ਯੋਗ ਅਭਿਆਸ ਸਰੀਰਕ, ਮਾਨਸਿਕ ਤੇ ਆਤਮਿਕ ਇਕਾਗਰਤਾ ਦਾ ਢੰਗ

ਯੋਗ ਅਭਿਆਸ ਸਰੀਰਕ, ਮਾਨਸਿਕ ਤੇ ਆਤਮਿਕ ਇਕਾਗਰਤਾ ਦਾ ਢੰਗ

ਤੰਦਰੁਸਤੀ, ਸਦਭਾਵਨਾ ਅਤੇ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ ਯੋਗਾ ਯੋਗਾ ਇੱਕ ਪ੍ਰਾਚੀਨ ਸੰਨਿਆਸੀ ਅਭਿਆਸ ਹੈ ਜੋ ਭਾਂਵੇ ਭਾਰਤ ਦੀ ਸੰਸਕਿ੍ਰਤੀ ਦਾ ਅਨਿਖੜਵਾਂ ਅੰਗ ਹੈ ਪਰ ਹੁਣ ਦੁਨੀਆਂ ਭਰ ’ਚ ਯੋਗ ਹਰਮਨ ਪਿਆਰਤਾ ਹਾਸਲ ਕਰ ਚੱੁਕਾ ਹੈ।ਦੇਸ਼ਾਂ-ਵਿਦੇਸ਼ਾਂ ਤੱਕ ਇਸਦਾ ਪ੍ਰਸਾਰ,ਪ੍ਰਚਾਰ ਅਤੇ ਵਿਸਥਾਰ ਸਿਖਰਾਂ ਤੇ ਹੈ,ਯੋਗ ਅਭਿਆਸ ਸਰੀਰਕ, ਮਾਨਸਿਕ ਅਤੇ ਆਤਮਿਕ ਇਕਾਗਰਤਾ ਦਾ ਢੰਗ ਹੈ, ਦੁਨੀਆਂ ਭਰ ਨੂੰ ਤੰਦਰੁਸਤੀ, ਸਦਭਾਵਨਾ ਅਤੇ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ ਯੋਗਾ, ਯੋਗ ਸ਼ਬਦ ਸੰਸਕਿ੍ਰਤ ਭਾਸ਼ਾ ਚੋਂ ਨਿੱਕਲਿਆ ਹੈ ਜਿਸ ਦਾ ਅਰਥ ਹੈ ਜੋੜਨਾ ਜਾਂ ਇੱਕਜੁਟਤਾ ਭਾਵ ਇਸ ਵਿਧੀ ਨੂੰ ਸਰੀਰ ਅਤੇ ਆਤਮਾ ਦੇ ਮਿਲਣ ਦਾ ਸਾਧਨ ਵੀ ਦੱਸਿਆ ਗਿਆ ਹੈ। ਨਿਯਮਿਤ ਤੌਰ ਤੇ ਯੋਗਾ ਦਾ ਅਭਿਆਸ ਕਰਨ ਦੇ ਬਹੁਤ ਸਾਰੇ ਲਾਭ ਹਨ ਯੋਗਾਸੂਤਰਾ ਦੇ ਲੇਖਕ ਰਿਸ਼ੀ ਪਤੰਜਲੀ ਨੇ ਯੋਗ ਨੂੰ ਅੱਠ ਅੰਗਾਂ- ਯਮ, ਨਿਯਮ,ਆਸਣ,ਪ੍ਰਾਣਾਯਮ, ਪ੍ਰਤਿਆਹਰ, ਧਾਰਨਾ, ਧਿਆਨ ਅਤੇ ਸਮਾਧੀ ਰਾਹੀ ਪ੍ਰਭਾਸ਼ਿਤ ਕੀਤਾ ਹੈ।

ਯਮ-ਇਸਦੇ ਅਧੀਨ ਸੱਚ ਬੋਲਣਾ, ਲਾਲਚ ਨਾ ਕਰਨਾ, ਗੁੱਸਾ ਨਾ ਕਰਨਾ, ਸਵਾਰਥੀ ਨਾ ਹੋਣਾ ਆਦਿ ਸ਼ਾਮਲ ਹੈ। ਨਿਯਮ- ਇਸਦੇ ਅਧੀਨ ਪਵਿੱਤਰਤਾ, ਸਤੰੁਸ਼ਟੀ, ਤਪੱਸਿਆ, ਸਵੈ- ਅਨੁਸ਼ਾਸਨ, ਚੰਗੀਆਂ ਆਦਤਾਂ ਅਤੇ ਪ੍ਰਮਾਤਮਾ ਤੇ ਵਿਸ਼ਵਾਸ਼ ਕਰਨਾ ਸ਼ਾਮਲ ਹੈ। ਆਸਣ-ਇਸ ਵਿੱਚ ਵੱਖ-ਵੱਖ ਸਰੀਰਕ ਕਸਰਤਾਂ ਅਤੇ ਖਾਸ ਕਰਕੇ ਬੈਠਣ ਦਾ ਆਸਣ ਮਹੱਤਵਪੂਰਨ ਹੈ। ਪ੍ਰਾਣਾਯਮ-ਪ੍ਰਾਣਾਯਮ ਭਾਵ ਸਾਹ ਤੇ ਕੰਟਰੋਲ-ਸਰੀਰ ਦੇ ਅੰਦਰ ਸਾਹ ਰਾਹੀ ਹਵਾ ਲੈ ਕੇ ਜਾਣੀ, ਬਾਹਰ ਕੱਢਣੀ ਅਤੇ ਸਾਹ ਰੋਕਣ ਦਾ ਅਭਿਆਸ ਸ਼ਾਮਲ ਹੈ।

ਪ੍ਰਤਿਅਹਾਰ- ਪ੍ਰਤਿਅਹਾਰ ਬਾਹਰੀ ਸੰਸਾਰ ਦੁਆਰਾ ਨਿਯੰਤਰਿਤ ਹੋਣ ਤੋਂ ਰੋਕਣ,ਸਵੈ-ਗਿਆਨ ਦੀ ਭਾਲ ਕਰਨ ਅਤੇ ਆਪਣੇ ਅੰਦਰ ਦੀ ਦੁਨੀਆਂ ਵਿਚ ਸੁਤੰਤਰਤਾ ਪ੍ਰਾਪਤ ਕਰਨ ਦਾ ਅਨੁਭਵ ਕਰਨ ਵੱਲ ਧਿਆਨ ਖਿੱਚਣਾ ਸਖਾਉਂਦਾ ਹੈ।

ਧਾਰਨਾ-ਇਸ ਵਿੱਚ ਇਕਾਗਰਤਾ ਭਾਵ ਫੋਕਸ-ਇੱਕ ਹੀ ਨਿਸ਼ਾਨੇ ਤੇ ਧਿਆਨ ਟਿਕਾਉਣਾ,ਦਿਮਾਗ ਜਾਂ ਮਨ ਵਿੱਚ ਕਿਸੇ ਸੰਕਲਪ ਜਾਂ ਵਿਚਾਰ ਨੂੰ ਸਥਿਰ ਕਰ ਲੈਣਾ ਸ਼ਾਮਲ ਹੈ। ਧਿਆਨ- ਧਿਆਨ ਦੀ ਵਸਤੂ ਦੇ ਸੁਭਾਅ ਬਾਰੇ ਢੁੰਘਾਈ ਨਾਲ ਜਾਨਣਾ ਸ਼ਾਮਲ ਹੈ। ਧਾਰਨਾ ਮਨ ਦੀ ਅਵਸਥਾ ਹੈ, ਧਿਆਨ ਮਨ ਦੀ ਪ੍ਰਕਿਰਿਆ ਹੈ।

ਸਮਾਧੀ- ਸਮਾਧੀ ਸਿਮਰਨ ਦੇ ਵਿਸੇ ਨਾਲ ਏਕਤਾ ਹੈ, ਸਮਾਧੀ ਉਹ ਰੂਹਾਨੀ ਅਵਸਥਾ ਹੁੰਦੀ ਹੈ ਜਦੋਂ ਕਿਸੇ ਦਾ ਮਨ ਹਰ ਚੀਜ ਵਿਚ ਇੰਨਾ ਲੀਨ ਹੋ ਜਾਂਦਾ ਹੈ। ਭਾਂਵੇ ਵਿਸ਼ਵ ਭਰ ‘ਚ ਯੋਗਾ ਨਾਲ ਸਬੰਧਤ ਖੇਡ ਮੁਕਾਬਲੇ, ਪ੍ਰਦਰਸ਼ਣ ਸਮਾਗਮ, ਸੈਮੀਨਾਰ ਅਤੇ ਕਾਨਫਰੰਸਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਪਰ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ ਜੋ ਭੂਗੋਲਿਕ ਦਿ੍ਰਸ਼ਟੀਕੋਣ ਤੋਂ ਸਭ ਤੋਂ ਵੱਡਾ ਅਤੇ ਲੰਬਾ ਦਿਨ ਹੁੰਦਾ ਹੈ। ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ ਸਾਲ 2015 ਵਿੱਚ ਸੰਸਾਰ ਭਰ ਵਿੱਚ ਦੇਖਿਆ ਗਿਆ ਸੀ,

ਭਾਰਤ ਦੇ ਮਤੇ ਨੂੰ ਯੂ.ਐਨ ਦੇ 193 ਮੈਬਰਾਂ ਵਿੱਚੋਂ 175 ਦੇਸ਼ਾਂ ਨੇ ਸਮਰਥਨ ਦਿੱਤਾ ਸੀ ਤੇ ਸੰਯੁਕਤ ਰਾਸ਼ਟਰ ਨੇ 11 ਦਸੰਬਰ 2014 ਨੂੰ ਇਕ ਮਤੇ ‘ਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ‘ਚ ਐਲਾਨਿਆਂ ਸੀ ਰਾਜਪਥ, ਨਵੀਂ ਦਿੱਲੀ ਵਿਖੇ ਮਨਾਏ ਪਹਿਲੇ ਯੋਗ ਸਮਾਗਮ ਵਿੱਚ 84 ਦੇਸ਼ਾਂ ਦੇ ਪੰਤਵੰਤੇ ਪਹੁੰਚੇ ਸਨ ਤੇ 35984 ਲੋਕਾਂ ਨੇ 35 ਮਿੰਟ 21 ਤਰਾਂ ਦੇ ਵੱਖ-ਵੱਖ ਯੋਗ ਆਸਣਾ ਦਾ ਪ੍ਰਦਰਸ਼ਨ ਕੀਤਾ ਸੀ।

ਯੋਗ ਸ਼ਾਂਤੀ ਅਤੇ ਖੁਸ਼ਹਾਲੀ ਦੀ ਕੁੰਜੀ ਹੈ, ਅਜੌਕੀ ਤੇਜ਼ ਰਫਤਾਰ ਤੇ ਭੱਜ-ਦੌੜ ਦੀ ਜ਼ਿੰਦਗੀ ਵਿੱਚ ਯੋਗ ਸਾਨੂੰ ਤਣਾਅ ਮੁਕਤ ਜੀਵਨ ਬਤੀਤ ਕਰਨ ਦਾ ਰਸਤਾ ਵੀ ਦਿਖਾਉਂਦਾ ਹੈ।ਯੋਗ ਨੂੰ ਅਪਣਾ ਕੇ ਅਸੀਂ ਤੰਦਰੁਸਤੀ ਦੇ ਨਾਲ-ਨਾਲ ਆਰਥਿਕ ਤੌਰ ’ਤੇ ਵੀ ਮਜ਼ਬੂਤ ਹੋ ਸਕਦੇ ਹਾਂ, ਕਿਉਂਕਿ ਯੋਗ ਨੂੰ ਅਪਣਾਉਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਇਲਾਜ-ਦਵਾਈਆਂ ’ਤੇ ਵੱਡੇ ਪੱਧਰ ’ਤੇ ਹੋਣ ਵਾਲੇ ਖ਼ਰਚੇ ਦੀ ਬੱਚਤ ਹੋ ਸਕਦੀ ਹੈ।ਇਸ ਤੋਂ ਇਲਾਵਾ ਯੋਗ ਨੂੰ ਅਪਣਾਉਣ ਨਾਲ ਸਮਾਜ ਵਿੱਚ ਆਪਸੀ ਸਦਭਾਵਨਾ ਤੇ ਨੈਤਿਕ ਕਦਰਾਂ-ਕੀਮਤਾਂ ਵਿਚ ਵੀ ਵਾਧਾ ਹੁੰਦਾ ਹੈ।ਯੋਗ ਨਾਲ ਆਪਣੇ ਸਰੀਰ ਤੇ ਨਿਯੰਤਰਣ ਰੱਖਿਆ ਜਾ ਸਕਦਾ ਹੈ।

ਯੋਗ ਕਸਰਤਾਂ ਦਾ ਸੁਮੇਲ ਹੈ, ਸ਼ਾਂਤੀ ਦਾ ਦੁਆਰ ਹੈ, ਸ਼ੁੱਧੀ ਦਾ ਰਸਤਾ ਹੈ। ਸਾਨੂੰ ਰੋਜ਼ਾਨਾਂ ਘੱਟੋ-ਘੱਟ 35-40 ਮਿੰਟ ਤੱਕ ਯੋਗ ਕਰਨਾ ਚਾਹੀਦਾ ਹੈ। ਯੋਗ ਰੋਗ ਮੁਕਤ ਜੀਵਨ ਬਤੀਤ ਕਰਨ,ਤਣਾਅ, ਡਿਪਰੈਸ਼ਨ ਤੇ ਚਿੰਤਾ ਮੁਕਤ ਰਹਿਣ ਦਾ ਉਤਮ ਢੰਗ ਹੈ।ਸਾਨੂੰ ਆਪਣੇ ਸਰੀਰ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ ਅਤੇ ਯੋਗਾ ਕਰਨਾ ਸਾਡੇ ਲਈ ਲਾਭਦਾਇਕ ਹੈ।

ਯੋਗਾ ਸਦੀਆਂ ਪੁਰਾਣੀ ਖਾਸ ਵਿਧੀ ਹੈ ਜਿਸ ਨਾਲ ਸਰੀਰ ਦਾ ਹਰ ਅੰਗ ਖਾਸ ਕਰ ਸਾਡਾ ਲਹੂ-ਚੱਕਰ ਸਹੀ ਰਹਿੰਦਾ ਹੈ, ਬਲੱਡ ਪ੍ਰੈਸ਼ਰ,ਸ਼ੂਗਰ,ਕਮਰ-ਦਰਦ ਤੇ ਹੋਰ ਜੋੜਾਂ-ਹੱਡੀਆਂ ਦੀਆਂ ਦਰਦਾਂ ਅਤੇ ਚਿੜਚੜਾਪਣ ਨੂੰ ਦੂਰ ਕਰਕੇ ਅਸੀ ਰੋਗ ਮੁਕਤ ਜੀਵਣ ਜੀਅ ਸਕਦੇ ਹਾਂ।ਯੋਗਾ ਹਰ ਉਮਰ-ਵਰਗ ਲਈ ਲਾਹੇਵੰਦ ਹੈ।ਯੋਗਾ ਨਾਲ ਸਰੀਰ ਅਤੇ ਮਨ ਨੂੰ ਖੁਸ਼ੀ ਮਿਲਦੀ ਹੈ। ਯੋਗ ਨਾਲ ਜਿਥੇ ਸਰੀਰ ਫੁਰਤੀਲਾ ਬਣ ਜਾਂਦਾ ਹੈ ਉਥੇ ਹੀ ਮਾਸਪੇਸ਼ੀਆਂ ਦੇ ਲਚਕੀਲਾਪਣ ‘ਚ ਵੀ ਵਾਧਾ ਹੁੰਦਾ ਹੈ।

ਯੋਗ ਅਭਿਆਸ ਕਰਨ ਵਾਲਿਆਂ ਲਈ ਦਿਸ਼ਾ ਨਿਰਦੇਸ਼:

  • -ਯੋਗ ਅੀਭਆਸ ਦੀ ਸ਼ੁਰਆਤ ਕਿਸੇ ਮਾਹਿਰ ਜਾਂ ਯੋਗ ਅਧਿਆਪਕ ਦੀ ਨਿਗਰਾਨੀ ਹੇਠ ਕਰਨਾ ਲਾਹੇਵੰਦ ਹੋ ਸਕਦਾ ਹੈ।
  • -ਯੋਗ ਅਭਿਆਸ ਸਵੇਰੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਮੌਕੇ ਜਾਂ ਸ਼ਾਮ ਨੂੰ ਕਰਨਾ ਵਧੇਰੇ ਫਾਇਦੇਮੰਦ ਹੈ।
  • -ਯੋਗਾ ਜਿਆਦਾ ਥਕਾਵਟ,ਬਿਮਾਰੀ,ਗੰਭੀਰ ਤਣਾਅ ਵਾਲੀ ਸਥਿਤੀ ਵਿਚ ਨਹੀਂ ਕੀਤਾ ਜਾਣਾ ਚਾਹੀਦਾ।

ਯੋਗ ਅਭਿਆਸ ਤੋਂ ਪਹਿਲਾਂ ਧਿਆਨ ਰੱਖਣ ਯੋਗ ਗੱਲਾਂ-

  • – ਯੋਗਾ ਅਭਿਆਸ ਸ਼ੁਰੂ ਕਰਨ ਸਮੇਂ ਆਲੇ ਦੁਆਲੇ,ਸਰੀਰ ਅਤੇ ਦਿਮਾਗ ਦੀ ਸਫਾਈ ਦਾ ਧਿਆਨ ਰੱਖੋ।
  • -ਯੋਗਾ ਅਭਿਆਸ ਸਾਂਤ ਮਾਹੌਲ ਵਿਚ ਆਰਾਮਦਾਇਕ ਤਨ ਅਤੇ ਮਨ ਨਾਲ ਕਰਨਾ ਚਾਹੀਦਾ ਹੈ।
  • -ਯੋਗ ਅਭਿਆਸ ਖਾਲੀ ਪੇਟ ਜਾਂ ਹਲਕੇ ਭੋਜਨ ਦੇ ਸੇਵਨ ਤੋਂ ਬਾਅਦ ਕੀਤਾ ਜਾਣਾ ਚਾਹੀਦਾ ਹੈ।
  • -ਯੋਗ ਅਭਿਆਸ ਲਈ ਇੱਕ ਚਟਾਈ,ਯੋਗਾ ਮੈਟ ਜਾਂ ਕੰਬਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
  • -ਹਲਕੇ ਅਤੇ ਆਰਾਮਦਾਇਕ ਸੂਤੀ ਕੱਪੜੇ ਯੋਗ ਆਸਣ ਕਰਨ ’ਚ ਸਹਾਈ ਹੁੰਦੇ ਹਨ।

ਯੋਗ ਅਭਿਆਸ ਦੇ ਦੌਰਾਨ ਧਿਆਨ ਰੱਖਣਯੋਗ ਗੱਲਾਂ-

-ਅਭਿਆਸ ਸੈਸ਼ਨ ਅਰਦਾਸ ਜਾਂ ਬੇਨਤੀ ਨਾਲ ਆਰੰਭ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਮਨ ਨੂੰ ਆਰਾਮ-ਸਾਂਤੀ ਮਿਲਦੀ ਹੈ ਅਤੇ ਵਾਤਾਵਰਣ ਅਨੁਕੂਲ ਬਣ ਜਾਂਦਾ ਹੈ।

-ਯੋਗਾ ਅਭਿਆਸ ਹੌਲੀ ਹੌਲੀ, ਆਰਾਮਦਾਇਕ ਵਿਧੀ ਨਾਲ, ਸਰੀਰ ਅਤੇ ਸਾਹ ਪ੍ਰਤੀ ਇਕਾਗਰਤਾ ਨਾਲ ਕੀਤੇ ਜਾਣ।

-ਸਾਹ ਨੂੰ ਉਦੋਂ ਤਕ ਨਾ ਰੋਕੋ ਜਦੋਂ ਤਕ ਅਭਿਆਸ ਦੌਰਾਨ ਅਜਿਹਾ ਕਰਨ ਦਾ ਵਿਸੇਸ ਤੌਰ ਤੇ ਸਿੱਖਿਅਕ ਜਾਂ ਅਧਿਆਪਕ ਵੱਲੋਂ ਆਦੇਸ਼ ਨਹੀਂ ਕੀਤਾ ਜਾਂਦਾ।

  • -ਸਾਹ ਹਮੇਸਾ ਨੱਕ ਰਾਹੀਂ ਲੈਣਾ ਚਾਹੀਦਾ ਹੈ ਜਦੋਂ ਤੱਕ ਕਿ ਨਿਰਦੇਸ ਨਾ ਦਿੱਤੇ ਜਾਣ।
  • -ਸਰੀਰ ਨੂੰ ਕੱਸ ਕੇ ਨਾ ਰੱਖੋ,ਜਾਂ ਸਰੀਰ ਨੂੰ ਝੰਜੋੜਣਾ ਜਾਂ ਧੱਕਾ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ।
  • -ਯੋਗ ਆਸਣਾਂ ਨੂੰ ਆਪਣੀ ਸਰੀਰਕ ਸਮਰੱਥਾ ਅਨੁਸਾਰ ਹੀ ਕਰੋ।
  • -ਚੰਗੇ ਨਤੀਜੇ ਪ੍ਰਾਪਤ ਕਰਨ ਲਈ ਕੁਝ ਸਮਾਂ ਲੱਗਦਾ ਹੈ, ਇਸ ਲਈ ਨਿਰੰਤਰ ਅਤੇ ਨਿਯਮਤ ਯੋਗ ਅਭਿਆਸ ਕਰਨਾ ਬਹੁਤ ਜਰੂਰੀ ਹੈ।
  • -ਯੋਗਾ ਸੈਸਨ ਦਾ ਅੰਤ ਸਿਮਰਨ/ਡੂੰਘੀ ਚੁੱਪ /ਧਿਆਨ ਅਵਸਥਾ ਨਾਲ ਹੋਣਾ ਚਾਹੀਦਾ ਹੈ।

ਯੋਗ ਅਭਿਆਸ ਕਰਨ ਤੋਂ ਬਾਅਦ ਧਿਆਨ ਰੱਖਣਯੋਗ ਗੱਲਾਂ-

-ਯੋਗ ਅਭਿਆਸ ਕਰਨ ਤੋਂ 20-30 ਮਿੰਟਾਂ ਬਾਅਦ ਹੀ ਨਹਾਓ।

-ਅਭਿਆਸ ਦੇ 20-30 ਮਿੰਟਾਂ ਬਾਅਦ ਹੀ ਭੋਜਨ ਜਾਂ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਬਲਾਕ ਐਕਸਟੈਂਸ਼ਨ ਐਜੂਕੇਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ,

ਫਰੀਦਕੋਟ

ਮੋ 98146-56257
ਡਾ.ਪ੍ਰਭਦੀਪ ਸਿੰਘ ਚਾਵਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ