ਫੱਟੜਾ ‘ਚ ਸ਼ਾਮਲ ਸੱਤ ਮਹੀਨੇ ਦਾ ਮਾਸੂਮ ਬੱਚਾ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ
- ਫਾਇਰ ਬ੍ਰਿਗੇਡ ਟੀਮ ਦੀ ਸੁਚੱਜਤਾ ਨਾਲ ਵੱਡਾ ਹਾਦਸਾ ਹੋਣੋ ਟਲਿਆ
(ਤਰੁਣ ਕੁਮਾਰ ਸ਼ਰਮਾ)
ਨਾਭਾ l ਰਿਆਸਤੀ ਸ਼ਹਿਰ ਨਾਭਾ ਵਿਖੇ ਮਹੁੱਲਾ ਕਰਤਾਰਪੁਰ ਦੇ ਇੱਕ ਘਰ ‘ਚ ਐਲਪੀਜੀ ਸਿਲੰਡਰ ਧਮਾਕੇ ਨਾਲ 03 ਜੀਅ ਫੱਟੜ ਹੋ ਗਏ ਜਿਨ੍ਹਾਂ ‘ਚ ਸੱਤ ਮਹੀਨੇ ਦਾ ਮਾਸੂਮ ਬੱਚਾ ਵੀ ਸ਼ਾਮਲ ਹੈ। ਮੌਕੇ ‘ਤੇ ਪੁੱਜੀ ਫਾਇਰ ਬ੍ਰਿਗੇਡ ਟੀਮ ਨੇ ਮਹੁੱਲਾ ਵਾਸੀਆਂ ਦੀ ਮੱਦਦ ਨਾਲ ਸੁਚੱਜੀ ਕਾਰਵਾਈ ਕਰਦਿਆਂ ਜਿਥੇ ਘਰ ਨੂੰ ਲੱਗੀ ਅੱਗ ਨੂੰ ਬੁਝਾਇਆ ਉਥੇ ਘਰ ਅੰਦਰ ਪਏ ਹੋਰ ਗੈਸ ਸਿਲੰਡਰਾਂ ਨੂੰ ਸਮੇਂ ਸਿਰ ਘਰ ਤੋਂ ਬਾਹਰ ਕਰ ਹਾਦਸੇ ਨੂੰ ਭਿਆਨਕ ਹਾਦਸੇ ‘ਚ ਤਬਦੀਲ ਹੋਣੋ ਵੀ ਬਚਾ ਲਿਆ। ਘਰ ਦੇ ਮੰਗਤ ਰਾਮ ਨਾਮੀ ਮੁੱਖੀ ਨੇ ਦੱਸਿਆ ਕਿ ਉਹ ਚਾਹ ਦੀ ਦੁਕਾਨ ਚਲਾਉਂਦਾ ਹੈ। ਸਵੇਰੇ ਛੇ ਕੁ ਵਜੇ ਜਦੋ ਉਹ ਬ੍ਰੈਡ ਪਕਾਉੜਾ ਬਣਾਉਣ ਲੱਗਾ ਤਾਂ ਅੱਗ ਬੇਕਾਬੂ ਹੋ ਕੇ ਸਿਲੰਡਰ ਦੀ ਪਾਇਪ ਨੂੰ ਚੜ ਗਈ ਅਤੇ ਰੈਗੂਲੇਟਰ ਵੀ ਪਿਘਲ ਗਿਆ।
ਮੰਗਤ ਰਾਮ ਅਨੁਸਾਰ ਹਾਦਸੇ ‘ਚ ਉਸ ਦੀ ਪਤਨੀ (60), ਨੂੰਹ (25) ਅਤੇ ਸੱਤ ਮਹੀਨੇ ਦਾ ਮਾਸੂਮ ਪੋਤੇ ਸਮੇਤ 03 ਜਣੇ ਫੱਟੜ ਹੋ ਗਏ ਹਨ ਜਦਕਿ ਕਥਿਤ ਰੂਪ ‘ਚ ਆਕਸੀਜਨ ਦੀ ਕਮੀ ਕਾਰਨ ਉਸ ਦੇ ਮਾਸੂਮ ਪੋਤੇ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਮੰਗਤ ਰਾਮ ਅਨੁਸਾਰ ਭਿਆਨਕ ਅੱਗ ਨਾਲ ਘਰ ‘ਚ ਪਿਆ ਏਸੀ, ਦੋ ਵਾਸ਼ਿੰਗ ਮਸ਼ੀਨਾ, ਐਲਸੀਡੀ ਆਦਿ ਕੀਮਤੀ ਸਮਾਨ ਸਮੇਤ 30,000/- ਦੀ ਨਕਦੀ ਵੀ ਸੜ ਗਈ।
ਘਰ ਦੇ ਉਪਰਲੇ ਹਿੱਸੇ ਵਿੱਚ ਰਹਿੰਦੀ ਮੰਗਤ ਰਾਮ ਦੀ ਵੱਡੀ ਨੂੰਹ ਨੇ ਦੱਸਿਆ ਕਿ ਸਵੇਰੇ ਧਮਾਕੇ ਦੀ ਆਵਾਜ ਸੁਣ ਜਦੋਂ ਉਹ ਹੇਠਾਂ ਆਈ ਤਾਂ ਹੇਠਲੇ ਕਮਰਿਆਂ ‘ਚ ਅੱਗ ਬੁਰੀ ਤਰ੍ਹਾਂ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਟੀਮ ‘ਚ ਸ਼ਾਮਲ ਫਾਇਰਮੈਨ ਕ੍ਰਿਸ਼ਨ ਕੁਮਾਰ, ਸ਼ਮਸ਼ੇਰ ਸਿੰਘ, ਸੁਮਿੱਤ ਕੁਮਾਰ ਅਤੇ ਡਰਾਇਵਰ ਜਗਜੀਤ ਸਿੰਘ ਨੇ ਸਾਂਝੇ ਤੋਰ ‘ਤੇ ਦੱਸਿਆ ਕਿ ਟੀਮ ਦੇ ਪੁੱਜਣ ਤੱਕ ਅੱਗ ਕਾਫੀ ਫੈਲ ਚੁੱਕੀ ਸੀ ਜਿਸ ਨੂੰ ਫਾਇਰ ਬ੍ਰਿਗੇਡ ਟੀਮ ਵੱਲੋ ਕਾਫੀ ਮੁਸ਼ਕੱਤ ਨਾਲ ਕਾਬੂ ਕੀਤਾ ਗਿਆ।
ਮੌਕੇ ‘ਤੇ ਮੌਜੂਦ ਸਾਬਕਾ ਕੌਂਸਲਰ ਜੋਗਿੰਦਰ ਤੁੱਲੀ ਨੇ ਦੱਸਿਆ ਕਿ ਪਰਿਵਾਰ ਵਿੱਤੀ ਪੱਖੋਂ ਠੀਕਠਾਕ ਹੈ ਅਤੇ ਮੰਗਤ ਰਾਮ ਪੁਰਾਣੀ ਦਾਣਾ ਮੰਡੀ ਲਾਗੇ ਚਾਹ ਦੀ ਦੁਕਾਨ ਚਲਾਉਂਦਾ ਹੈ। ਅੱਗ ਲੱਗਣ ਨਾਲ ਪਰਿਵਾਰ ਦਾ ਵਿੱਤੀ ਅਤੇ ਸ਼ਰੀਰਕ ਪੱਖੋਂ ਕਾਫੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਔਕੜਾਂ ‘ਚ ਆਏ ਮਿਹਨਤ ਮਜਦੂਰੀ ਨਾਲ ਜਿੰਦਗੀ ਬਤੀਤ ਕਰ ਰਹੇ ਪਰਿਵਾਰ ਦੀ ਹਰ ਸੰਭਵ ਮੱਦਦ ਕੀਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ