ਉਹ ਸ਼ਖਸ, ਜੋ ਜਹਾਜ਼ ਥੱਲੇ ਲਟਕ ਕੇ ਦਿੱਲੀ ਤੋਂ ਲੰਡਨ ਪਹੁੰਚ ਗਿਆ
ਸੰਨ 1996 ਦੀ ਗੱਲ ਹੈ, ਪੰਜਾਬ ’ਚ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਖਰਾਬ ਹੋਏ ਹਾਲਾਤ ਅਜੇ ਵੀ ਪੂਰੀ ਤਰ੍ਹਾਂ ਕਾਬੂ ’ਚ ਨਹੀਂ ਸਨ, ਇਸੇ ਸਮੇਂ ਗੜਸ਼ੰਕਰ ਲਾਗੇ ਨਵਾਂ ਸ਼ਹਿਰ ਰੋਡ ’ਤੇ, ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਬਸਿਆਲਾ ਦੇ ਦੋ ਨੌਜਵਾਨ ਸਕੇ ਭਰਾ, 23 ਸਾਲਾ ਪ੍ਰਦੀਪ ਸਿੰਘ ਸੈਣੀ ਤੇ 19 ਸਾਲਾ ਵਿਜੈ ਸਿੰਘ ਸੈਣੀ, ਜੋ ਕਾਰਾਂ ਠੀਕ ਕਰਨ ਦਾ ਕੰਮ ਸਿੱਖਦੇ ਸਨ
ਪੁਲਿਸ ਦੀ ਰੋਜ਼ਾਨਾ ਪੁੱਛਗਿੱਛ ਤੇ ਤਸ਼ੱਦਦ ਤੋਂ ਪ੍ਰੇਸ਼ਾਨ ਸਨ। ਉਹਨਾਂ ਇਸ ਸਭ ਤੋਂ ਖਹਿੜਾ ਛੁਡਾਉਣ ਲਈ ਇੰਗਲੈਂਡ ਜਾਣ ਦਾ ਮਨ ਬਣਾ ਲਿਆ ਜਦਕਿ ਉਨ੍ਹਾਂ ਕੋਲ ਨਾ ਤਾਂ ਕੋਈ ਪਾਸਪੋਰਟ ਸੀ, ਨਾ ਵੀਜ਼ਾ ਤੇ ਨਾ ਹੀ ਪੈਸੇ ਪਰ ਸਤੰਬਰ 1996 ’ਚ ਦੋਵੇਂ ਭਰਾ ਬੱਸ ਚੜ੍ਹ ਦਿੱਲੀ ਆ ਗਏ, ਜਿੱਥੇ ਇੱਕ ਠੱਗ ਏਜੰਟ ਨੇ ਇਨ੍ਹਾਂ ਨੂੰ ਜਹਾਜ਼ ’ਚ ਸਵਾਰੀਆਂ ਦੇ ਸਾਮਾਨ ਆਲੇ ਖਾਨੇ ’ਚ ਲੁਕੋ ਕੇ ਭੇਜਣ ਦੀ ਗੱਲ ਆਖਦਿਆਂ, 150 ਪੌਂਡ ਦੀ ਠੱਗੀ ਮਾਰ ਲਈ।
ਪਰ ਦੋਵੇਂ ਭਰਾ ਠੱਗੇ ਜਾਣ ਤੋਂ ਬਾਅਦ ਵੀ ਵਾਪਸ ਨਹੀਂ ਆਏ ਤੇ ਉਨ੍ਹਾਂ ਸੱਚੀਂ ਇਸੇ ਤਰੀਕੇ ਲੰਡਨ ਜਾਣ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ। ਲਗਾਤਾਰ ਦਸ ਦਿਨ ਰੇਕੀ ਕਰਨ ਤੋਂ ਬਾਅਦ ਇੱਕ ਦਿਨ ਦੋਵੇਂ ਭਰਾ ਕੰਧ ਤੋਂ ਛਾਲ ਮਾਰ ਕੇ ਅੰਦਰ ਵੜ ਗਏ ਤੇ ਦਿੱਲੀ ਤੋਂ ਹੀਥਰੋ (ਲੰਡਨ) ਜਾਣ ਵਾਲੇ ਜਹਾਜ਼ ਦੇ ਅਲੱਗ-ਅਲੱਗ ਟਾਇਰਾਂ ਅੰਦਰ ਜਾਣ ਵਾਲੀ ਥੋੜ੍ਹੀ ਜਿਹੀ ਥਾਂ ’ਚ ਲੁਕ ਕੇ ਉਸ ਜਹਾਜ਼ ਨਾਲ ਲਟਕ ਗਏ, ਜਿਹੜਾ ਅਗਲੇ 10 ਘੰਟੇ ਲਗਾਤਾਰ 4000 ਫੁੱਟ ਦੀ ਉੱਚਾਈ ’ਤੇ, -50 ਤਾਪਮਾਨ ਤੇ 700 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉੁਡ ਕੇ ਲੰਡਨ ਪਹੁੰਚਿਆ।
ਦੋਵਾਂ ਦਾ ਜਿੰਦਾ ਬਚਣਾ ਨਾਮੁਮਕਿਨ ਸੀ, ਜਹਾਜ਼ ਚੱਲਦਿਆਂ ਹੀ ਲਗਾਤਾਰ ਹੁੰਦੇ ਜਬਰਦਸਤ ਖੜਕੇ ਅਤੇ ਟਾਇਰਾਂ ਦੇ ਹਿੱਲਣ ਨਾਲ ਦੋਵੇਂ ਭਰਾਵਾਂ ਦੀ ਹਾਲਤ ਖਰਾਬ ਹੋਣ ਲੱਗੀ ਤੇ ਜਦੋਂ ਜਹਾਜ਼ 4000 ਫੁੱਟ ਦੀ ਉੱਚਾਈ ’ਤੇ ਗਿਆ, ਜਿੱਥੇ ਆਕਸੀਜਨ ਸਿਰਫ 5 ਪ੍ਰਤੀਸ਼ਤ ਤੇ ਤਾਪਮਾਨ -50 ਸੀ ਤਾਂ ਪਤਲੀ ਜਿਹੀ ਪੈਂਟ-ਬੁਰਸ਼ਟ ’ਚ ਲਟਕੇ ਦੋਵਾਂ ਭਰਾਵਾਂ ਦੀ ਕੁਲਫੀ ਜੰਮਣ ਲੱਗੀ ਤੇ ਛੋਟੇ ਭਰਾ ਵਿਜੈ ਦਾ ਦਿਮਾਗ ਫਟ ਗਿਆ ਤੇ ਉਸ ਦੀ ਮੌਤ ਹੋ ਗਈ ਜਿਸ ਦੀ ਲਾਸ਼ ਜਹਾਜ਼ ਉੱਤਰਨ ਤੋਂ ਕੁੱਝ ਸਮਾਂ ਪਹਿਲਾਂ ਹੇਠਾਂ ਡਿੱਗ ਗਈ।
ਜਦੋਂ ਜਹਾਜ਼ ਹੀਥਰੋ ਏਅਰਪੋਰਟ ’ਤੇ ਪਹੁੰਚਿਆ ਤਾਂ ਗਰਾਊਂਡ ਸਟਾਫ ਨੇ ਪ੍ਰਦੀਪ ਨੂੰ ਬੇਹੋਸ਼ੀ ਦੀ ਹਾਲਤ ’ਚ ਟਾਇਰਾਂ ਆਲੀ ਥਾਂ ਲਟਕਿਆ ਦੇਖਿਆ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਕਰਿਸ਼ਮਈ ਢੰਗ ਨਾਲ ਉਹ ਬਚ ਗਿਆ ਜਿਸ ’ਤੇ ਪੂਰੀ ਦੁਨੀਆ ਦੇ ਡਾਕਟਰ ਹੈਰਾਨ ਰਹਿ ਗਏ ਪਰ ਜਦੋਂ ਅਗਲੇ ਦਿਨ ਵਿਜੈ ਦੀ ਲਾਸ਼ ਮਿਲੀ ਤਾਂ ਪ੍ਰਦੀਪ ਨੂੰ ਆਪਣੇ ਭਰਾ ਦੀ ਮੌਤ ’ਤੇ ਬਹੁਤ ਡੂੰਘਾ ਸਦਮਾ ਲੱਗਿਆ। ਉਸ ਨੂੰ ਆਪਣੇ ਇਸ ਕੰਮ ’ਤੇ ਬਹੁਤ ਪਛਤਾਵਾ ਹੋਇਆ, ਜੋ ਅੱਜ ਵੀ ਕਾਇਮ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਹ ਵੱਡਾ ਸੀ ਤੇ ਉਸੇ ਦੇ ਫੈਸਲੇ ਕਾਰਨ ਛੋਟੇ ਦੀ ਜਾਨ ਚਲੀ ਗਈ।
ਬਾਅਦ ’ਚ ਡਾਕਟਰਾਂ ਨੇ ਉਸਦੇ ਜਿੰਦਾ ਬਚਣ ’ਤੇ ਆਪਣੀ ਰਿਪੋਰਟ ’ਚ ਦੱਸਿਆ ਕਿ ਅਜਿਹੇ ਹਾਲਾਤਾਂ ’ਚ ਇੱਕ ਕਰੋੜ ’ਚੋਂ, ਇੱਕ ਬੰਦੇ ਦੇ ਬਚਣ ਦੀ ਉਮੀਦ ਹੁੰਦੀ ਹੈ, ਇਸ ਕੇਸ ’ਚ ਪ੍ਰਦੀਪ ਦੀ ਇੱਛਾ-ਸ਼ਕਤੀ ਦਾ ਬੇਹੱਦ ਮਜ਼ਬੂਤ ਹੋਣਾ ਤੇ ਬਹੁਤ ਜ਼ਿਆਦਾ ਠੰਢ ’ਚ ਉਸਦੇ ਦਿਮਾਗ ਦਾ ਰਿਐਕਟ ਕਰਨਾ ਉੱਕਾ ਈ ਬੰਦ ਕਰ ਦੇਣਾ ਉਸ ਦੀ ਜਾਨ ਬਚਾ ਗਿਆ ਪਰ ਗੈਰ-ਕਾਨੂੰਨੀ ਢੰਗ ਨਾਲ ਇੰਗਲੈਂਡ ਆਉਣ ਕਾਰਨ, ਉਸ ਨੂੰ ਵਾਪਸ ਇੰਡੀਆ ਡੀਪੋਰਟ ਕਰਨ ਦੀ ਗੱਲ ਆ ਗਈ।
ਪ੍ਰਦੀਪ ਨੇ ਮਾਨਵੀ ਆਧਾਰ ’ਤੇ ਉਸਨੂੰ ਇੰਗਲੈਂਡ ’ਚ ਰਹਿਣ ਦੀ ਆਗਿਆ ਦੇਣ ਲਈ, ਇੰਗਲੈਂਡ ਦੀ ਕੋਰਟ ’ਚ 1996 ’ਚ ਅਰਜ਼ੀ ਲਾ ਦਿੱਤੀ, ਹਾਲਾਂਕਿ ਇਸ ਦੌਰਾਨ ਭਰਾ ਦੀ ਮੌਤ ਕਾਰਨ ਤੇ ਸਫਰ ਦੌਰਾਨ ਹੋਏ ਸਰੀਰਕ ਨੁਕਸਾਨ ਕਾਰਨ ਉਹ ਲਗਾਤਾਰ ਛੇ ਸਾਲ ਡਿਪ੍ਰੈਸ਼ਨ ਤੇ ਹੋਰ ਰੋਗਾਂ ਨਾਲ ਵੀ ਘਿਰਿਆ ਰਿਹਾ ਪਰ ਅਖੀਰ 18 ਸਾਲ ਕੇਸ ਚੱਲਣ ਤੋਂ ਬਾਅਦ 2014 ’ਚ ਕੋਰਟ ਨੇ, ਪ੍ਰਦੀਪ ਨੂੰ ਰਹਿਣ ਦੀ ਆਗਿਆ ਹੀ ਨਹੀਂ ਦਿੱਤੀ ਸਗੋਂ ਇੰਗਲੈਂਡ ਦੀ ਪੱਕੀ ਨਾਗਰਿਕਤਾ ਵੀ ਮਿਲ ਗਈ
ਉਸ ਦਾ ਨਾਂਅ ਗਿੰਨੀਜ਼ ਬੁੱਕ ’ਚ ਵੀ ਦਰਜ ਕੀਤਾ ਗਿਆ ਹੈ, ਉਸ ਦਾ ਵਿਆਹ ਹੋ ਚੁੱਕਾ ਹੈ ਤੇ ਦੋ ਬੱਚੇ ਵੀ ਹਨ। ਅੱਜ 49 ਸਾਲਾਂ ਦੀ ਉਮਰ ’ਚ ਉਹ ਇੰਗਲੈਂਡ ਦੇ ਉਸੇ ਹੀਥਰੋ ਏਅਰਪੋਰਟ ’ਤੇ ਆਪਣੀ ਕਾਰ ਰਾਹੀਂ ਇੱਕ ਕੰਪਨੀ ਨੂੰ ਖਾਣੇ ਦੀਆਂ ਚੀਜ਼ਾਂ ਸਪਲਾਈ ਕਰਨ ਦਾ ਕੰਮ ਕਰਦਾ ਹੈ, ਜਿੱਥੇ ਉਸ ਕੋਲ ਜ਼ਿੰਦਗੀ ਦੀ ਹਰ ਐਸ਼ੋ-ਆਰਾਮ ਹੈ ਪਰ ਅੱਜ ਵੀ ਆਪਣੇ ਭਰਾ ਨੂੰ ਯਾਦ ਕਰਦਾ, ਉਹ ਝੁਰਦਾ ਰਹਿੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ