ਯੂਪੀ ਦੇ ਲਖਨਊ ਸਮੇਤ ਹੋਰ ਜ਼ਿਲ੍ਹਿਆਂ ’ਚ ਭੂਚਾਲ ਦੇ ਜਬਰਦਸਤ ਝਟਕੇ, ਲੋਕਾਂ ’ਚ ਦਹਿਸ਼ਤ
ਲਖਨਊ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ’ਚ ਅੱਜ ਤੜਕੇ ਰਾਜਧਾਨੀ ਲਖਨਊ ਅਤੇ ਬਹਿਰਾਇਚ ਸਮੇਤ ਸੂਬੇ ਦੇ ਕਈ ਇਲਾਕਿਆਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਇਸ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਮੌਸਮ ਵਿਭਾਗ ਦੇ ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਸ਼ਨੀਵਾਰ ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ 1:12 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 5.2 ਮਾਪੀ ਗਈ। ਵਿਭਾਗ ਅਨੁਸਾਰ ਭੂਚਾਲ ਦਾ ਕੇਂਦਰ ਉੱਤਰ ਵਿੱਚ 28.07 ਅਕਸ਼ਾਂਸ਼ ਅਤੇ ਪੂਰਬ ਵਿੱਚ 81.25 ਲੰਬਕਾਰ, ਲਖਨਊ ਤੋਂ 139 ਕਿਲੋਮੀਟਰ ਜ਼ਮੀਨੀ ਪੱਧਰ ਤੋਂ 82 ਕਿਲੋਮੀਟਰ ਹੇਠਾਂ ਸਥਿਤ ਸੀ। ਭੂਚਾਲ ਦਾ ਅਸਰ ਨੇਪਾਲ ਸਰਹੱਦ ਤੱਕ ਮਹਿਸੂਸ ਕੀਤਾ ਗਿਆ।
ਉੱਤਰ ਪ੍ਰਦੇਸ਼ ’ਚ ਲਖਨਊ, ਲਖੀਮਪੁਰ-ਖੀਰੀ, ਬਹਿਰਾਇਚ, ਸ਼ਰਾਵਸਤੀ, ਬਲਰਾਮਪੁਰ, ਸੀਤਾਪੁਰ, ਬਾਰਾਬੰਕੀ, ਗੋਰਖਪੁਰ, ਸਿਧਾਰਥਨਗਰ ਸਮੇਤ ਨੇਪਾਲ ਦੇ ਨਾਲ ਲੱਗਦੇ ਕਈ ਜ਼ਿਲਿਆਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਕਾਰਨ ਲਖਨਊ ਅਤੇ ਹੋਰ ਸ਼ਹਿਰਾਂ ’ਚ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਪ੍ਰਭਾਵਿਤ ਇਲਾਕਿਆਂ ’ਚ ਸਥਾਨਕ ਪ੍ਰਸ਼ਾਸਨ ਤੋਂ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।