ਹਿੰਦੁਸਤਾਨੀ ਇਤਿਹਾਸ ਦਾ ਅਣਗੌਲਿਆ ਰਾਜਕੁਮਾਰ, ਦਾਰਾ ਸ਼ਿਕੋਹ

Dara Shikoh

ਹਿੰਦੁਸਤਾਨੀ ਇਤਿਹਾਸ ਦਾ ਅਣਗੌਲਿਆ ਰਾਜਕੁਮਾਰ, ਦਾਰਾ ਸ਼ਿਕੋਹ

ਕਿਹਾ ਜਾਂਦਾ ਹੈ ਕਿ ਇਤਿਹਾਸ ਬਣਾਇਆ ਨਹੀਂ ਜਾਂਦਾ, ਸਗੋਂ ਪਿੰਡੇ ’ਤੇ ਹੰਢਾਉਣਾ ਪੈਂਦਾ ਹੈ। ਪਰੰਤੂ ਹਿੰਦ ਦੇ ਇਤਿਹਾਸ ਦੇ ਮਰਹੂਮ ਮੁਗਲੀਆ ਸ਼ਹਿਜ਼ਾਦੇ ਦਾਰਾ ਸ਼ਿਕੋਹ ਵੱਲੋਂ ਹੰਢਾਇਆ ਇਤਿਹਾਸ ਅਤੇ ਉਸ ਦਾ ਨਾਂਅ ਅਤੀਤ ਵਿੱਚ ਕਿਧਰੇ ਅਜਿਹਾ ਦਫਨ ਹੋਇਆ ਕਿ ਅੱਜ ਤੱਕ ਮੁੜ ਕਿਸੇ ਨਾ ਫਰੋਲਿਆ। ਮਹਾਨ ਇਤਿਹਾਸ ਘੜਨ, ਮਹਾਨ ਇਤਿਹਾਸ ਹੰਢਾਉਣ ਅਤੇ ਹਿੰਦੁਸਤਾਨ ਜਿੱਤਣ ਦੇ ਖੁਆਬ ਲਈ ਦਾਰਾ ਦੇ ਪੜਦਾਦੇ ਮੁਗਲੀਆ ਕਾਬੁਲ ਸੁਲਤਾਨ ਬਾਬਰ ਨੇ ਦਿਨ 21 ਅਪਰੈਲ ਸਾਲ 1526 ਈ. ਨੂੰ ਸਿਰਫ਼ 12000 ਸੈਨਾ ਨਾਲ ਪਾਣੀਪਤ ਵਿੱਚ ਦਸਤਕ ਦਿੱਤੀ। ਦਿੱਲੀ ਦੇ ਤਖਤ ’ਤੇ ਬਿਰਾਜਮਾਨ ਸ਼ਹਿਨਸ਼ਾਹ ਇਬਰਾਹਿਮ ਆਪਣੀ ਇੱਕ ਲੱਖ ਸੈਨਾ ਹੋਣ ਦੇ ਬਾਵਜ਼ੂਦ ਕਈ ਦਿਨਾਂ ਤੱਕ ਯੱੁਧ ਜਿੱਤਣ ਲਈ ਹਵਨਾਂ ਵਿੱਚ ਰੱਜਿਆ ਰਿਹਾ।

ਇੰਨੇ ਸਮੇਂ ਵਿੱਚ ਬਾਬਰ ਨੇ ਹਿੰਦੁਸਤਾਨੀ ਇਤਿਹਾਸ ਅਤੇ ਨਕਸ਼ਾ ਹੀ ਬਦਲ ਦਿੱਤਾ ਅਤੇ ਹਿੰਦੁਸਤਾਨ ਵਿੱਚ ਮੁਗਲੀਆ ਸਲਤਨਤ ਦਾ ਝੰਡਾ ਬੁਲੰਦ ਕਰ ਦਿੱੱਤਾ। ਫਿਰ ਇੱਕ ਤੋਂ ਬਾਅਦ ਇੱਕ ਮਹਾਨ ਮੁਗਲੀਆ ਸ਼ਹਿਨਸ਼ਾਹ ਹੋਏੇ। ਹੁਮਾਯੂੰ, ਅਕਬਰ, ਜਹਾਂਗੀਰ ਅਤੇ ਸ਼ਾਹਜਹਾਂ ਨੇ ਤਕਰੀਬਨ ਸਮੱਚੇ ਹਿੰਦੁਸਤਾਨ ਵਿੱਚ ਮੁਗਲ ਹਕੁਮਤ ਦਾ ਸੂਰਜ ਉਦੈ ਕੀਤਾ। ਇਨ੍ਹਾਂ ਸਭ ਨੇ ਆਪਣੀ-ਆਪਣੀ ਕੁਟਨੀਤੀ ਨਾਲ ਹਿੰਦੁਸਤਾਨ ਦਾ ਤਖਤ ਸੰਭਾਲਿਆ।

ਕਿਹਾ ਜਾਂਦਾ ਹੈ ਕਿ ਇੱਕ ਫਕੀਰ ਨੇ ਸ਼ਾਹਜਹਾਂ ਨੂੰ ਪੱਤਰ ਦਾ ਵਰਦਾਨ ਦਿੱਤਾ ਅਤੇ ਕੁਝ ਦਿਨਾਂ ਬਾਅਦ ਸ਼ਾਹਜਹਾਂ ਦੇ ਘਰ ਇੱਕ ਪੱੁਤਰ ਦਾ ਜਨਮ ਹੋਇਆ। ਜਿਸ ਦਾ ਨਾਂਅ ਮੁਹੰਮਦ ਦਾਰਾ ਸ਼ਿਕੋਹ ਰੱਖਿਆ ਗਿਆ, ਇਰਾਨੀ ਭਾਸ਼ਾ ਵਿੱਚ ਉਸ ਦੇ ਨਾਂਅ ਦਾ ਮਤਲਬ ਸੀ ਸਰਵਉੱਚਤਾ ਨੂੰ ਪ੍ਰਾਪਤ ਕਰਨ ਵਾਲਾ। ਉਸ ਫਕੀਰ ਮੁਤਾਬਕ ਇਹ ਰਾਜਕੁਮਾਰ ਇੱਕ ਦਿਨ ਹਿੰਦ ਦਾ ਮਹਾਨ ਇਤਿਹਾਸ ਆਪਣੇ ਦਮ ’ਤੇ ਬਣਾਏਗਾ ਅਤੇ ਯੁਗਾਂ-ਯੁਗਾਂ ਤੱਕ ਯਾਦ ਰੱਖਿਆ ਜਾਵੇਗਾ। ਇਸ ਤੋਂ ਬਾਅਦ ਸ਼ਾਹਜਹਾਂ ਦੇ ਘਰ ਤਿੰਨ ਹੋਰ ਪੱਤਰਾਂ ਦਾ ਜਨਮ ਹੋਇਆ, ਜਿਨ੍ਹਾਂ ਵਿੱਚ ਸਉਜਾ ਮੁਹੰਮਦ, ਮੁਰਾਦ ਬਖਸ਼ ਅਤੇ ਔਰੰਗਜੇਬ ਸਨ। ਦਾਰਾ ਆਪਣੇ ਸਭ ਭਰਾਵਾਂ ਵਿੱਚੋਂ ਸਭ ਤੋਂ ਲਾਡਲਾ ਸੀ। ਉਸਦਾ ਦਾਦਾ ਸਹਿਨਸ਼ਾਹ ਜਹਾਂਗੀਰ ਤੇ ਭੈਣ ਜਹਾਨਾਰਾ ਉਸ ਨੂੰ ਬੇਹੱਦ ਲਾਡ-ਪਿਆਰ ਕਰਦੇ ਸਨ। ਜਦ ਉਹ 12 ਸਾਲ ਦਾ ਹੋਇਆ ਤਾਂ ਦਾਦੇ ਸ਼ਹਿਨਸ਼ਾਹ ਜਹਾਂਗੀਰ ਦਾ ਇੰਤਕਾਲ ਹੋ ਗਿਆ ਅਤੇ ਸ਼ਾਹਜਹਾਂ ਅਗਲਾ ਮੁਗਲ ਬਾਦਸ਼ਾਹ ਬਣਿਆ। ਬਾਦਸ਼ਾਹ ਜਹਾਂਗੀਰ ਦਾਰਾ ਨੂੰ ਹਮੇਸ਼ਾ ਆਪਾੇ ਉੱਤਰਾਧਿਕਾਰੀ ਅਤੇ ਆਪਣਾ ਅਸਲ ਵਾਰਿਸ ਦੇ ਰੂਪ ਵਿੱਚ ਹੀ ਦੇਖਦਾ ਸੀ। ਪਰ ਇਸ ਦੇ ਬਾਵਜ਼ੂਦ ਸਭ ਭਰਾਵਾਂ ਦੀ ਪਰਵਰਿਸ਼ ਪੂਰੇ ਸ਼ਾਹੀ ਢੰਗ ਨਾਲ ਕੀਤੀ ਗਈ।

ਦਾਰਾ ਦਾ ਜ਼ਿਆਦਾ ਧਿਆਨ ਪੜਦਾਦੇ ਸਹਿਨਸ਼ਾਹ ਜਲਾਲੂਦੀਨ ਅਕਬਰ ਦੇ ਨਕਸ਼ੇ ਕਦਮਾਂ ਵੱਲ ਸੀ।1 ਫਰਵਰੀ 1633 ਨੂੰ ਦਾਰਾ ਦਾ ਨਿਕਾਹ ਨਦੀਨਾ ਬਾਨੋ ਨਾਲ ਹੋ ਗਿਆ ਅਤੇ ਨਦੀਨਾ ਬਾਨੋ ਅੰਤ ਤੱਕ ਦਾਰਾ ਪ੍ਰਤੀ ਵਫਾਦਾਰ ਰਹੀ। ਛੋਟਾ ਭਰਾ ਔਰੰਗਜੇਬ ਦਾਰਾ ਨੂੰ ਉਨੀ ਹੀ ਨਫ਼ਰਤ ਕਰਦਾ ਸੀ, ਅਤੇ ਹਮੇਸ਼ਾ ਹੀ ਕੋਈ ਨਾ ਕੋਈ ਸਾਜਿਸ਼ ਰਚਦਾ ਰਹਿੰਦਾ ਸੀ। ਇੱਕ ਵਾਰ ਔਰੰਗਜੇਬ ਵੱਲੋਂ ਦਾਰਾ ਨੂੰ ਖਤਰਨਾਕ ਜਹਿਰ ਦੇ ਦਿੱਤਾ ਗਿਆ, ਨਤੀਜੇ ਵਜੋਂ ਦਾਰਾ ਭਿਆਨਕ ਰੂਪ ਵਿੱਚ ਬਿਮਾਰ ਹੋ ਗਿਆ। ਸ਼ਾਹੀ ਵੈਦ, ਨੀਮ ਹਕੀਮ, ਪੀਰ ਫਕੀਰ ਬੁਲਾਏ ਗਏ, ਜਾਦੂ ਟੂਣੇ ਕੀਤੇ ਗਏ। ਪਰ ਹਰ ਕੋਸ਼ਿਸ਼ ਵਿਅਰਥ ਗਈ। ਪੂਰੇ ਹਿੰਦੁਸਤਾਨ ਤੋਂ ਮੰਗਵਾਈਆਂ ਜੜ੍ਹੀਆਂ-ਬੂਟੀਆਂ ਨਾਲ ਵੀ ਕੁਝ ਖਾਸ ਅਸਰ ਨਾ ਹੋਇਆ।

ਸ਼ਾਹੀ ਵਫਾਦਾਰ ਮੁਗਲ ਅਧਿਕਾਰੀਆਂ ਦੇ ਕਹਿਣ ’ਤੇ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਜੀ ਕੋਲ ਸੁਨੇਹਾ ਭੇਜਿਆ ਗਿਆ। ਗੁਰੂ ਜੀ ਨੇ ਸੁਨੇਹਾ ਸਿਰ ਮੱਥੇ ਕਬੂਲ ਕੀਤਾ ਅਤੇ ਦਾਰੇ ਲਈ ਇੱਕ ਵਿਸ਼ੇਸ਼ ਮੱਲ੍ਹਮ ਭੇਜੀ, ਨਤੀਜੇ ਵਜੋਂ ਦਾਰਾ ਬਹੁਤ ਜਲਦੀ ਤੰਦਰੁਸਤ ਹੋ ਗਿਆ। ਦਾਰਾ ਸ਼ਿਕੋਹ ਤੇ ਸਿੱਖਾਂ ਦੇ ਤਾਲੁਕਾਤ ਯਕੀਨਨ ਤੌਰ ’ਤੇ ਬਹੁਤ ਵਧੀਆ ਸਨ ਅਤੇ ਭਵਿੱਖ ਵਿੱਚ ਵੀ ਯਕੀਨਨ ਬਹੁਤ ਵਧੀਆ ਹੀ ਰਹਿੰਦੇ। ਇੱਕ ਸਿੱਖ ਧਾਰਨਾ ਅਨੁਸਾਰ ਦਾਰਾ ਸ਼ਿਕੋਹ ਸ੍ਰੀ ਗੁਰੂ ਹਰਿ ਰਾਏ ਜੀ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਗੁਰੂ ਜੀ ਕੋਲ ਆ ਕੇ ਚਰਨ ਛੂਹ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਬਾਅਦ ਵਿੱਚ ਗੁਰੂ ਜੀ ਨੇ ਉਸ ਨੂੰ ਹਰਿਮੰਦਰ ਸਾਹਿਬ ਆਉਣ ਦਾ ਵੀ ਸੱਦਾ ਦਿੱਤਾ। ਦਾਰਾ ਨੇ ਗੁਰੂ ਜੀ ਨੂੰ ਤੋਹਫੇ ਦੇ ਰੂਪ ਵਿੱਚ ਚਾਂਦੀ ਦੀ ਕਾਠੀ ਵਾਲਾ ਘੋੜਾ ਭੇਂਟ ਕੀਤਾ। ਧਾਰਮਿਕ ਅਤੇ ਸਮਾਜਿਕ ਪੱਖ ਤੋਂ ਦਾਰਾ ਬਹੁਤ ਨੇਕ ਤੇ ਉਦਾਰ ਸ਼ਖਸੀਅਤ ਵਾਲਾ ਇਨਸਾਨ ਸੀ।

17ਵੀਂ ਸਦੀ ਵਿੱਚ ਭਾਰਤ ਆਏ ਫ਼ਰਾਂਸ ਦੇ ਫ਼ਰੈਕ ਬਰਨੀਅਰ ਅਨੁਸਾਰ ਉਹ ਹਿੰਦੂਆਂ ਵਿੱਚ ਹਿੰਦੂ, ਈਸਾਈਆਂ ਵਿੱਚ ਈਸਾਈ ਅਤੇ ਫਕੀਰਾਂ ਵਿੱਚ ਫਕੀਰ ਬਣ ਜਾਂਦਾ ਸੀ। ਕਲਮ ਪੱਖੋਂ ਉਹ ਬਹੁਤ ਉੱਤਮ ਲਿਖਾਰੀ ਸੀ, ਉਸ ਨੇ ਬਹੁਤ ਉੱਤਮ ਸਾਹਿਤ ਰਚਿਆ। ਜੇਕਰ ਉਸ ਦੀਆਂ ਲਿਖਤਾਂ ਦੀ ਗੱਲ ਕਰੀਏ ਤਾਂ ਸਫੀਨਾਤ-ਅੱਲ-ਔਲੀਆ, ਸਕੀਨਾਤ-ਅੱਲ-ਔਲੀਆ, ਕਵਿਤਾ ਸੰਗ੍ਰਹਿ ਅਕਸੀਰ-ਏ-ਆਜਮ ਆਦਿ ਮੱੁਖ ਹਨ। ਉਸ ਨੇ 52 ਉਪਨਿਸ਼ਦਾਂ ਦਾ ਅਨੁਵਾਦ ਮੀਰ-ਏ-ਅਕਬਰ ਵਿੱਚ ਕੀਤਾ। ਪੜਦਾਦੇ ਮੁਗਲ ਸ਼ਹਿਨਸ਼ਾਹ ਜਲਾਲੂਦੀਨ ਅਕਬਰ ਦੇ ਗੁਣ ਉਸ ਨੂੰ ਵਿਰਾਸ਼ਤ ਵਿੱਚੋਂ ਮਿਲੇ ਸਨ, ਉਹ ਇੱਕ ਚੰਗਾ ਦਾਰਸ਼ਨਿਕ ਤਾਂ ਸੀ ਪਰੰਤੂ ਉਹ ਦੂਜਿਆਂ ਨਾਲ ਸਲਾਹ-ਮਸ਼ਵਰਾ ਘੱਟ ਕਰਦਾ ਸੀ। ਇਹ ਘਾਟ ਹੀ ਉਸਨੂੰ ਹਮੇਸ਼ਾ ਪਿੱਛੇ ਖਿੱਚਦੀ ਰਹੀ।

ਸ਼ਾਹਜਹਾਂ ਨੇ ਉਸ ਨੂੰ ਜਲਦੀ ਹੀ ਪੰਜਾਬ ਦਾ ਸੂਬੇਦਾਰ ਐਲਾਨ ਦਿੱਤਾ ਅਕਤੂਬਰ 1933 ਵਿੱਚ ਦਾਰਾ ਨੂੰ 12000 ਪੈਦਲ ਸੈਨਾ ਤੇ 6000 ਘੋੜ ਸੈਨਾ ਦੀ ਕਮਾਨ ਦਿੱਤੀ ਗਈ। ਉਸ ਦੀ ਯੋਗਤਾ ਨੂੰ ਦੇਖਦੇ ਹੋਏ 1940 ਤੱਕ ਉਸ ਦੀ ਕਮਾਨ ਹੇਠ ਲਗਭਗ 25000 ਪੈਦਲ ਸੈਨਾ ਅਤੇ 15000 ਘੋੜ ਸੈਨਾ ਕਰ ਦਿੱਤੀ ਗਈ। ਸਤੰਬਰ 1642 ਵਿੱਚ ਸ਼ਾਹਜਹਾਂ ਨੇ ਉਸਨੂੰ ਆਪਣੇ ਉੱਤਰਾਧਿਕਾਰੀ ਦੇ ਰੂਪ ਵਿੱਚ ਦੇਖਦੇ ਹੋਏ ਸ਼ਹਿਜ਼ਾਦਾ-ਏ-ਬੁਲੰਦ ਇਕਬਾਲ ਦੀ ਉਪਾਧੀ ਨਾਲ ਨਿਵਾਜਿਆ। ਪਰ ਉਸ ਦੀ ਸ਼ਾਨ ਨੂੰ ਉਦੋ ਧੱਕਾ ਲੱਗਾ ਜਦੋਂ ਉਸਨੂੰ ਕੰਧਾਰ ਦੀ ਲੜਾਈ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਵੀ ਕੁਝ ਸਮੇਂ ਬਾਅਦ ਉਸਨੂੰ ਇਲਾਹਾਬਾਦ ਤੇ ਫਿਰ ਸਮੁੱਚੇ ਗੁਜਰਾਤ ਦਾ ਮੁਖੀ ਬਣਾ ਦਿੱਤਾ ਗਿਆ। ਸ਼ਾਹਜਹਾਂ ਦੀ ਵਿਗੜ ਰਹੀ ਸਿਹਤ ਚਿੰਤਾ ਦਾ ਵਿਸ਼ਾ ਸੀ ਤੇ ਇਸ ਦੇ ਮੱਦੇਨਜਰ ਦਾਰਾ ਨੂੰ 1652 ਵਿੱਚ ਕਾਬੁਲ ਅਤੇ ਮੁਲਤਾਨ ਦਾ ਮੁਖੀ ਬਣਾ ਦਿੱਤਾ ਗਿਆ, ਜਲਦੀ ਹੀ ਉਸਦੀ ਸੈਨਿਕ ਸਮਰੱਥਾ 50,000 ਪੈਦਲ ਤੇ 40,000 ਘੋੜ ਸੈਨਾ ਤੱਕ ਪਹੰੁਚ ਗਈ।

6 ਸਤੰਬਰ 1657 ਵਿੱਚ ਸ਼ਾਹਜਹਾਂ ਦੀ ਬਿਮਾਰੀ ਨੇ ਭਿਆਨਕ ਰੂਪ ਲੈ ਲਿਆ ਤੇ ਬਾਕੀ ਮੁਗਲ ਰਾਜਕੁਮਾਰ ਵੀ ਗੱਦੀ ’ਤੇ ਬੈਠਣ ਦੇ ਖੁਆਬ ਸਜਾਉਣ ਲੱਗੇ ਤੇ ਬਗਾਵਤ ਦਾ ਬਿਗਲ ਵੱਜ ਉੱਠਿਆ। ਗੱਦੀ ਦੀ ਭੱਖ ਨੇ ਸਾਲਾਂ ਤੋਂ ਇਕੱਠੇ ਰਹਿ ਰਹੇ ਮੁਗਲ ਭਰਾਵਾਂ ਨੂੰ ਇੱਕ-ਦੂਜੇ ਦੇ ਖੂਨ ਦੇ ਪਿਆਸੇ ਬਣਾ ਦਿੱਤਾ। ਵਫਾਦਾਰਾਂ ਦੀ ਗੱਦਾਰੀ ਤੇ ਆਪਣੀਆਂ ਹੀ ਸੈਨਿਕ ਗਲਤੀਆਂ ਕਾਰਨ ਦਾਰਾ ਸਾਮੂਗੜ੍ਹ ਦਾ ਨਿਰਣਾਇਕ ਯੱੁਧ ਹਾਰ ਗਿਆ। ਸਾਜਿਸ਼ ਦੁਆਰਾ ਬੰਦੀ ਬਣਾਏ ਦਾਰਾ ਨੂੰ 30 ਅਗਸਤ, 1659 ਨੂੰ ਦਿੱਲੀ ਵਿੱਚ ਪਰਜਾ ਸਾਹਮਣੇ ਭਿਆਨਕ ਮੌਤ ਦਿੱਤੀ ਗਈ ਅਤੇ ਉਸਨੂੰ ਹੁਮਾਯੂੰ ਦੇ ਮਕਬਰੇ ਪਾਸ ਦਫਨ ਕਰ ਦਿੱਤਾ ਗਿਆ। ਪਰਜਾ ਅਤੇ ਮੁਗਲ ਅਧਿਕਾਰੀਆ ਦਾ ਲੋਕਪਿ੍ਰਆ ਸ਼ਹਿਜ਼ਾਦਾ ਅਤੇ ਉਸ ਦੀਆਂ ਪਰਉਪਕਾਰੀ ਨੀਤੀਆਂ ਸਦਾ ਲਈ ਗੰੁਮਨਾਮ ਹੋ ਗਈਆਂ।

ਦੂਜੇ ਪਾਸੇ ਦਿਨ 13 ਜੂਨ ਸਾਲ 1659 ਨੂੰ ਗੱਦੀ ’ਤੇ ਬੈਠਦਿਆਂ ਹੀ ਅਬੂੁ ਮੁਜੱਫਰ ਮੁਹੰਮਦੀਨ ਮੁਹੰਮਦ ਔਰੰਗਜੇਬ ਨੇ ਧਾਰਮਿਕ ਕੱਟੜ ਜੇਹਾਦ ਛੇੜ ਦਿੱਤਾ ਅਤੇ ਆਪਣੇ ਹੀ ਪਿਤਾ ਸ਼ਾਹਜਹਾਂ ਨੂੰ ਕੈਦ ਵਿੱਚ ਸੱਟ ਦਿੱਤਾ ਨਤੀਜੇ ਵਜੋਂ ਹੌਲੀ-ਹੌਲੀ ਉਸ ਨੇ ਸਿੱਖਾਂ, ਮਰਾਠਿਆਂ, ਰਾਜਪੂਤਾਂ ਅਤੇ ਵਿਦੇਸ਼ੀ ਤਾਕਤਾਂ ਨੂੰ ਆਪਣਾ ਦੁਸ਼ਮਣ ਬਣਾ ਲਿਆ। ਔਰੰਗਜ਼ੇਬ ਨੇ ਮੁਗਲ ਹਕੂਮਤ ਦਾ ਵਿਸਥਾਰ ਤਾਂ ਕੀਤਾ ਪਰ ਉਹ ਆਪਣੀ ਧਾਰਮਿਕ ਕੱਟੜ ਜੇਹਾਦ ਨੀਤੀ ਨਾਲ ਮੁਗਲ ਪਤਨ ਦੇ ਬੀਜ ਬੀਜਦਾ ਰਿਹਾ। ਜੋ ਦਾਰੇ ਦੇ ਰਾਜਕਾਲ ਵਿੱਚ ਸ਼ਾਇਦ ਹਮੇਸ਼ਾ ਸੁਖਾਵੇਂ ਅਤੇ ਬਿਹਤਰੀਨ ਹਾਲਾਤ ਰਹਿਣੇ ਸਨ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਲਾਸਾਨੀ ਕੁਰਬਾਨੀ ਅਤੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਜਾਇਆ ਨਿਆਰਾ ਖਾਲਸਾ, ਜਿਸ ਨੇ ਉੱਤਰੀ ਭਾਰਤ ਵਿੱਚ ਮੁਗਲਾਂ ਦੇ ਪਤਨ ਦਾ ਰਾਹ ਪੱਧਰਾ ਕੀਤਾ। ਦੱਖਣ ਵਿੱਚ ਮਰਾਠਿਆਂ ਤੇ ਪੂਰਬ ਵਿੱਚ ਰਾਜਪੂਤਾਂ ਨੇ ਔਰੰਗਜੇਬ ਦੀ ਨੀਤੀ ਦਾ ਵਿਰੋਧ ਕੀਤਾ ਜੋ ਮੁਗਲ ਹਕੂਮਤ ਨੂੰ ਖੋਖਲਾ ਕਰਦਾ ਰਿਹਾ। ਰਹਿੰਦੀ-ਖੂੰਹਦੀ ਕਸਰ ਪੱਛਮੀ ਸ਼ਕਤੀ ਅੰਗਰੇਜੀ ਹਕੂਮਤ ਨੇ ਪੂਰੀ ਕਰ ਦਿੱਤੀ। ਸਿੱਟੇ ਵਜੋਂ ਔਰੰਗਜੇਬ ਤੋਂ ਬਾਅਦ ਮੁਗਲੀਆ ਸਲਤਨਤ ਖੇਰੂੰ-ਖੇਰੂੰ ਹੋਣੀ ਸ਼ੁਰੂ ਹੋ ਗਈ।

ਮਹਿਜ 50 ਸਾਲਾਂ ਦੇ ਅੰਦਰ ਹੀ ਮੁਗਲੀਆ ਸੁਲਤਾਨ ਅੰਗਰੇਜਾਂ, ਪੁਰਤਗਾਲੀਆਂ ਅਤੇ ਨਾਦਰ ਸ਼ਾਹ ਵਰਗੇ ਹਮਲਾਵਰਾਂ ਦੇ ਹੱਥਾਂ ਦੀ ਕਠਪੁਤਲੀ ਬਣਨ ਲੱਗੇੇ। ਹੌਲੀ-ਹੌਲੀ ਹਿੰਦੁਸਤਾਨੀ ਰਾਜਿਆਂ ਦੀ ਫੱੁਟ ਜੱਗ ਜਾਹਿਰ ਹੰੁਦੀ ਰਹੀ ਅਤੇ ਮਹਾਨ ਹਿੰਦੁਸਤਾਨ ਨੇ ਸਦੀਆਂ ਤੱਕ ਵਿਦੇਸ਼ੀ ਤਾਕਤਾਂ ਦਾ ਤਸ਼ੱਦਦ ਅਤੇ ਸ਼ੋਸ਼ਣ ਝੱਲਿਆ। ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਜੇਕਰ ਮੁਹੰਮਦ ਦਾਰਾ ਸ਼ਿਕੋਹ ਹਿੰਦ ਦਾ ਸ਼ਹਿਨਸ਼ਾਹ ਬਣਦਾ ਤਾਂ ਅੱਜ ਸਮੱੁਚਾ ਹਿੰਦ ਇਤਿਹਾਸ ਹੀ ਕੁਝ ਹੋਰ ਹੁੰਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ