ਹਥਲੇ ਲੇਖ ਦੀ ਸ਼ੁਰੂਆਤ ਮੈਂ ਇੱਕ ਸ਼ਿਅਰ ਨਾਲ ਕਰ ਰਿਹਾ ਹਾਂ ਕਿ:-
ਮੰਨਿਆ ਕਿ ਸਾਦਗੀ ਦਾ ਦੌਰ ਨਹੀਂ,
ਪਰ ਸਾਦਗੀ ਤੋਂ ਚੰਗਾ ਕੁਝ ਹੋਰ ਨਹੀਂ।
ਇਸ ਸ਼ਿਅਰ ਦੀਆਂ ਉਪਰੋਕਤ ਸਤਰਾਂ ਤੋਂ ਤੁਸੀਂ ਭਲੀ-ਭਾਂਤ ਜਾਣ ਹੀ ਗਏ ਹੋਵੋਗੇ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ। ਅਸੀਂ ਅੱਜ ਇਸ ਲੇਖ ਰਾਹੀਂ ਸਾਦਗੀ ਦੀ ਗੱਲ ਕਰਨ ਜਾ ਰਹੇ ਹਾਂ ਜੋ ਸਾਡੀ ਜ਼ਿੰਦਗੀ ਦੇ ਵਿੱਚੋਂ ਮਨਫੀ ਹੁੰਦੀ ਜਾ ਰਹੀ ਹੈ। ਹਰ ਸਾਲ 12 ਜੁਲਾਈ ਨੂੰ ਰਾਸ਼ਟਰੀ ਸਾਦਗੀ ਦਿਵਸ ਸਾਡੇ ਦੇਸ਼ ਵਿਚ ਮਨਾਇਆ ਜਾਂਦਾ ਹੈ। ਇਹ ਦਿਨ ਆਪਣੇ-ਆਪ ਵਿਚ ਇੱਕ ਬੜਾ ਵਿਸ਼ੇਸ਼, ਵਿਲੱਖਣ ਤੇ ਮਹੱਤਵਪੂਰਨ ਦਿਵਸ ਹੈ। ਇਸ ਦਿਨ ਨੂੰ ਹੈਨਰੀ ਡੇਵਿਡ ਥੋਰੂ ਇੱਕ ਕਵੀ, ਸਿਰਜਣਹਾਰ ਅਤੇ ਮੁੱਖ-ਅੰਤਰ ਵਿਗਿਆਨੀ ਦੇ ਜੀਵਨ, ਕੰਮ ਅਤੇ ਫਲਸਫਿਆਂ ਦਾ ਸਨਮਾਨ ਕਰਨ ਵਜੋਂ ਦੇਖਿਆ ਜਾਂਦਾ ਹੈ।
ਉਹ ਸਾਦਗੀ ਭਰਪੂਰ ਜ਼ਿੰਦਗੀ ਜਿਊਣ ਦੇ ਫਲਸਫੇ ਤੇ ਆਪਣੇ ਆਲੇ-ਦੁਆਲੇ ਵਿਚੋਂ ਜੁਗਤਾਂ ਲੱਭ ਕੇ ਸਾਦਗੀ ਦੇ ਵਿਸ਼ੇ ’ਤੇ ਕਿਤਾਬਾਂ ਲਿਖਦੇ ਸਨ, ਉਨ੍ਹਾਂ ਦੀਆਂ ਕਿਤਾਬਾਂ ਦਾ ਤੱਤ ਸਾਰ ਸੀ ਕਿ ਸ਼ੁੱਧ ਵਾਤਾਵਰਨ ਵਿੱਚ ਅਸੀਂ ਕਿਵੇਂ ਅਸਾਨ ਜੀਵਨ ਸਾਦਗੀ ਨਾਲ ਜਿਉਂ ਸਕਦੇ ਹਾਂ। ਅਸੀਂ ਅਜੋਕੀ ਤੜਕ-ਭੜਕ ਭਰੀ ਜ਼ਿੰਦਗੀ ਵਿੱਚ ਭਾਵੇਂ ਆਪਣੀ ਜ਼ਿੰਦਗੀ ਲੰਘਾ ਤਾਂ ਰਹੇ ਹਾਂ, ਪਰ ਆਪਣੇ ਜੀਵਨ ਵਿੱਚ ਸ਼ਾਂਤੀ ਲਈ ਸਾਦਗੀ ਬਹੁਤ ਜ਼ਰੂਰੀ ਹੈ।
ਅਨੇਕਾਂ ਹੀ ਸ਼ਖਸੀਅਤਾਂ ਆਪਣੀ ਸਾਦਗੀ ਭਰੀ ਜ਼ਿੰਦਗੀ ਲਈ ਜਾਣੀਆਂ ਜਾਂਦੀਆਂ ਹਨ। ਸਾਦਗੀ ਕਈ ਤਰ੍ਹਾਂ ਦੀ ਹੈ, ਜਿਸ ਵਿਚੋਂ ਅਸੀਂ ਚੁਣਨਾ ਹੈ ਕਿ ਅਸੀਂ ਕਿਹੜੀ ਸਾਦਗੀ ਅਪਣਾ ਕੇ ਆਪਣੀ ਜ਼ਿੰਦਗੀ ਨੂੰ, ਆਪਣੇ ਮਨ ਨੂੰ ਸ਼ਾਂਤੀ ਭਰਪੂਰ ਬਣਾ ਸਕਦੇ ਹਾਂ। ਅੱਜ ਦਾ ਇਹ ਦਿਨ, ਪੰਜਾਬੀ ਦੀ ਇੱਕ ਕਹਾਵਤ ਕਿ ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ ਨੂੰ ਵੀ ਝੁਠਲਾਉਂਦਾ ਹੈ ਕਿ ਜੇਕਰ ਜੱਗ ਭਾਉਂਦਾ ਪਹਿਨੀਏ ਤਾਂ ਅਜੋਕਾ ਯੁੱਗ ਇੰਨਾ ਜ਼ਿਆਦਾ ਫੈਸ਼ਨੇਬਲ ਹੋ ਗਿਆ ਹੈ ਕਿ ਹਰ ਕੋਈ ਇਸ ਫੈਸ਼ਨ ਅਨੁਸਾਰ ਆਪਣੀ ਜੀਵਨਸ਼ੈਲੀ ਢਾਲਣਾ ਚਾਹੁੰਦਾ ਹੈ।
ਮਾਲਵੇ ਵਿੱਚ ਇੱਕ ਕਹਾਵਤ ਪ੍ਰਚੱਲਤ ਹੈ ਕਿ ਗਿੱਲੇ ਬਿਨਾਂ ਸਰਦਾ ਨਹੀਂ ਤੇ ਸੁਕ-ਪੁਕੇ ਜਿਹੀ ਰੀਸ ਨਹੀਂ ਇਸ ਕਹਾਵਤ ਵਾਂਗ ਹੀ ਬਹੁਤੇ ਲੋਕ ਵੀ ਅਜਿਹਾ ਹੀ ਸੋਚਦੇ ਹਨ ਕਿ ਜ਼ਮਾਨੇ ਦੇ ਨਾਲ ਭਾਵ ਫੈਸ਼ਨੇਬਲ ਜਿਹੀ ਜ਼ਿੰਦਗੀ ਜਿਉਣੀ ਪੈਂਦੀ ਹੈ, ਉਂਝ ਸਾਦੇਪਣ ਜਾਂ ਸਾਦਗੀ ਜਿਹੀ ਰੀਸ ਨਹੀਂ, ਮੇਰੀ ਗੱਲ ਦਾ ਭਾਵ ਹੈ ਕਿ ਕਈ ਲੋਕ ਆਪਣੇ ਸਟੇਟਸ ਸਿੰਬਲ ਕਾਰਨ ਉਹ ਜ਼ਿੰਦਗੀ ਵੀ ਜਿਊਂਦੇ ਹਨ ਜੋ ਉਂਝ ਉਹ ਜਿਉਣਾ ਨਹੀਂ ਚਾਹੁੰਦੇ।
ਅਗਲੀ ਗੱਲ ਵੀ ਇੱਕ ਸ਼ਿਅਰ ਤੋਂ ਹੀ ਸ਼ੁਰੂ ਕਰਦੇ ਹਾਂ ਕਿ:-
ਤੇਰੀ ਸਾਦਗੀ ਨੇ ਮਨ ਮੇਰਾ ਮੋਹ ਲਿਆ,
ਮੈਨੂੰ ਮੇਰੇ ਆਪੇ ਤੋਂ ਹੀ ਤੂੰ ਤਾਂ ਖੋਹ ਲਿਆ।
ਹੁਣ ਜੇਕਰ ਆਪਾਂ ਸੁੰਦਰਤਾ ਦੀ ਗੱਲ ਕਰੀਏ ਤਾਂ ਸਾਦਗੀ ਵਿੱਚ ਵੀ ਹੈ ਸੁੰਦਰਤਾ। ਬੱਸ ਸਾਨੂੰ ਆਪਣਾ ਦਿ੍ਰਸ਼ਟੀਕੋਣ ਥੋੜ੍ਹਾ ਬਦਲਣਾ ਪੈਣਾ ਹੈ। ਜੇਕਰ ਗੱਲ ਔਰਤਾਂ ਦੇ ਸੱਜਣ-ਸੰਵਰਨ ਦੀ ਕਰੀਏ ਤਾਂ ਉੱਥੇ ਵੀ ਸਾਦਗੀ ਦੀ ਕਈ ਥਾਵਾਂ ’ਤੇ ਲੋੜ ਅਤੇ ਆਪਣੀ ਮਹੱਤਤਾ ਹੈ। ਇੱਥੇ ਗੱਲ ਆਉਂਦੀ ਹੈ ਸੁੰਦਰਤਾ ਦੇ ਮਾਪਦੰਡ ਦੀ ਕਿ ਇਨਸਾਨ ਕਿਸ ਨੂੰ ਸੁੰਦਰ ਲੱਗਣਾ ਸਮਝਦਾ ਹੈ?
ਕੁਦਰਤ ਨੂੰ ਪਸੰਦ ਕਰਨ ਵਾਲੇ ਰੂਹਾਨੀ ਵਿਅਕਤੀ ਅਕਸਰ ਸਾਦਗੀ ਪਸੰਦ ਹੁੰਦੇ ਹਨ। ਉਹ ਆਪਣੀ ਅਮੀਰੀ ਦਾ ਦਿਖਾਵਾ ਨਹੀਂ ਕਰਦੇ। ਸਾਦੀਆਂ ਆਦਤਾਂ, ਮਹਿੰਗੀਆਂ ਨਹੀਂ ਹੁੰਦੀਆਂ ਅਤੇ ਮਹਿੰਗੀਆਂ ਆਦਤਾਂ, ਸਾਦਗੀ ਵਾਲੀਆਂ ਨਹੀਂ ਹੁੰਦੀਆਂ। ਸਹੀ ਅਰਥਾਂ ਵਿੱਚ ਸਾਦਗੀ ਵਿੱਚ ਹੀ ਜ਼ਿੰਦਗੀ ਦੀ ਤਾਜ਼ਗੀ ਹੇੈ। ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਸਾਦਗੀ ਲੈ ਆਈਏ, ਭਾਵ ਵਿਆਹ ਕਰਨਾ ਹੋਵੇ ਤਾਂ ਕੀ ਲੋੜ ਹੈ ਲੱਖਾਂ ਰੁਪਏ ਖਰਚਣ ਦੀ, ਵਿਆਹ ਬਿਲਕੁਲ ਸਾਦਾ ਵੀ ਕਰ ਸਕਦੇ ਹਾਂ ਜਿਸ ਵਿੱਚ ਖ਼ਰਚਾ ਘੱਟ ਆਵੇ, ਉਸੇ ਪੈਸੇ ਨਾਲ ਤੁਸੀਂ ਕਿਸੇ ਸਮਾਜਸੇਵੀ ਸੰਸਥਾ ਜਾਂ ਕਿਸੇ ਲੋੜਵੰਦ ਵਿਅਕਤੀ ਦੀ ਮੱਦਦ ਕਰ ਦੇਵੋ।
ਉਸ ਦੇ ਨਾਲ ਤੁਹਾਡੀ ਸ਼ਾਨ ਘਟੇਗੀ ਨਹੀਂ ਸਗੋਂ ਹੋਰ ਵੀ ਵਧੇਗੀ। ਫੋਕੀ ਸ਼ਾਨੋ-ਸ਼ੌਕਤ ਦਿਖਾਉਣ ਲਈ ਕਰਜਾ ਚੁੱਕ ਕੇ ਮਹਿੰਗੀਆਂ ਗੱਡੀਆਂ, ਮਹਿੰਗੇ ਪਹਿਰਾਵੇ, ਮਹਿੰਗੇ ਤੋਹਫ਼ੇ ਆਦਿ ਤੋਂ ਗੁਰੇਜ਼ ਕਰੀਏ ਤੇ ਸਾਦਗੀ ਨੂੰ ਜ਼ਿੰਦਗੀ ਜਿਉਣ ਦੀ ਜਾਚ ਬਣਾ ਲਈਏ ਤਾਂ ਜ਼ਿੰਦਗੀ ਜਿਉਣ ਦਾ ਮਜ਼ਾ ਹੀ ਅਲੱਗ ਹੋਵੇਗਾ।
ਬਠਿੰਡਾ ਮੋ. 80547-57806
ਹਰਮੀਤ ਸਿਵੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ