ਯੂਨੀਅਨ ਵੱਲੋਂ ਲਿਖਤੀ ਟੈਸਟ ਰੱਦ ਨਾ ਕਰਨ ‘ਤੇ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ
(ਮਨੋਜ) ਬਾਦਸ਼ਾਹਪੁਰ/ ਘੱਗਾ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੀਆਂ ਵੋਟਾਂ ਵੇਲੇ ਪੰਜਾਬ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਵਾਅਦਾ ਕੀਤਾ ਸੀ। ਪਰ ਉਸ ਦੇ ਉਲਟ ਪਾਵਰਕਾਮ ਦੀ ਮੈਨੇਜਮੈਂਟ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਰੁਜਗਾਰ ਖੋਹ ਰਹੀ ਹੈ। ਸਤਨਾਮ ਸਿੰਘ ਹਰਚੰਦਪੁਰਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਅਦਾਰੇ ਅੰਦਰ 1690 ਸਹਾਇਕ ਲਾਈਨਮੈਨ ਭਰਤੀ ਕਰਨ ਜਾ ਰਹੀ ਹੈ ਤੇ ਉਸ ਉਪਰ ਲਿਖਤੀ ਟੈਸਟ ਰੱਖਣ ਦੀ ਤਿਆਰੀ ਕਰ ਰਹੀ ਹੈ।
ਜੋ ਕਿ ਸਾਡੇ ਨਾਲ ਸਰਾਸਰ ਧੱਕਾ ਹੈ ਕਿਉਂਕਿ ਇਹ ਟੈਸਟ ਏਨਾ ਔਖਾ ਤੇ ਆਈ.ਏ.ਐੱਸ ਲੈਵਲ ਦਾ ਹੁੰਦਾ ਹੈ ਜਿਸ ਨੂੰ ਪਾਸ ਕਰਨਾ ਬਹੁਤ ਹੀ ਔਖਾ ਹੈ। ਸਾਲ 2021ਵਿਚ ਪਾਵਰਕਾਮ ਵੱਲੋਂ 1700 ਸਹਾਇਕ ਲਾਇਨਮੈਨ ਦੀਆਂ ਪੋਸਟਾਂ ਲਿਖਤੀ ਟੈਸਟ ਨਾਲ ਕੱਢੀਆਂ ਸਨ। ਜਿਸ ਵਿੱਚੋਂ ਸਿਰਫ 3 ਉਮੀਦਵਾਰ ਹੀ ਪਾਸ ਹੋਏ ਸਨ। ਜਦੋਂ ਕਿ 2011 ਤੋਂ ਲੈ ਕੇ 2020 ਤੱਕ ਪਾਵਰਕਾਮ ਦੀ ਮੈਨੇਜਮੈਂਟ ਨੇ 8300 ਦੇ ਕਰੀਬ ਲਾਈਨਮੈਨ ਅਤੇ ਸਹਾਇਕ ਲਾਈਨਮੈਨ ਬਿਨਾਂ ਟੈਸਟ ਅਪ੍ਰੈਂਟਿਸਸ਼ਿਪ ਦੀ ਮੈਰਿਟ ਦੇ ਅਧਾਰ ’ਤੇ ਭਰਤੀ ਕੀਤੇ ਗਏ ਹਨ।
ਸਤਨਾਮ ਸਿੰਘ ਹਰਚੰਦਪੁਰਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ 2 ਸਾਲ ਦੀ ਆਈ.ਟੀ.ਆਈ ਟੈਸਟ ਦੇਕੇ ਪਾਸ ਕੀਤੀ ਹੈ ਤੇ ਹੁਣ ਪਾਵਰਕਾਮ ਦੇ ਵਿੱਚ 1 ਸਾਲ ਦੀ ਅਪ੍ਰੈਂਟਿਸਸ਼ਿਪ ਕਰ ਟੈਸਟ ਪਾਸ ਕਰਕੇ ਨੌਕਰੀ ਲੈਣ ਦੇ ਯੋਗ ਹੋ ਚੁੱਕੇ ਹਾਂ। ਹੁਣ ਦੁਬਾਰਾ ਸਾਨੂੰ ਰੁਜਗਾਰ ਤੋਂ ਦੂਰ ਕਰਨ ਲਈ ਪਾਵਰਵਾਮ ਦੀ ਮੈਨੇਜਮੈਂਟ ਵੱਲੋਂ ਔਖੇ ਲਿਖਤੀ ਟੈਸਟ ਦੇਣ ਦੀ ਕੰਧ ਖੜੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਿੰਘ ਵੱਲੋਂ ਪਿਛਲੇ ਦਿਨੀਂ ਆਪਣੇ ਭਾਸ਼ਨ ਵਿੱਚ ਇੱਕ ਗੱਲ ਕਹੀ ਸੀ ਕਿ ਇੱਕ ਵਾਰ ਇਕ ਡਾਕੀਏ ਦੀ ਪੋਸਟ ਲਈ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਧਰਤੀ ਤੋਂ ਚੰਨ ਤੱਕ ਦੀ ਦੂਰੀ ਕਿੰਨੀ ਹੈ। ਜਦੋਂ ਕਿ ਇਨ੍ਹਾਂ ਸਵਾਲਾਂ ਦਾ ਡਾਕੀਏ ਦੀ ਪੋਸਟ ਨਾਲ ਕੋਈ ਮੇਲ ਨਹੀਂ ਸੀ।
ਉਸੇ ਤਰ੍ਹਾਂ ਹੁਣ ਪਾਵਰਕਾਮ ਦੀ ਮੈਨੇਜਮੈਂਟ ਸਾਡੇ ਨਾਲ ਕਰ ਰਹੀ ਹੈ। ਜਦੋਂ ਕਿ ਸਾਡਾ ਕੰਮ ਖੇਤਾਂ ਵਿਚ ਕਿਸਾਨਾਂ ਨੂੰ ਬਿਜਲੀ ਸਪਲਾਈ ਨਿਰਵਿਘਨ ਦੇਣੀ ਤੇ ਪਿੰਡਾਂ ਵਿਚ ਘਰਾਂ ਦੀ ਸਪਲਾਈ ਨੂੰ ਬਹਾਲ ਰੱਖਣਾ ਹੈ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀਆਂ 1690 ਸਹਾਇਕ ਲਾਈਨਮੈਨ ਪੋਸਟਾਂ ਤੇ ਲਿਖਤੀ ਟੈਸਟ ਰੱਦ ਕੀਤਾ ਜਾਵੇ ਤੇ ਪਹਿਲਾਂ ਵਾਂਗ ਅਪ੍ਰੈਂਟਿਸਸ਼ਿਪ ਦੀ ਮੈਰਿਟ ਦੇ ਅਧਾਰ ਤੇ ਭਰਤੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਬੇਰੁਜਗਾਰ ਨੌਜਵਾਨਾ ਰੁਜ਼ਗਾਰ ਮਿਲ ਸਕੇ ਨਹੀਂ ਤਾਂ ਅਸੀਂ ਤਿੱਖਾ ਸੰਗਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਰਕੇਸ਼ ਕੁਮਾਰ, ਮਲਕੀਤ ਸਿੰਘ, ਸਾਹਿਬ ਸਿੰਘ, ਗੁਰਲਾਲ ਸਿੰਘ, ਜੱਗੀ ਸਿੰਘ, ਜਸਵੀਰ ਸਿੰਘ, ਗੁਰਦਿੱਤ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ