ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਵੱਡੀ ਗਿਣਤੀ ’ਚ ਉਮੜੇ ਲੋਕ

ਪੁੱਤਰ ਦੀ ਹੱਤਿਆ ਲਈ ਇਨਸਾਫ ਦੀ ਮੰਗ ਕਰ ਰਹੇ ਹਨ ਮਾਤਾ-ਪਿਤਾ

  • ਵੱਡੀ ਗਿਣਤੀ ’ਚ ਮਾਰਚ ’ਚ ਸ਼ਾਮਲ ਹੋਏ ਲੋਕ
  • ਮਾਨਸਾ ਤੋਂ ਲੈ ਕੇ ਪਿੰਡ ਜਵਾਹਰਕੇ ਤੱਕ ਕੱਢਿਆ ਜਾਵੇਗਾ ਕੈਂਡਲ ਮਾਰਚ
  •  ਕਈ ਗਾਇਕ ਵੀ ਹੋਏ ਸ਼ਾਮਲ

ਮਾਨਸਾ (ਸੁਖਜੀਤ ਮਾਨ)। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਮਾਨਸਾ ਵਿੱਚ ਕੈਂਡਲ ਮਾਰਚ ਸ਼ੁਰੂ ਹੋ ਗਿਆ ਹੈ। ਜਿਸ ’ਚ ਵੱਡੀ ਗਿਣਤੀ ’ਚ ਲੋਕ ਉਮੜ ਪਏ ਹਨ। ਇਹ ਕੈਂਡਲ ਮਾਰਚ ਮਾਨਸਾ ਤੋਂ ਲੈ ਕੇ ਪਿੰਡ ਜਵਾਹਰਕੇ ਤੱਕ ਕੱਢਿਆ ਜਾ ਰਿਹਾ ਹੈ। ਇਸ ਮਾਰਚ ਦੀ ਆਗਵਾਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਰ ਰਹੇ ਹਨ। ਮਾਰਚ ’ਚ ਵੱਡੀ ਗਿਣਤੀ ’ਚ ਆਮ ਲੋਕਾਂ ਤੋਂ ਇਲਾਵਾ ਮੂਸੇਵਾਲੇ ਨੂੰ ਚਾਹੁਣ ਵਾਲੇ, ਰਾਜਨੀਤਕ ਪਾਰਟੀਆਂ, ਜੱਥੇਬੰਦੀਆਂ ਅਤੇ ਦੁਨੀਆਂ ਦੇ ਇਨਸਾਫ ਪਸੰਦ ਲੋਕ ਮਾਰਚ ਵਿਚ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਸੁਰੱਖਿਆ ਪ੍ਰਬੰਧ ਵੀ ਸਖਤ ਕੀਤੇ ਗਏ ਹਨ ਤੇ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਹੈ ਤਾਂ ਜੋ ਕਿਸੇ ਤਰ੍ਹਾਂ ਸ਼ਾਂਤੀ ਭੰਗ ਨਾ ਹੋਵੇ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਅੱਗੇ ਰੱਖੀਆਂ ਮੰਗਾਂ 

  • ਬੇਟੇ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਜਾਂਚ ਲਈ ਇੱਕ ਸ਼ਕਤੀਸ਼ਾਲੀ ਕਮਿਸ਼ਨ ਬਣਾਇਆ ਜਾਣਾ ਚਾਹੀਦਾ ਹੈ।
  • ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਸ ਦੇ ਪੁੱਤਰ ਦੀ ਸੁਰੱਖਿਆ ਵਾਪਸ ਕਿਸ ਨੇ ਅਤੇ ਕਿਉਂ ਲਈ?
  • ਪੰਜਾਬ ਦੀ ਫਿਲਮ ਇੰਡਸਟਰੀ ਦੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਗੈਂਗਸਟਰ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਭਾਰਤ ਲਿਆਂਦਾ ਜਾਵੇ।

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਨਸਾਫ਼ ਦੀ ਮੰਗ ਲਈ ਮੋਮਬੱਤੀ ਮਾਰਚ ਕੱਢਣ ਦੀ ਕੀਤੀ ਸੀ ਅਪੀਲ

ਵੇਰਵਿਆਂ ਮੁਤਾਬਿਕ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਮਾਮਲੇ ’ਚ ਪੁਲਿਸ ਵੱਲੋਂ ਭਾਵੇਂ ਹੀ ਚਲਾਨ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਸਿੱਧੂ ਦੇ ਮਾਪੇ ਇਨਸਾਫ਼ ’ਚ ਹੋ ਰਹੀ ਦੇਰੀ ਕਾਰਨ ਖਫ਼ਾ ਹਨ ਲੰਘੇ ਐਤਵਾਰ ਜਦੋਂ ਸਿੱਧੂ ਦੇ ਪ੍ਰਸੰਸਕ ਉਨ੍ਹਾਂ ਦੇ ਘਰ ਪੁੱਜੇ ਸੀ ਤਾਂ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਸਰਕਾਰ ਨੂੰ ਹਫ਼ਤੇ ਦੀ ਮੋਹਲਤ ਦਿੱਤੀ ਸੀ ਉਨ੍ਹਾਂ ਪਿੰਡਾਂ ’ਚ ਇਨਸਾਫ਼ ਦੀ ਮੰਗ ਲਈ ਮੋਮਬੱਤੀ ਮਾਰਚ ਕੱਢਣ ਦੀ ਅਪੀਲ ਵੀ ਕੀਤੀ ਸਿੱਧੂ ਦੇ ਕਤਲ ਵਾਲੇ ਦਿਨ ਤੋਂ ਹੀ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਵੀ ਸੋਸ਼ਲ ਮੀਡੀਆ ਜਰੀਏ ਇਨਸਾਫ਼ ਦੀ ਮੰਗ ਤੇਜ਼ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ