੰਦੀ ਹੈ ਜੋ ਭਵਿੱਖਤ ਪ੍ਰੇਸ਼ਾਨੀਆਂ ਵਿੱਚ ਰਾਹ ਦਸੇਰਾ ਬਣਦਾ ਹੈ ਇਸ ਤਰ੍ਹਾਂ ਕਰਨ ਨਾਲ ਦੁੱਖਾਂ-ਦਰਦਾਂ ਦਾ ਇਹ ਕੌੜਾ ਜ਼ਹਿਰ ਅੰਮ੍ਰਿਤ ਵਿੱਚ ਬਦਲ ਜਾਂਦਾ ਹੈ ਤੇ ਜ਼ਿੰਦਗੀ ਦੇ ਅਜਿਹੇ ਰਸ ਨੂੰ ਪੀਣ ਨਾਲ ਫਿਰ ਮੌਤ ਨਹੀਂ ਮੁਕਤੀ ਹੁੰਦੀ ਹੈ।
ਏਧਰ ਪੀੜਾਂ, ਓਧਰ ਪੀੜਾਂ
ਹਰ ਮਨ ਪੀੜਾਂ, ਹਰ ਤਨ ਪੀੜਾਂ।
ਇੱਕ ਸਾਹ ਆਵੇ, ਇੱਕ ਸਾਹ ਜਾਵੇ
ਨਵੀਂ ਜਿਹੀ ਕੋਈ, ਪੀੜ ਲਿਆਵੇ।
ਦੁੱਖ ਵੀ ਪੀੜਾਂ, ਸੁੱਖ ਵੀ ਪੀੜਾਂ
ਜ਼ਿੰਦਗੀ ਸਾਰੀ, ਪੀੜਾਂ ਹੀ ਪੀੜਾਂ
ਪ੍ਰੋਫੈਸਰ ਕਾਲੋਨੀ, ਤਲਵੰਡੀ ਸਾਬੋ।
ਮੋ. 94641-97487
ਕੇ ਮਨੀਵਿਨਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ