ਕਿਸਾਨਾਂ ਨੇ ਅਗਨੀਪਥ ਯੋਜਨਾ ਦੇ ਖਿਲਾਫ 20 ਥਾਵਾਂ ’ਤੇ ਮੋਦੀ ਸਰਕਾਰ ਦੇ ਫੂਕੇ ਪੁਤਲੇ

Amritsar

ਨੌਜਵਾਨ ਵਿਰੋਧੀ ਅਗਨੀਪਥ ਯੋਜਨਾ (Agneepath Scheme) ਤੁਰੰਤ ਵਾਪਸ ਲੈਣ ਦੀ ਕੀਤੀ ਮੰਗ

(ਰਾਜਨ ਮਾਨ) ਅੰਮ੍ਰਿਤਸਰ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨੌਜਵਾਨ ਵਿਰੋਧੀ ਅਗਨੀਪਥ ਯੋਜਨਾ (Agneepath Scheme) ਦੇ ਵਿਰੋਧ ਵਿੱਚ ਅੱਜ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ,ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇਠ ਅੱਜ ਗੋਲਡਨ ਗੇਟ ਅੰਮਿ੍ਰਤਸਰ ਸਮੇਤ ਜਿਲ੍ਹੇ ਵਿੱਚ ਲਗਭਗ 18 ਥਾਵਾਂ ਉੱਤੇ ਮੋਦੀ ਦੇ ਪੁਤਲੇ ਫੂਕੇ ਗਏ।

ਗੋਲਡਨ ਗੇਟ ਵਿਖੇ ਕਿਸਾਨਾਂ, ਮਜਦੂਰਾਂ,ਨੌਜਵਾਨਾਂ ਦੇ ਵਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪੰਧੇਰ, ਚੱਬਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਦੇਸ ਭਰ ਦੇ ਸਾਰੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨ ਤੋਂ ਬਾਅਦ ਹੁਣ ਫੌਜ ਨੂੰ ਠੇਕੇ ਉੱਤੇ ਦੇਣ ਲਈ ਲਿਆਂਦੀ ਗਈ ਅਗਨੀਪਥ ਯੋਜਨਾ ਦੇਸ਼ ਦੀ ਸੁਰੱਖਿਆ ਨਾਲ ਵੱਡਾ ਖਿਲਵਾੜ ਹੈ। ਇਹ ਯੋਜਨਾ ਦੇਸ਼ ਦੇ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਦੀ ਜਗ੍ਹਾ ਫੌਜ ਵਿੱਚ 4 ਸਾਲ ਨੌਕਰੀ ਕਰਨ ਤੋਂ ਬਾਅਦ 75% ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕੇਗੀ।

ਜ਼ਿਲ੍ਹਾ ਆਗੂ ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ,ਸਕੱਤਰ ਸਿੰਘ ਕੋਟਲਾ ਨੇ ਕਿਹਾ ਕਿ ਇਹ ਅਗਨੀਪਥ ਯੋਜਨਾ ਕੇਂਦਰ ਸਰਕਾਰ ਵੱਲੋਂ ਚੋਣਾਂ ਦੌਰਾਨ ਦੇਸ਼ ਦੇ ਨੌਜਵਾਨਾਂ ਨੂੰ ਹਰ ਸਾਲ ਲੱਖਾਂ ਨੌਕਰੀਆਂ ਦੇਣ ਦੇ ਕੀਤੇ ਵਾਅਦਿਆਂ ਦੇ ਬਿਲਕੁਲ ਉਲਟ ਹੈ। ਅੱਜ ਗੋਲਡਨ ਗੇਟ ਵਿਖੇ ਵਿਸ਼ਾਲ ਇਕੱਠ ਵੱਲੋਂ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਮਾਰਦੇ ਹੋਏ ਲੋਕ ਦੋਖੀ ਕੇਂਦਰ ਸਰਕਾਰ ਦਾ ਵੱਡਾ ਪੁਤਲਾ ਫੂਕਿਆ ਗਿਆ ਅਤੇ ਇਹ ਯੋਜਨਾ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਗਈ,ਇਸ ਤੋਂ ਇਲਾਵਾ ਜੰਡਿਆਲਾ ਗੁਰੂ, ਟਾਂਗਰਾ,ਰਈਆ,ਸਠਿਆਲਾ, ਬੁਤਾਲਾ,ਗੱਗੋਮਾਹਲ,ਅਜਨਾਲਾ,ਗੁਰੂ ਕਾ ਬਾਗ,ਜਗਦੇਵ ਕਲਾਂ, ਲੋਪੋਕੇ,ਚੋਗਾਵਾਂ,ਖਾਸਾ,ਅਟਾਰੀ, ਮਹਿਤਾ ਚੌਂਕ,ਖੁਜਾਲਾ, ਟਾਹਲੀ ਸਾਹਿਬ,ਕੱਥੂਨੰਗਲ ਟੋਲ ਪਲਾਜਾ,ਮਜੀਠਾ ਆਦਿ ਥਾਵਾਂ ਉੱਤੇ ਪੁਤਲੇ ਫੂਕੇ ਗਏ।ਕਿਸਾਨ ਆਗੂ ਡਾ: ਕੰਵਰ ਦਲੀਪ ਸਿੰਘ,ਬਾਜ ਸਿੰਘ ਸਾਰੰਗੜਾ,ਬਲਦੇਵ ਸਿੰਘ ਬੱਗਾ, ਲਖਵਿੰਦਰ ਸਿੰਘ ਡਾਲਾ ਦੀ ਅਗਵਾਈ ਹੇਠ ਜਿਲ੍ਹੇ ਭਰ ਵਿੱਚ ਵੱਖ ਵੱਖ ਥਾਵਾਂ ਉੱਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ।

ਇਸ ਮੌਕੇ ਮੰਗਜੀਤ ਸਿੰਘ ਸਿੱਧਵਾਂ, ਮੰਗਵਿੰਦਰ ਸਿੰਘ ਮੰਡਿਆਲਾ, ਨਿਸ਼ਾਨ ਸਿੰਘ ਚੱਬਾ, ਕਵਲਜੀਤ ਸਿੰਘ ਵੰਨਚੜੀ,ਮਨਰਾਜ ਸਿੰਘ,ਰਵਿੰਦਰਬੀਰ ਸਿੰਘ ਵੱਲਾ, ਫਤਹਿ ਸਿੰਘ ਬੁੱਤ,ਬਲਿਹਾਰ ਸਿੰਘ ਛੀਨਾ,ਗੁਰਪਾਲ ਸਿੰਘ ਮੱਖਣਵਿੰਡੀ, ਸਮਸੇਰ ਸਿੰਘ ਛੇਹਰਟਾ ਆਦਿ ਆਗੂਆਂ ਨੇ ਗੋਲਡਨ ਗੇਟ ਵਿਖੇ ਇਕੱਠ ਨੂੰ ਸੰਬੋਧਨ ਕੀਤਾ।