ਮੁੱਖ ਮੰਤਰੀ ਵੱਲੋਂ ਨਵੇਂ ਭਰਤੀ ਹੋਏ ਪਟਵਾਰੀਆਂ ਲਈ ਸਿਖਲਾਈ ਸਮੇਂ ਵਿੱਚ ਕਟੌਤੀ ਦਾ ਐਲਾਨ
- ਮਾਲ ਵਿਭਾਗ ਵਿੱਚ ਕਾਰਜਕੁਸ਼ਲਤਾ ਵਧਾਉਣ ਦੇ ਮੰਤਵ ਨਾਲ ਚੁੱਕਿਆ ਕਦਮ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਮਾਲ ਵਿਭਾਗ ਦੀ ਕਾਰਜਕੁਸ਼ਲਤਾ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਅੱਜ ਨਵੇਂ ਭਰਤੀ ਹੋਏ ਪਟਵਾਰੀਆਂ ਦਾ ਸਿਖਲਾਈ ਸਮਾਂ ਘਟਾਉਣ ਦਾ ਐਲਾਨ ਕੀਤਾ। ਇੱਥੇ ਮਿਊਂਸਿਪਲ ਭਵਨ ਵਿਖੇ ਨਵੇਂ ਭਰਤੀ ਹੋਏ 855 ਪਟਵਾਰੀਆਂ ਨੂੰ ਜ਼ਿਲ੍ਹਿਆਂ ਦੀ ਅਲਾਟਮੈਂਟ ਦੇ ਪੱਤਰ ਵੰਡਣ ਲਈ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਖਲਾਈ ਦਾ ਸਮਾਂ ਘਟਣ ਨਾਲ ਫੀਲਡ ਵਿੱਚ ਪਟਵਾਰੀਆਂ ਦੀ ਕਾਰਜਕੁਸ਼ਲਤਾ ਵਧੇਗੀ, ਜਿਸ ਨਾਲ ਆਮ ਆਦਮੀ ਨੂੰ ਸਹੂਲਤ ਮਿਲੇਗੀ।
ਉਨਾਂ ਕਿਹਾ ਕਿ ਸੂਬਾ ਸਰਕਾਰ ਹਰੇਕ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਸੁਚਾਰੂ ਕਰਨ ਲਈ ਵਚਨਬੱਧ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਇਹ ਸਮੇਂ ਦੀ ਲੋੜ ਹੈ।
ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਕੰਮ ਇਮਾਨਦਾਰੀ ਤੇ ਤਨਦੇਹੀ ਨਾਲ ਕਰਨ ਲਈ ਪ੍ਰੇਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ (ਪਟਵਾਰੀਆਂ) ਨੂੰ ਆਪਣੀ ਕਲਮ ਦੀ ਵਰਤੋਂ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਦੀ ਸੇਵਾ ਲਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪਟਵਾਰੀ ਆਪਣੀ ਸੇਵਾ ਇਮਾਨਦਾਰੀ ਨਾਲ ਨਿਭਾਉਣ ਤਾਂ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ (CM Bhagwant Mann ) ਨੇ ਉਮੀਦ ਜਤਾਈ ਕਿ ਪਟਵਾਰੀ ਪੂਰੀ ਤਰਾਂ ਪੇਸ਼ੇਵਰ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਨ ਅਤੇ ਜ਼ਮੀਨ ਨਾਲ ਜੁੜੇ ਰਹਿਣ।
ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਖ਼ਤ ਮਿਹਨਤ, ਦਿ੍ਰੜ ਇਰਾਦੇ ਤੇ ਸਮਰਪਣ ਕਾਰਨ ਹੀ ਉਹ ਇਸ ਚੋਣ ਵਿੱਚ ਸਫ਼ਲ ਹੋਏ ਹਨ। ਉਨਾਂ ਕਿਹਾ ਕਿ ਸਖ਼ਤ ਮਿਹਨਤ ਕਰਨ ਵਾਲੇ ਨੌਜਵਾਨ ਇਸ ਅਹੁਦੇ ਦੇ ਹੱਕਦਾਰ ਸਨ ਕਿਉਂਕਿ ਉਹ ਬੇਹੱਦ ਮੁਕਾਬਲੇ ਤੋਂ ਬਾਅਦ ਮੈਰਿਟ ਵਿੱਚ ਆਏ ਹਨ। ਭਗਵੰਤ ਮਾਨ ਨੇ ਕਿਹਾ ਕਿ ਪਾਰਦਰਸ਼ੀ ਤਰੀਕੇ ਨਾਲ ਅਜਿਹੀਆਂ ਹੋਰ ਭਰਤੀਆਂ ਜਾਰੀ ਹਨ ਅਤੇ ਇਹ ਛੇਤੀ ਨੇਪਰੇ ਚੜਨਗੀਆਂ।
ਪਿਛਲੀਆਂ ਸਰਕਾਰਾਂ ’ਤੇ ਸਾਧਿਆ ਨਿਸ਼ਾਨਾ
ਪਿਛਲੀਆਂ ਸਰਕਾਰਾਂ ਉਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਆਪਣੇ ਮੁੱਢਲੇ ਦਿਨਾਂ ਵਿੱਚ ਹੀ ਲੋਕਾਂ ਦੀ ਭਲਾਈ ਲਈ ਕਈ ਮਿਸਾਲੀ ਪਹਿਲਕਦਮੀਆਂ ਕੀਤੀਆਂ ਹਨ, ਜਦੋਂ ਕਿ ਪਿਛਲੀਆਂ ਸਰਕਾਰਾਂ ਆਪਣੇ ਕਾਰਜਕਾਲ ਦੇ ਅੰਤ ਵਿੱਚ ਅਜਿਹੇ ਕੰਮ ਕਰਦੀਆਂ ਸਨ। ਉਨਾਂ ਕਿਹਾ ਕਿ ਇਸ ਸਰਕਾਰ ਨੇ ਆਪਣੇ ਕੁੱਝ ਦਿਨਾਂ ਵਿੱਚ ਹੀ ਇੰਨੇ ਕੰਮ ਕੀਤੇ ਹਨ, ਜਿੰਨੇ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ। ਭਗਵੰਤ ਮਾਨ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਨਦੇਹੀ ਤੇ ਮਿਸ਼ਨਰੀ ਉਤਸ਼ਾਹ ਨਾਲ ਆਪਣਾ ਕੰਮ ਜਾਰੀ ਰੱਖਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ-ਪੱਖੀ ਤੇ ਤਰੱਕੀ ਯਾਫਤਾ ਨੀਤੀਆਂ ਨਾਲ ਲੋਕ ਉਤਸ਼ਾਹਤ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਉਤਸ਼ਾਹ ਨਾਲ ਨਿਭਾਉਣਗੇ। ਉਨਾਂ ਕਿਹਾ, “ਸਾਡੀ ਸਰਕਾਰ ਦੇ ਗਠਨ ਤੋਂ ਹੀ ਪੰਜਾਬ ਦੇ ਲੋਕ ਬੇਹੱਦ ਖ਼ੁਸ਼ ਹਨ ਕਿਉਂਕਿ ਹਰ ਰੋਜ਼ ਯੋਗ ਵਿਅਕਤੀਆਂ ਨੂੰ ਨੌਕਰੀਆਂ ਦੇ ਮੌਕੇ ਮਿਲ ਰਹੇ ਹਨ ਅਤੇ ਭਿ੍ਰਸ਼ਟਾਚਾਰੀਆਂ ਨੂੰ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ।”
ਆਪਣੇ ਸੰਬੋਧਨ ਵਿੱਚ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਨਵ-ਨਿਯੁਕਤ ਪਟਵਾਰੀਆਂ ਨੂੰ ਉਨਾਂ ਦੀ ਵਿਭਾਗ ਵਿੱਚ ਨਿਯੁਕਤੀ ਲਈ ਮੁਬਾਰਕਬਾਦ ਦਿੱਤੀ। ਉਨਾਂ ਜਾਣਕਾਰੀ ਦਿੱਤੀ ਕਿ ਵਿਭਾਗ ਵਿੱਚ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ।
ਇਸ ਮੌਕੇ ਵਿੱਤ ਕਮਿਸ਼ਨਰ ਮਾਲ ਅਨੁਰਾਗ ਅਗਰਵਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਵਿਸ਼ੇਸ਼ ਸਕੱਤਰ ਕੈਪਟਨ ਕਰਨੈਲ ਸਿੰਘ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।