ਕਿਸਾਨਾਂ ਨੇ ਵੇਰਕਾ ਮਿਲਕ ਪਲਾਂਟ ਅੱਗੇ ਲਾਇਆ ਪੱਕਾ ਧਰਨਾ

verka milk plant

ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

(ਰਘਬੀਰ ਸਿੰਘ) ਲੁਧਿਆਣਾ। ਕਿਸਾਨਾਂ ਨੇ ਫਿਰੋਜ਼ਪੁਰ ਰੋਡ ’ਤੇ ਸਥਿਤ ਵੇਰਕਾ ਮਿਲਕ ਪਲਾਂਟ ਅੱਗੇ ਮੰਗਾਂ ਮੰਨੇ ਜਾਣ ਤੱਕ ਪੱਕਾ ਧਰਨਾ ਲਾ ਦਿੱਤਾ ਹੈ। ਇੱਕ ਵਾਰ ਫਿਰ ਸੜਕਾਂ ‘ਤੇ ਉਤਰ ਆਏ ਹਨ। ਇਹ ਧਰਨਾ ਪ੍ਰੋਗਰੈਸਿਵ ਡੇਅਰੀ ਫਾਰਮਰਜ ਐਸੋਸੀਏਸਨ ਵੱਲੋਂ ਲਾਇਆ ਗਿਆ ਹੈ। ਧਰਨੇ ਦੌਰਾਨ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਹ ਇਸੇ ਤਰ੍ਹਾਂ ਹੜਤਾਲ ‘ਤੇ ਰਹਿਣਗੇ।

ਕਿਸਾਨਾਂ ਦਾ ਕਹਿਣਾ ਹੈ ਕਿ ਤਿੰਨ ਮਹੀਨੇ ਪਹਿਲਾਂ ਫੈਟ ਦੀ ਕੀਮਤ ਵਿੱਚ 55 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਜਾਣਾ ਸੀ, ਜਿਸ ਵਿੱਚੋਂ 20 ਰੁਪਏ ਪ੍ਰਤੀ ਕਿਲੋ ਫੈਟ ਦਾ ਭੁਗਤਾਨ ਮਿਲਕ ਫੈਡ ਨੇ ਕਰਨਾ ਸੀ ਜਦੋਂਕਿ 35 ਰੁਪਏ ਪੰਜਾਬ ਸਰਕਾਰ ਨੇ ਦੇਣਾ ਸੀ। ਮਿਲਕਫੈੱਡ ਨੇ ਇਹ ਰਕਮ ਅਦਾ ਕਰ ਦਿੱਤੀ ਹੈ ਜਦੋਂਕਿ ਪੰਜਾਬ ਸਰਕਾਰ ਨੇ ਇਹ ਰਾਸ਼ੀ ਜਾਰੀ ਨਹੀਂ ਕੀਤੀ। ਫੈਟ ਦੀ ਕੀਮਤ ਵਿੱਚ ਹੋਏ ਇਸ ਵਾਧੇ ਕਾਰਨ ਕਿਸਾਨਾਂ ਨੂੰ 3 ਰੁਪਏ ਪ੍ਰਤੀ ਲੀਟਰ ਮਿਲਣਾ ਸੀ ਪਰ ਸਰਕਾਰ ਨੇ ਅਜੇ ਤੱਕ ਕੋਈ ਫੰਡ ਜਾਰੀ ਨਹੀਂ ਕੀਤਾ।

verka milk plant

ਇਸ ਦੇ ਨਾਲ ਹੀ ਸੂਬੇ ‘ਚ 1.5 ਲੱਖ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ, ਜਦੋਂਕਿ ਸਰਕਾਰ ਨੇ ਕਿਸੇ ਵੀ ਪਸ਼ੂ ਪਾਲਕ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਹੈ। ਪਸ਼ੂ ਮਾਲਕ ਨੂੰ ਪ੍ਰਤੀ ਪਸ਼ੂ ਪੰਜਾਹ ਹਜ਼ਾਰ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਕਿਸਾਨਾਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਇਸੇ ਤਰ੍ਹਾਂ ਮੋਰਚੇ ‘ਤੇ ਡਟੇ ਰਹਿਣਗੇ। ਇਸ ਦਾ ਪੂਰਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ।

ਪਸ਼ੂਆਂ ਦਾ ਸਹੀ ਇਲਾਜ ਕੀਤਾ

ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਸ਼ੂਆਂ ਦਾ ਸਹੀ ਇਲਾਜ ਕੀਤਾ ਜਾਵੇ। ਦੁੱਧ ਹਰ ਘਰ ਪਹੁੰਚਦਾ ਹੈ। ਇਸ ਲਈ ਪਸ਼ੂਆਂ ਦਾ ਇਲਾਜ ਪਹਿਲ ਦੇ ਆਧਾਰ ‘ਤੇ ਹੋਣਾ ਚਾਹੀਦਾ ਹੈ। ਦੁਧਾਰੂ ਪਸ਼ੂਆਂ ਦਾ ਕਾਰੋਬਾਰ ਖੇਤੀ ਦਾ ਸਹਾਇਕ ਧੰਦਾ ਹੈ। ਜੇਕਰ ਸਰਕਾਰ ਨੇ ਸਮੇਂ ਸਿਰ ਨਾ ਸੁਣੀ ਤਾਂ ਪਸ਼ੂ ਪਾਲਕ ਖੁਦਕੁਸ਼ੀਆਂ ਵੀ ਕਰ ਸਕਦੇ ਹਨ। ਤਿਉਹਾਰਾਂ ਦੌਰਾਨ ਦੁੱਧ ਦੀ ਖਪਤ ਵਧੇਰੇ ਹੁੰਦੀ ਹੈ ਪਰ ਪਸ਼ੂ ਬਿਮਾਰ ਹਨ। ਇਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

ਪੀਡੀਐਫਏ ਦੇ ਮੈਂਬਰ ਨੇ ਦੱਸਿਆ ਕਿ ਪੰਜਾਬ ਵਿਚ ਪਸ਼ੂ ਪਾਲਕ ਸਿਰਫ 16 ਲੱਖ ਲੀਟਰ ਦੇ ਕਰੀਬ ਦੁੱਧ ਪੈਦਾ ਕਰਦੇ ਹਨ ਪਰੰਤੂ ਪੰਜਾਬ ਵਿੱਚ ਜੋ ਦੁੱਧ ਦੀ ਖਪਤ ਹੈ ਉਹ 50 ਲੱਖ ਦੇ ਕਰੀਬ ਹੈ। ਇਸ ਲਈ 16 ਲੱਖ ਤੋਂ ਵਾਧੂ ਦੁੱਧ ਸੰਥੈਟਿਕ ਦੁੱਧ ਬਣਾ ਕੇ ਲੋਕਾਂ ਨੂੰ ਵੇਚਿਆ ਜਾਂਦਾ ਹੈ ਜੋ ਲੋਕਾਂ ਦੀ ਸਿਹਤ ਨਾਲ ਸਿੱਧਾ ਸਿੱਧਾ ਖਿਲਵਾੜ ਹੈ ਅਤੇ ਲੋਕਾਂ ਨੂੰ ਦੁੱਧ ਦੇ ਰੂਪ ਵਿੱਚ ਜ਼ਹਿਰ ਪਰੋਸਿਆ ਜਾ ਰਿਹਾ ਹੈ। ਸਰਕਾਰ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰਨ ਬਾਰੇ ਕਹਿੰਦੀ ਹੈ ਜੋ ਜ਼ਹਿਰਾਂ ਤੋਂ ਮੁਕਤ ਹੋਵੇ ਪਰ ਦੁੱਧ ਵਿੱਚ ਜ਼ਹਿਰ ਘੋਲ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਉਸ ਪਾਸੇ ਸਰਕਾਰ ਕੋਈ ਧਿਆਨ ਨਹੀਂ ਦਿੰਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ