ਪੰਜਾਬ ’ਚ ਤਲਾਬ ਇਨਕਲਾਬ ਦੀ ਲੋੜ

ਪੰਜਾਬ ’ਚ ਤਲਾਬ ਇਨਕਲਾਬ ਦੀ ਲੋੜ

ਮੌਨਸੂਨ ਨੇ ਪੰਜਾਬ ’ਚ ਜਲਥਲ ਕਰ ਦਿੱਤਾ ਹੈ ਕਰੀਬ 2 ਲੱਖ ਏਕੜ ਫਸਲ ਦੇ ਨੁਕਸਾਨ ਦਾ ਅਨੁਮਾਨ ਹੈ ਇਹ ਹਾਲਾਤ ਸੂਬੇ ਲਈ ਇੱਕ ਨਵਾਂ ਸੰਦੇਸ਼ ਵੀ ਹਨ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਘਟਣਾ ਅਤੇ ਨਹਿਰੀ ਪਾਣੀ ਦੀ ਕਮੀ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੂਬੇ ’ਚ ਤਲਾਬ ਇਨਕਲਾਬ ਲਿਆਂਦਾ ਜਾ ਸਕਦਾ ਹੈ ਪਾਣੀ ਦੀ ਬਹੁਤਾਤ ਤੇ ਪਾਣੀ ਦੀ ਘਾਟ ਆਪਣੇ-ਆਪ ’ਚ ਦੋਵੇਂ ਸਮੱਸਿਆਵਾਂ ਹਨ ਪਰ ਇਹਨਾਂ ਨੂੰ ਜੋੜ ਕੇ ਦੋਵਾਂ ਦਾ ਹੀ ਹੱਲ ਨਿੱਕਲ ਜਾਂਦਾ ਹੈ ਪੰਜਾਬ ’ਚ ਧਰਤੀ ਹੇਠਲੇ ਪਾਣੀ ਦੀ ਕਮੀ ਇਸ ਹੱਦ ਤੱਕ ਪਹੁੰਚ ਗਈ ਹੈ ਕਿ 138 ਬਲਾਕਾਂ ’ਚੋਂ 109 ਬਲਾਕਾਂ ’ਚ ਪਾਣੀ ਪੱਧਰ ਬਹੁਤ ਡਿੱਗ ਚੁੱਕਾ ਹੈ ਅਤੇ ਇਨ੍ਹਾਂ ਨੂੰ ਡਾਰਕ ਜ਼ੋਨ ਕਰਾਰ ਦਿੱਤਾ ਜਾ ਚੁੱਕਾ ਹੈ

ਸੂਬਾ ਸਰਕਾਰ ਨੂੰ ਤਲਾਬ ਇਨਕਲਾਬ ਲਈ ਪਹਿਲ ਕਰਨੀ ਚਾਹੀਦੀ ਹੈ ਵਰਖਾ ਦੇ ਪਾਣੀ ਨੂੰ ਤਲਾਬਾਂ ’ਚ ਇਕੱਠਾ ਕਰਕੇ ਪਾਣੀ ਦੀ ਵਰਤੋਂ ਵਰਖਾ ਤੋਂ ਬਾਅਦ ਕੀਤੀ ਜਾ ਸਕਦੀ ਹੈ ਜਿਸ ਨਾਲ ਧਰਤੀ ’ਚੋਂ ਪਾਣੀ ਕੱਢਣ ਦੀ ਵੀ ਜ਼ਰੂਰਤ ਘਟੇਗੀ ਅਤੇ ਤਲਾਬਾਂ ਦਾ ਪਾਣੀ ਧਰਤੀ ਹੇਠਲੇ ਪਾਣੀ ਦੇ ਭੰਡਾਰ ਨੂੰ ਭਰਪੂਰ ਕਰੇਗਾ ਜੇਕਰ ਇੱਕ ਪਿੰਡ ’ਚ ਦੋ-ਤਿੰਨ ਤਲਾਬ ਬਣ ਜਾਂਦੇ ਹਨ ਤਾਂ ਪਾਣੀ ਦੀ ਸਮੱਸਿਆ ਘਟੇਗੀ ਇੱਥੋਂ ਤੱਕ ਕਿ ਵਰਖਾ ਦਾ ਪਾਣੀ ਪੀਣ ਲਈ ਵਰਤਿਆ ਜਾ ਸਕਦਾ ਹੈ

ਰਾਜਸਥਾਨ ਦੇ ਕੁਝ ਪਿੰਡਾਂ ’ਚ ਅੱਜ ਵੀ ਨਹਿਰੀ ਪਾਣੀ ਪਹੁੰਚਣ ਦੇ ਬਾਵਜੂਦ ਉੱਥੇ ਵਰਖਾ ਦਾ ਪਾਣੀ ਪੀਣ ਲਈ ਸਟੋਰ ਕੀਤਾ ਜਾਂਦਾ ਹੈ ਜੋ ਨਹਿਰੀ ਪਾਣੀ ਨਾਲੋਂ ਵੀ ਜਿਆਦਾ ਗੁਣਕਾਰੀ ਹੈ ਪੰਜਾਬ ’ਚ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਜਿਲ੍ਹੇ ’ਚ ਇਸ ਵਾਰ ਵਰਖਾ ਦੇ ਪਾਣੀ ਨਾਲ ਫ਼ਸਲਾਂ ਦਾ ਵੱਧ ਨੁਕਸਾਨ ਹੋਇਆ ਹੈ ਇਹਨਾਂ ਦੋ ਜ਼ਿਲ੍ਹਿਆਂ ’ਚ ਪਾਇਲਟ ਪ੍ਰਾਜੈਕਟ ਸ਼ੁਰੂ ਕੀਤੇ ਜਾ ਸਕਦੇ ਹਨ ਤਲਾਬ ਬਣਨ ਨਾਲ ਡੋਬੇ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ ਰਾਜਸਥਾਨ ਸਰਕਾਰ ਨੇ ਪਿੰਡਾਂ ’ਚ ਡੈਮ ਦੀ ਯੋਜਨਾ ਬਣਾਈ ਹੋਈ ਹੈ

ਹਾਲਾਂਕਿ ਉੱਥੇ ਮੀਂਹ ਵੀ ਘੱਟ ਪੈਂਦਾ ਹੈ ਪੰਜਾਬ ’ਚ ਵਰਖਾ ਜਿਆਦਾ ਹੋਣ ਕਰਕੇ ਤਲਾਬਾਂ ਦੀ ਸਕੀਮ ਜਿਆਦਾ ਕਾਮਯਾਬ ਹੋ ਸਕਦੀ ਹੈ ਕੁਦਰਤ ਦੇ ਵਰਦਾਨ ਪਾਣੀ ਨੂੰ ਤਬਾਹੀ (ਡੋਬੇ) ਤੋਂ ਵੀ ਰੋਕਿਆ ਜਾ ਸਕਦਾ ਹੈ ਪੰਜਾਬ ਦੇ ਕਿਸਾਨਾਂ ਤੇ ਸਰਕਾਰ ਕੋਲ ਫੰਡ ਦੀ ਕਮੀ ਨਹੀਂ ਹੈ ਛੱਤੀਸਗੜ੍ਹ ਵਰਗੇ ਸੂਬੇ ਦੇ ਕਈ ਪਿੰਡਾਂ ’ਚ ਇੱਕ-ਇੱਕ ਬੰਦੇ ਨੇ ਕਹੀ ਨਾਲ ਹੀ ਤਲਾਬ ਪੁੱੱਟ ਕੇ ਪੂਰੇ ਪਿੰਡ ਦੀ ਸਮੱਸਿਆ ਹੱਲ ਕਰ ਦਿੱਤੀ ਹੈ ਤਾਂ ਪੰਜਾਬ ਦੇ ਕਿਸਾਨਾਂ ਕੋਲ ਆਪਣੇ 50 ਹਾਰਸ ਪਾਵਰ ਦੇ ਟਰੈਕਟਰ ਹਨ ਤੇ ਸਰਕਾਰ ਵੀ ਗਰਾਂਟ/ਸਬਸਿਡੀ ਦੇ ਕੇ ਲੋਕਾਂ ਦੀ ਮੱਦਦ ਕਰ ਸਕਦੀ ਹੈ

ਸਰਕਾਰ ਤੇ ਲੋਕਾਂ ਨੂੰ ਹਿੰਮਤ ਵਿਖਾਉਣੀ ਪਵੇਗੀ ਹਿੰਮਤ ਵਿਖਾਉਣ ਵਾਲੇ ਹਰ ਮੁਸ਼ਕਲ ਦਾ ਹੱਲ ਕੱਢ ਲੈਂਦੇ ਹਨ ਸਿਰਫ਼ ਸਿਆਸੀ ਬਿਆਨ ਦੇਣ ਜਾਂ ਇੱਕ-ਦੂਜੇ ਸੂਬੇ ਨੂੰ ਕੋਸਣ ਦੀ ਬਜਾਇ ਕੁਦਰਤ ਦੇ ਵਰਦਾਨ ਨੂੰ ਵਰਤਣ ’ਤੇ ਜ਼ੋਰ ਦੇਣਾ ਪਵੇਗਾ ਜੇਕਰ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੂੰ ਸੂਬੇ ਦੇ ਰੇਗਿਸਤਾਨ ਬਣਨ ਦੀ ਚਿੰਤਾ ਹੈ ਤਾਂ ਵਾਰ-ਵਾਰ ਚਿੰਤਾ ਪ੍ਰਗਟ ਕਰਨ ਨਾਲੋਂ ਇਸ ਦੇ ਹੱਲ ਲਈ ਕੁਝ ਕਰਨਾ ਚਾਹੀਦਾ ਹੈ ਵਰਖਾ ਦਾ ਪਾਣੀ ਬਹੁਤ ਕੁਝ ਕਹਿ ਰਿਹਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ