ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਪਿੰਡ ਸੰਤਨਗਰ ਦਾ ਭੰਗੂ ਪਰਿਵਾਰ
ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਮਸ਼ਹੂਰ ਪਿੰਡ ਸੰਤਨਗਰ ਨੇ ਜਿੱਥੇ ਸਰਦਾਰਾ ਸਿੰਘ ਵਰਗੇ ਹਾਕੀ ਖਿਡਾਰੀ ਪੈਦਾ ਕਰਕੇ ਪੂਰੀ ਦੁਨੀਆ ਵਿੱਚ ਆਪਣੀ ਪਹਿਚਾਣ ਸਥਾਪਿਤ ਕੀਤੀ ਹੈ, ਉੱਥੇ ਹੀ ਇਸ ਪਿੰਡ ਦੇ ਭੰਗੂ ਪਰਿਵਾਰ ਨੇ ਹੁਣ ਮਾਸਟਰਸ ਖੇਡਾਂ ਵਿੱਚ ਆਪਣੀ ਧਾਕ ਪੂਰੀ ਦੁਨੀਆ ਵਿੱਚ ਜਮਾ ਦਿੱਤੀ ਹੈ।
ਇਸ ਪਰਿਵਾਰ ਦੇ ਮੌਜੂਦਾ ਮੁਖੀ ਹਰਜਿੰਦਰ ਸਿੰਘ ਭੰਗੂ ਦਾ ਝੁਕਾਅ ਜਵਾਨੀ ਵੇਲੇ ਹੀ ਖੇਡਾਂ ਵੱਲ ਹੋਣ ਕਾਰਨ ਉਨ੍ਹਾਂ ਆਪਣੇ ਬੇਟੇ ਨਵਪ੍ਰੀਤ ਸਿੰਘ ਭੰਗੂ ਅਤੇ ਨੂੰਹ ਕਰਮਜੀਤ ਕੌਰ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ। ਹੁਣ ਜਿੱਥੇ ਹਰਜਿੰਦਰ ਸਿੰਘ ਭੰਗੂ 65 ਸਾਲ ਤੋਂ ਉੱਪਰ ਦੇ ਵਰਗ ਵਿੱਚ ਭਾਗ ਲੈ ਕੇ ਕੌਮੀ ਅਤੇ ਕੌਮਾਂਤਰੀ ਮਾਸਟਰਸ ਮੁਕਾਬਲਿਆਂ ਵਿੱਚ ਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਦਾ ਬੇਟਾ ਨਵਪ੍ਰੀਤ ਅਤੇ ਨੂੰਹ ਕਰਮਜੀਤ ਕੌਰ ਵੀ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਪਹਿਚਾਣ ਬਣਾ ਚੁੱਕੇ ਹਨ।
ਪਿਛਲੀ 16 ਜੂਨ ਨੂੰ ਗੁਜ਼ਰਾਤ ਸਪੋਰਟਸ ਯੂਨੀਵਰਸਿਟੀ ਵਡੋਦਰਾ (ਗੁਜਰਾਤ) ਵਿਖੇ ਆਯੋਜਿਤ ਹੋਈ ਪਹਿਲੀ ਕੌਮੀ ਓਪਨ ਮਾਸਟਰਸ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਨਵਪ੍ਰੀਤ ਸਿੰਘ ਭੰਗੂ ਨੇ 40 ਸਾਲ ਤੋਂ ਉੱਪਰ ਦੇ ਵਰਗ ਵਿੱਚ ਭਾਗ ਲੈਂਦਿਆਂ ਹੈਮਰ ਥਰੋਅ ਵਿੱਚ ਸੋਨੇ ਦਾ ਤਗਮਾ ਜਿੱਤਿਆ। ਇਸੇ ਵਰਗ ਵਿੱਚ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਭੰਗੂ ਨੇ ਉੱਚੀ ਛਾਲ ਵਿੱਚ ਸੋਨੇ ਦਾ ਤਗਮਾ ਜਿੱਤਿਆ ਅਤੇ ਹਰਜਿੰਦਰ ਸਿੰਘ ਭੰਗੂ ਨੇ 65 ਸਾਲ ਤੋਂ ਉੱਪਰ ਦੇ ਵਰਗ ਵਿੱਚ ਹੈਮਰ ਥਰੋਅ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।
ਨਵਪ੍ਰੀਤ ਸਿੰਘ ਭੰਗੂ ਹੁਣ ਤੱਕ ਅਨੇਕ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਗ ਲੈ ਚੁੱਕੇ ਹਨ। ਉਨ੍ਹਾਂ ਨੇ ਮਲੇਸ਼ੀਆ ਵਿਖੇ ਏਸ਼ੀਆ ਮਾਸਟਰਸ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਆਯੋਜਿਤ 40ਵੀ ਕੌਮੀ ਮਾਸਟਰਸ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹੈਮਰ ਥਰੋਅ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। ਬੰਗਲੁਰੂ ਵਿੱਚ ਆਯੋਜਿਤ ਹੋਈ 39ਵੀਂ ਕੌਮੀ ਮਾਸਟਰਸ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਕਾਂਸੀ ਦਾ ਤਮਗਾ ਜਿੱਤਿਆ।
ਇਸ ਤੋਂ ਇਲਾਵਾ ਉਹ ਸਾਲ 2017 ਵਿੱਚ ਚੀਨ ਵਿਖੇ ਆਯੋਜਿਤ ਹੋਈ 20ਵੀਂ ਏਸ਼ੀਆ ਮਾਸਟਰਸ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਚੁੱਕੇ ਹਨ। ਮੁਲਾਕਾਤ ਦੌਰਾਨ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਖੇਡਾਂ ਵਿੱਚ ਉਨ੍ਹਾਂ ਦੀ ਬਚਪਨ ਤੋਂ ਹੀ ਰੁਚੀ ਹੋਣ ਕਾਰਨ ਉਨ੍ਹਾਂ ਨੇ ਆਪਣੇ ਭਗਤ ਪਬਲਿਕ ਸਕੂਲ ਸੰਤਨਗਰ ਵਿਖੇ ਵੀ ਲੜਕੀਆਂ ਲਈ ਭਗਤ ਹਾਕੀ ਅਕੈਡਮੀ ਖੋਲ੍ਹੀ ਹੋਈ ਹੈ ਜਿਸ ਵਿੱਚ ਕੌਮੀ ਪੱਧਰ ਦੇ ਕੋਚਾਂ ਵੱਲੋਂ ਲੜਕੀਆਂ ਨੂੰ ਹਾਕੀ ਦੀ ਮੁਫ਼ਤ ਟਰੇਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ।
ਨਵਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੱਖ ਮਕਸਦ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਹੈ। ਪਿੰਡ ਸੰਤਨਗਰ ਦਾ ਇਹ ਭੰਗੂ ਪਰਿਵਾਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਪਿੰਡ ਦੇ ਲੋਕ ਵੀ ਅੱਜ ਇਸ ਪਰਿਵਾਰ ’ਤੇ ਪੂਰਾ ਮਾਣ ਮਹਿਸੂਸ ਕਰਦੇ ਹਨ।
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ