ਇਹ ਗੱਲਾਂ ਵੀ ਸਾਡੇ ਵਿਰਸੇ ਦੀਆਂ ਨੇ
ਪੁਰਾਤਨ ਪੰਜਾਬ ਵਿੱਚ ਕੱਢਵੇਂ, ਦਰੀ ਦੇ ਤੇ ਟੋਕਰੀ ਜਾਂ ਪਲਾਸਟਿਕ ਦੇ ਬੁਣੇ ਹੋਏ ਥੈਲਿਆਂ ਵਿੱਚ ਕੱਪੜੇ ਪਾਏ ਜਾਂਦੇ ਰਹੇ ਹਨ।
ਦੋਸਤੋ ਜਮਾਨੇ ਬਹੁਤ ਅਡਵਾਂਸ ਆ ਗਏ ਹਨ, ਸਮਾਂ ਬੜੀ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਪੁਰਾਣੇ ਸਮਿਆਂ ਦੀਆਂ ਗੱਲਾਂ ਆਪਣੀ ਅਜੋਕੀ ਪੀੜ੍ਹੀ ਨੂੰ ਮਹਿਜ ਮਜਾਕ ਹੀ ਲੱਗ ਰਹੀਆਂ ਹਨ, ਕਿਉਂਕਿ ਓਨਾਂ ਨੇ ਕਿਹੜਾ ਓਹ ਸਮਾਂ ਵੇਖਿਆ ਹੈ, ਇਸ ਲਈ ਇਹ ਗੱਲ ਸੁਭਾਵਿਕ ਵੀ ਹੈ। ਜੇਕਰ ਕਿਸੇ ਬੱਚੇ ਨੂੰ ਸਾਡੇ ਪੁਰਖੇ ਇਹ ਪੁਰਾਤਨ ਸਮਿਆਂ ਵਾਲੀਆਂ ਗੱਲਾਂ ਦਸਦੇ ਵੀ ਹਨ ਤਾਂ ਕੋਈ ਵੀ ਬੱਚਾ ਸੁਨਣ ਲਈ ਤਿਆਰ ਨਹੀਂ, ਹਾਂ ਇੱਕ ਦੋ ਪਰਸੈਂਟ ਬੱਚੇ ਜੇਕਰ ਗਹੁ ਨਾਲ ਸੁਣਦੇ ਵੀ ਹਨ,ਪਰ ਮੰਨਣ ਲਈ ਕੋਈ ਵੀ ਤਿਆਰ ਨਹੀਂ, ਚਲੋ ਖੈਰ
ਜੇਕਰ ਅੱਜ ਤੋਂ ਕਰੀਬ ਚਾਰ ਕੁ ਦਹਾਕੇ ਪਹਿਲਾਂ ਵਾਲੇ ਸਮਿਆਂ ਤੇ ਝਾਤੀ ਮਾਰੀਏ ਤਾਂ ਇਹ ਗੱਲ ਪ੍ਰਪੱਕ ਹੋ ਜਾਂਦੀ ਹੈ ਤੇ ਜੋ ਓਸ ਸਮੇਂ ਦੇ ਸਾਡੇ ਪੁਰਖੇ ਸਾਡੇ ਵਿਚਕਾਰ ਹਰੀ ਕਾਇਮ ਬੈਠੇ ਹਨ ਤਾਂ ਓਹ ਜਰੂਰ ਝੱਟ ਮੰਨ ਵੀ ਜਾਂਦੇ ਹਨ, ਤੇ ਓਹ ਇਨ੍ਹਾਂ ਗੱਲਾਂ ਦੀ ਪ੍ਰੋੜਤਾ ਵੀ ਕਰਦੇ ਹਨ ਤੇ ਓਨਾਂ ਤੋਂ ਹੋਰ ਵੀ ਬੜਾ ਕੁੱਝ ਸਿੱਖਣ ਲਈ ਮਿਲਦਾ ਹੈ।
ਜੇਕਰ ਓਨਾਂ ਸਮਿਆਂ ਦੀ ਗੱਲ ਛੇੜੀਏ ਤਾਂ ਕਿਸੇ ਇੱਕ ਅੱਧਾ ਇਨਸਾਨ ਹੀ ਜੋ ਪੜਿ੍ਹਆ ਲਿਖਿਆ ਜਾਂ ਕੋਈ ਨੌਕਰੀ ਪੇਸ਼ਾ ਕਰਦਾ ਸੀ ਉਹੀ ਆਪਣੇ ਕੱਪੜੇ ਪ੍ਰੈਸ ਕਰਿਆ ਕਰਦੇ ਸਨ ਕਿ ਦਫਤਰੀ ਕੰਮਾਂ ਵਿੱਚ ਇਸ ਚੀਜ ਨੂੰ ਅਹਿਮ ਮੰਨਿਆ ਜਾਂਦਾ ਸੀ, ਕਿਸੇ ਅਫਸਰ ਨਾਲ ਮੀਟਿੰਗ ਕਰਨੀ ਕਿਸੇ ਸਿਆਸੀ ਬੰਦੇ ਨੇ ਦਫਤਰ ਆਉਣ ਵੇਲੇ ਚੰਗੇ ਲਗਦੇ ਸਨ। ਵੈਸੇ ਓਦੋਂ ਜੇਕਰ ਪਰਖਿਆਂ ਤੋਂ ਸੁਣੀਏ ਤਾਂ ਇਹੋ ਜਿਹੇ ਰਿਵਾਜ ਬਹੁਤ ਘੱਟ ਈ ਸਨ ਤੇ ਪੜ੍ਹੇ ਲਿਖੇ ਵੀ ਘੱਟ ਈ ਸਨ, ਸਭ ਨੂੰ ਆਪੋ ਆਪਣੇ ਕੰਮਾਂ ਨਾਲ ਮਤਲਬ ਸੀ ਤੇ ਕਰਦੇ ਵੀ ਆਪੋ ਆਪਣੇ ਹਿੱਸੇ ਦੇ ਕੰਮ ਆਪ ਖੁਦ ਹੀ ਆਪਣੇ ਹੱਥਾਂ ਨਾਲ ਹੀ ਸਨ।
ਵਿਆਹ ਸ਼ਾਦੀਆਂ ਵੇਲੇ ਵੀ ਪੇਟੀਆਂ ਸੰਦੂਕਾਂ ’ਚ ਕੱਪੜੇ ਪਾਉਣ ਲੱਗਿਆਂ ਦਰੀਆਂ, ਖੇਸ, ਚਾਦਰਾਂ ਆਦਿ ਨੂੰ ਛੱਡ ਕੇ ਰੋਜਾਨਾ ਪਾਉਣ ਵਾਲੇ ਸੂਟ ਆਦਿ ਦੀਆਂ ਤਹਿਆਂ ਮਾਰ ਦੇਣੀਆਂ ਤੇ ਸਾਂਭ ਸੰਭਾਲ ਕਰ ਲੈਣੀ। ਜੇਕਰ ਕਿਸੇ ਧੀ ਭੈਣ ਭਾਵੇਂ ਸੱਜ ਵਿਆਹੀ ਹੀ ਕਿਉਂ ਨਾ ਹੋਵੇ ਓਹਨੇ ਆਪਣੇ ਸਾਂਭਣੇ ਹੁੰਦੇ ਤਾਂ ਕੱਪੜੇ ਗੁੱਛੀ ਮੁੱਛੀ ਕਰਕੇ ਦਰੀ ਦੇ, ਕੱਢਵੇਂ ਝੋਲੇ ਜਾਂ ਪਲਾਸਟਿਕ ਦੀ ਬੈਂਤ ਤੋਂ ਬਣਾਏ ਹੋਏ ਸਾਦੇ ਝੋਲਿਆਂ ਵਿੱਚ ਤੇ ਜਾਂ ਬੈਂਤ ਨਾਲ ਬਣੀਆਂ ਟੋਕਰੀਆਂ ਵਿੱਚ ਪਾ ਲੈਣੇ (ਫੋਟੋ ਦੀ ਤਰ੍ਹਾਂ ਬਣੀਆਂ ਟੋਕਰੀਆਂ ਵਿੱਚ ਜੋ ਇਹ ਪੁਰਾਤਨ ਵਿਰਸੇ ਨਾਲ ਸਬੰਧਿਤ ਚੀਜ਼ਾਂ ਹਨ
ਓਹ ਪਿੰਡ ਦੀਵਾਲਾ ਦੇ ਤਸਵਿੰਦਰ ਵੜੈਚ ਨੇ ਸੰਭਾਲ ਕੇ ਰੱਖੀਆਂ ਹੋਈਆਂ ਹਨ ਉਸ ਦਾ ਇਹ ਮਿਊਜੀਅਮ ਭਾਰਤ ਦੇ ਚੋਣਵਿਆਂ ਮਿਊਜਮਾਂ ਵਿੱਚੋਂ ਇੱਕ ਹੈ, ਜਿਸ ਨੂੰ ਦੂਰੋਂ ਦੂਰੋਂ ਲੋਕ ਵੇਖਣ ਲਈ ਆਉਂਦੇ ਹਨ) ਤੇ ਪੇਕੀਂ ਜਾ ਕਿਸੇ ਹੋਰ ਰਿਸ਼ਤੇਦਾਰੀ ਵਿੱਚ ਜਾਣਾ ਓਦੋਂ ਕਈ ਕਈ ਦਿਨ ਰਿਸ਼ਤੇਦਾਰੀਆਂ ਵਿੱਚ ਜਾ ਕੇ ਰਹਿਣ ਦਾ ਰਿਵਾਜ਼ ਹੁੰਦਾ ਸੀ, ਓਨਾਂ ਝੋਲਿਆਂ ’ਚ ਪਾ ਲੈਣੇ, ਪ੍ਰੈਸ ਦਾ ਕੋਈ ਰਿਵਾਜ ਈ ਨਹੀਂ ਸੀ, ਥੈਲੇ ’ਚੋਂ ਕੱਢੀ ਜਾਣੇ ਤੇ ਪਾਈ ਜਾਣੇ। ਜੇਕਰ ਧੋਣ ਦੀ ਲੋੜ ਹੁੰਦੀ ਸੀ ਤਾਂ ਓਥੇ ਈ ਭਾਵ ਜਿਥੇ ਜਾਈਦਾ ਸੀ ਸਾਬੁਣ ਲਾਉਣੀ ਧੋ ਕੇ ਸੁੱਕਣੇ ਪਾ ਦੇਣੇ ਤੇ ਸ਼ਾਮ ਨੂੰ ਫਿਰ ਓਹੀ ਪਾ ਲੈਣੇ, ਕੋਈ ਨਿੰਦ ਵਿਚਾਰ ਨਹੀਂ ਸੀ।
ਜਿਉਂ ਜਿਉਂ ਅਸੀਂ ਅਗਾਂਹ ਵਧੂ ਸੋਚ ਅਪਣਾਉਣ ਲੱਗੇ ਹਾਂ ਭਾਵ ਵੀਹਵੀਂ ਸਦੀ ਦੀ ਤਰੱਕੀ ਵਾਲੀਆਂ ਸਿਖਰਾਂ ਨੂੰ ਛੋਹਿਆ ਹੈ ਓਦੋਂ ਤੋਂ ਹਰ ਇਨਸਾਨ ਧੀਆਂ ਭੈਣਾਂ ਅਜੋਕੀ ਨੌਜਵਾਨ ਪੀੜ੍ਹੀ ਦੀ ਸੋਚ ਹੀ ਬਦਲ ਗਈ ਹੈ। ਅੱਜ ਦੇ ਸਮੇਂ ਵਿੱਚ ਜੇਕਰ ਕਿਸੇ ਵਿਆਹ ਸਾਦੀ ਵਿੱਚ ਜਾਣਾ ਹੋਵੇ ਤਾਂ ਇਹ ਅਜੋਕੇ ਰਿਵਾਜ ਮੁਤਾਬਕ ਪੈਲੇਸਾਂ ਵਿੱਚ ਹੀ ਹੁੰਦੀਆਂ ਹਨ,
ਜਾਣ ਤੋਂ ਪਹਿਲਾਂ ਬੰਦਾ ਤਿੰਨ ਵਾਰ ਅੱਗੇ ਪਿੱਛੇ ਵੇਖਦਾ ਹੈ ਕਿ ਕਿਤੇ ਮੇਰੇ ਕੱਪੜਿਆਂ ਪੈਂਟ ਕਮੀਜ ਜਾਂ ਫਿਰ ਚਿੱਟੇ ਕੁੜਤੇ ਪਜਾਮੇ ਦੀ ਕਰੀਜ ਖਰਾਬ ਤਾਂ ਨਹੀਂ? ਅਜੋਕੇ ਸਮੇਂ ’ਚ ਹਰ ਇਨਸਾਨ ਆਪਣਾ ਇੱਕ ਸੂਟ ਜਾਂ ਕੋਟ ਪੈਂਟ ਮੌਸਮ ਮੁਤਾਬਕ ਨਾਲ ਲੈ ਕੇ ਜਾਂਦਾ ਹੈ ਤੇ ਓਹ ਵੀ ਕਾਰਾਂ ਵਿੱਚ ਅਟੈਚੀ ਵਗੈਰਾ ’ਚ ਨਹੀਂ, ਸਗੋਂ ਹੈਂਗਰ ’ਤੇ ਟੰਗ ਕੇ ਲਜਾਂਦਾ ਹੈ ਜੋ ਕਿ ਅਜੋਕੀਆਂ ਕਾਰਾਂ ਵਿੱਚ ਲੱਗੇ ਲਗਾਏ ਹੀ ਆਉਂਦੇ ਹਨ, ਜੇਕਰ ਕਾਰ ਵਿੱਚ ਬੈਠਣ ਵਾਲੇ ਜਿਆਦਾ ਹੋਣ ਤਾਂ ਬੇਸ਼ੱਕ ਔਖਾ ਹੋਣਾ ਪਵੇ ਪਰ ਕੱਪੜੇ ਦੀ ਕਰੀਜ਼ ਖਰਾਬ ਨਾ ਹੋ ਜਾਵੇ ਹਰ ਇਨਸਾਨ ਇਹੀ ਚਾਹੁੰਦੇ ਹਨ, ਫਿਰ ਭਾਂਤ ਭਾਂਤ ਦੇ ਖੁਸ਼ਬੂਦਾਰ ਪ੍ਰਫਿਊਮ ਦਾ ਵੀ ਬਹੁਤ ਰਿਵਾਜ਼ ਹੈ,
ਬੇਸ਼ੱਕ ਕਿਸੇ ਨੂੰ ਪ੍ਰਫਿਊਮ ਦੀ ਖੁਸ਼ਬੂ ਨਾਲ ਉਲਟੀ ਹੀ ਕਿਉਂ ਨਾ ਆ ਜਾਵੇ ਪਰ ਇਹ ਟਰਿੰਡ ਅਜੋਕੇ ਸਮੇਂ ’ਚ ਸਿਖਰਾਂ ਤੇ ਹੈ, ਭਾਂਤ ਭਾਂਤ ਦੇ ਵਾਲ ਸਟਾਈਲ ਵੀ ਅਜੋਕੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਹਰ ਇੱਕ ਦੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਜਿਥੇ ਮੈਰਿਜ ਪਾਰਟੀ ’ਚ ਜਾਣਾ ਹੈ ਤਾਂ ਓਥੇ ਜਾ ਕੇ ਵੀ ਇੱਕ ਵਾਰ ਸੂਟ ਜਾਂ ਪੈਂਟ ਕਮੀਜ ਪ੍ਰੈਸ ਕਰਾਏ ਜਾਣ, ਅਜੋਕੇ ਸਮੇਂ ’ਚ ਆਮ ਹੀ ਇਹ ਧਾਰਨਾ ਸਭ ਦੀ ਬਣ ਚੁੱਕੀ ਹੈ। ਲੜਕੀ ਲੜਕੇ ਨੂੰ ਬਿਊਟੀ ਪਾਰਲਰ ’ਤੇ ਤਿਆਰ ਕਰਨ ਕਰਾਉਣ ਦਾ ਰਿਵਾਜ ਮਹਿੰਗੇ ਮਹਿੰਗੇ ਲਹਿੰਗੇ ਸ਼ੇਰਵਾਨੀ ਪਾਉਣ ਦਾ ਰਿਵਾਜ਼ ਅਜੋਕੇ ਸਮੇਂ ਵਿੱਚ ਸਿਖਰਾਂ ’ਤੇ ਹੈ
ਹਜ਼ਾਰਾਂ ਰੁਪਏ ਇਸ ਕਾਰਜਾਂ ਤੇ ਨਜਾਇਜ ਖਰਚ ਕੀਤੇ ਜਾਂਦੇ ਹਨ, ਜੋ ਕਿ ਮਹਿਜ ਵਿਖਾਵੇ ਤੋਂ ਬਿਨਾਂ ਕੁਝ ਵੀ ਨਹੀਂ, ਜਦੋਂ ਕਿ ਇਹ ਲਹਿੰਗੇ ਸ਼ੇਰਵਾਨੀ ਆਦਿ ਕੁੱਝ ਘੰਟਿਆਂ ਲਈ ਹੀ ਪਾਉਣੇ ਹੁੰਦੇ ਹਨ, ਪਰ ਸਾਡੇ ਅਜੋਕੇ ਸਮਾਜ ਦਾ ਇਨ੍ਹਾਂ ਬਿਨਾਂ ਨੱਕ ਵੀ ਨਹੀਂ ਰਹਿੰਦਾ। ਕਈ ਅਗਾਂਹ ਵਧੂ ਬੱਚੇ ਕਿਸੇ ਦੀ ਲਾਹੀ ਹੋਈ ਕੋਈ ਚੀਜ ਪਾ ਕੇ ਹੀ ਰਾਜੀ ਨਹੀਂ ਹੁੰਦੇ ਜਦੋਂ ਕਿ ਦੁਕਾਨਦਾਰਾਂ ਨੇ ਇਹ ਚੀਜ਼ਾਂ ਕਿਰਾਏ ’ਤੇ ਦੇਣ ਲਈ ਬਣਾਈਆਂ ਹੁੰਦੀਆਂ ਹਨ, ਓਹ ਫਿਰ ਹਜ਼ਾਰਾਂ ਰੁਪਏ ਲਾ ਕੇ ਆਪਣੀ ਮਨਮਰਜੀ ਦੀ ਸ਼ੇਰਵਾਨੀ ਜਾਂ ਲਹਿੰਗੇ ਬਣਾਉਂਦੇ ਹਨ ਤੇ ਪਾਉਂਦੇ ਹਨ, ਬੇਸ਼ੱਕ ਕੁੱਝ ਘੰਟਿਆਂ ਤੋਂ ਬਾਅਦ ਓਹ ਚੀਜ ਕਦੇ ਵੀ ਤੇ ਕਿਸੇ ਵੀ ਕੰਮ ਨਹੀਂ ਆਉਂਦੀ ਪਰ ਅਸੀਂ ਬਹੁਤ ਜ਼ਿਆਦਾ ਅਮੀਰੀ ਦੀ ਝਲਕ ਵਿੱਚ ਜੀਅ ਰਹੇ ਹਾਂ। ਇਹ ਅਜੋਕੇ ਅਗਾਂਹਵਧੂ ਜਮਾਨੇ ਵਿਚ ਸਭ ਕੁਝ ਹੋ ਰਿਹਾ ਹੈ।
ਇਸੇ ਕਰਕੇ ਹੀ ਅਜੋਕਾ ਹਰ ਇਨਸਾਨ ਕਰਜਾਈ ਹੈ ਭਾਵੇਂ ਜਿੰਮੀਦਾਰ ਭਾਵੇਂ ਦੁਕਾਨਦਾਰ ਭਾਵੇਂ ਨੌਕਰੀ ਪੇਸਏ ਵਾਲੇ ਤੇ ਖੁਦਕਸੀਆਂ ਦੇ ਰਾਹ ਪੈ ਰਿਹਾ ਹੈ, ਇਹ ਗੱਲ ਬਿਲਕੁਲ ਦਰੁਸਤ ਹੈ ਕਿ ਸਮੇਂ ਮੁਤਾਬਿਕ ਆਪਾਂ ਨੂੰ ਜਰੂਰ ਬਦਲਣਾ ਚਾਹੀਦਾ ਹੈ ਤੇ ਬਦਲ ਵੀ ਰਹੇ ਹਾਂ,ਪਰ ਚਾਦਰ ਵੇਖ ਕੇ ਪੈਰ ਪਸਾਰਨੇ ਵੀ ਅਤਿ ਜਰੂਰੀ ਹਨ। ਕੀ ਸਾਡੇ ਪੁਰਖੇ ਇਨਸਾਨ ਨਹੀਂ ਸਨ?ਕੀ ਓਹ ਆਪਣੀ ਜ਼ਿੰਦਗੀ ਵਧੀਆ ਜਿਉਂ ਕੇ ਨਹੀਂ ਗਏ? ਕੀ ਓਹ ਰੋਟੀ ਨਹੀਂ ਸੀ ਖਾਂਦੇ? ਕੀ ਓਨਾਂ ਸਮਿਆਂ ’ਚ ਵਿਆਹ ਨਹੀਂ ਸੀ ਹੁੰਦੇ? ਇਹ ਸਾਰੀਆਂ ਗੱਲਾਂ ਦਾ ਕੋਈ ਮਹੱਤਵ ਹੈ, ਤੇ ਸੋਚਣ ਲਈ ਵੀ ਮਜਬੂਰ ਕਰਦੀਆਂ ਹਨ, ਓਦੋਂ ਦੇ ਕੀਤੇ ਜਾਂ ਕਰਾਏ ਰਿਸ਼ਤੇ ਉਮਰਾਂ ਭਰ ਨਿਭਦੇ ਸਨ ਜੋ ਅਜੋਕੇ ਸਮੇਂ ’ਚ ਦੋ ਮਹੀਨੇ ਵਿਆਹ ਤੋਂ ਬਾਅਦ ਕਚਹਿਰੀ ਦੇ ਚੱਕਰ ਲੱਗਣ ਲੱਗ ਜਾਂਦੇ ਹਨ, ਇਹ ਸਭ ਹਕੀਕੀ ਗੱਲਾਂ ਹਨ ਜੋ ਆਪਾਂ ਆਪਣੀ ਰੋਜਮਰਾ ਦੀ ਜ਼ਿੰਦਗੀ ਵਿੱਚ ਹਰ ਰੋਜ ਵੇਖਦੇ ਹਾਂ।
ਹੁਣ ਤਾਂ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ ਇੱਕ ਅਟੈਚੀ ਹੀ ਆਉਂਦਾ ਹੈ ਕਾਰ ਦੀ ਡਿਗ੍ਹੀ ’ਚ, ਇਹੋ ਜਿਹੇ ਹਾਲਾਤ ਬਣੇ ਹੋਏ ਹਨ ਤੇ ਦਿਨੋਂ ਦਿਨ ਬਣ ਰਹੇ ਹਨ ਵਾਹਿਗੁਰੂ ਭਲੀ ਕਰੇ ਪਰ ਕੀ ਇਨ੍ਹਾਂ ਸਮਿਆਂ ਨਾਲੋਂ ਓਹ ਸਾਦੇ ਵਿਆਹ ਸਾਦਾ ਪਹਿਰਾਵਾ ਘਰਾਂ ’ਚ ਵਿਆਹ ਕਰਨੇ ਸਾਦੇ ਝੋਲਿਆਂ ਵਿੱਚ ਕੱਪੜੇ ਪਾ ਕੇ ਕਿਤੇ ਜਾਣਾ ਆਉਣਾ ਭਰਾਵੀਂ ਪਿਆਰ ਰਿਸਤੇਦਾਰੀਆਂ ਦੀ ਅਹਿਮੀਅਤ ਇਹ ਸਭ ਕੁਝ ਇਸ ਵਿਖਾਵੇ ਭਰੀ ਜ਼ਿੰਦਗੀ ਨਾਲੋਂ ਚੰਗੀ ਨਹੀਂ ਸੀ? ਇਸ ਦਾ ਫੈਸਲਾ ਵੀ ਆਪਾਂ ਆਪ ਖੁਦ ਹੀ ਕਰਨਾ ਹੈ। ਕੀ ਇਸੇ ਤਰ੍ਹਾਂ ਹੀ ਕਰਜਿਆਂ ਦੀ ਮਾਰ ਪੈਂਦੀ ਰਹੇਗੀ ਜਾਂ ਆਪਾਂ ਨੂੰ ਕੁੱਝ ਕੁ ਪੁਰਾਣੇ ਸਮਿਆਂ ਵਿੱਚ ਜੋ ਕੁੱਝ ਹੁੰਦਾ ਸੀ ਓਹ ਅਪਣਾਉਣਾ ਪਊਗਾ, ਇਸ ਦਾ ਫੈਸਲਾ ਵੀ ਆਪਾਂ ਆਪ ਹੀ ਕਰਨਾ ਹੈ।
ਮੇਰੇ ਖਿਆਲ ਅਨੁਸਾਰ ਜੇਕਰ ਬਹੁਤੇ ਨਹੀਂ ਤਾਂ ਕੁੱਝ ਕੁ ਪੁਰਾਣੇ ਰੀਤੀ ਰਿਵਾਜਾਂ ਨੂੰ ਅਪਣਾ ਲਈਏ ਤਾਂ ਕੋਈ ਜਆਦਾ ਫਰਕ ਨਹੀਂ ਪੈਂਦਾ ਤੇ ਨਾ ਹੀ ਕੋਈ ਆਪਾਂ ਨੂੰ ਪਛੜਿਆ ਹੀ ਕਹੇਗਾ, ਹਾਂ ਖੁਦਕਸੀਆਂ ਦੇ ਦੌਰ ਚੋਂ ਕੁੱਝ ਕੁ ਰਾਹਤ ਜਰੂਰ ਮਿਲ ਸਕਦੀ ਹੈ, ਇਹ ਮੇਰਾ ਨਿੱਜੀ ਵਿਚਾਰ ਹੈ, ਬਾਕੀ ਦੋਸਤੋ ਬੱਚਾ ਬੱਚਾ ਅੱਜ-ਕੱਲ੍ਹ ਮਨ ਮਰਜੀ ਦਾ ਮਾਲਕ ਹੈ, ਜੇਕਰ ਕੁਝ ਕਹੀਏ ਤਾਂ ਓਹ ਕਹਿ ਦਿੰਦੇ ਨੇ ਕਿ ਸਾਨੂੰ ਸਭ ਪਤਾ ਹੈ। ਵਾਹਿਗੁਰੂ ਭਲੀ ਕਰੇ। ਇਹੋ ਜਿਹੀਆਂ ਗੱਲਾਂ ਤੇ ਪੁਰਾਤਨ ਸਮੇਂ ਵੇਖੇ ਹੰਢਾਏ ਕਰਕੇ ਕਦੇ ਕਦੇ ਇਹ ਗੱਲਾਂ ਲਿਖਕੇ ਦਿਲ ਦਾ ਗੁਬਾਰ ਜਿਹਾ ਕੱਢ ਲਈਦਾ ਹੈ, ਕਈ ਦੋਸਤਾਂ ਨੂੰ ਇਹ ਬਹੁਤ ਚੰਗੀਆਂ ਲੱਗਦੀਆਂ ਹਨ ਤੇ ਕਈਆਂ ਨੂੰ ਫਜ਼ੂਲ, ਆਪੋ ਆਪਣੀ ਸੋਚਣੀ ਹੈ ਦੋਸਤੋ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ