ਧੀਰਜ ਅਤੇ ਸੰਤੋਖ ਦੀ ਮਿਸਾਲ ਹੁੰਦਾ ਏ ਬਾਪੂ
ਪਿਤਾ ਸਿਰਫ ਆਦਮੀ ਹੀ ਨਹੀਂ ਹੁੰਦਾ ਤੇ ਨਾ ਹੀ ਕੇਵਲ ਕੋਈ ਸ਼ਬਦ ਜਾਂ ਦਿਵਸ ਹੁੰਦਾ ਹੈ । ਘਰ ਦਾ ਮੁਖੀ ਹੋਣਾ ਵੀ ਪਿਤਾ ਨਹੀਂ ਹੁੰਦਾ ਤੇ ਨਾ ਹੀ ਸੰਤਾਨ ਦੀ ਪੈਦਾਇਸ਼ ਨਾਲ ਹੀ ਪਿਤਾ ਬਣਿਆ ਜਾ ਸਕਦਾ ਹੈ ਬਲਕਿ ਪਿਤਾ ਦੀ ਉਪਜ ਤਾਂ ਜ਼ਿੰਮੇਵਾਰੀ, ਪਿਆਰ, ਸਾਦਗੀ ਅਤੇ ਪਹਿਰੇਦਾਰੀ ਦੇ ਮਿੱਠੇ ਅਹਿਸਾਸ ਵਿੱਚੋਂ ਹੁੰਦੀ ਹੈ। ਧੁੱਪ ਹੋਵੇ ਚਾਹੇ ਛਾਂ, ਦਿਨ ਹੋਵੇ ਚਾਹੇ ਰਾਤ, ਪੱਤਝੜ ਜਾਂ ਬਸੰਤ, ਠੰਢ ਹੋਵੇ ਜਾਂ ਗਰਮੀ, ਹਰ ਰੁੱਤ ਤੇ ਹਰ ਵਕਤ ਪਰਿਵਾਰ ਦੀ ਸਲਾਮਤੀ ਲਈ ਜ਼ਿੰਦਗੀ ਨਾਲ ਲੜਨ ਵਾਲਾ ਹੀ ਪਿਤਾ ਹੁੰਦਾ ਹੈ। ਪਿਤਾ ਉਸ ਰੁੱਖ ਦੀ ਤਰ੍ਹਾਂ ਹੈ ਜੋ ਤੱਤੀਆਂ-ਠੰਢੀਆਂ ਹਵਾਵਾਂ ਨੂੰ ਆਪਣੇ ਪਿੰਡੇ ’ਤੇ ਹੰਢਾਉਂਦਾ ਹੈ ਤੇ ਦੁੱਖਾਂ ਦੀ ਤਪਸ਼ ਤੋਂ ਬਚਾ ਕੇ ਸੁੱਖ ਦੀ ਛਾਂ ਕਰਦਾ ਹੈ। ਫਲਾਂ ਦੀ ਮਿਠਾਸ ਨਾਲ ਪਿਆਰ ਵਧਾਉਂਦਾ ਹੈ ਤੇ ਭੁੱਖ ਮਿਟਾਉਂਦਾ ਹੈ।
ਬਾਪੂ ਦਾ ਦਿ੍ਰੜ ਇਰਾਦਾ ਤੇ ਹਿੰਮਤ ਦਰੱਖਤ ਦੀਆਂ ਜੜ੍ਹਾਂ ਵਾਂਗ ਨਾ ਕੇਵਲ ਪਰਿਵਾਰ ਨੂੰ ਸੁਰੱਖਿਅਤ ਹੋਣ ਦਾ ਯਕੀਨ ਹੈ ਬਲਕਿ ਔਖੇ ਸਮੇਂ ਤੇ ਬੁਰੇ ਹਾਲਾਤਾਂ ਵਿੱਚ ਇਸ ਦੇ ਅਡੋਲ ਸਿੱਧੇ ਖੜ੍ਹੇ ਰਹਿਣ ਦਾ ਹੌਂਸਲਾ ਵੀ ਹੁੰਦਾ ਹੈ। ਪਿਛਲੇ ਸਾਲ ਦੀ ਗੱਲ ਹੈ। ਸਰਦੀ ਦੀ ਰੁੱਤ ਸੀ। ਘਰ ਪਰਤਦੇ ਮੈਨੂੰ ਕਾਫੀ ਹਨ੍ਹੇਰਾ ਹੋ ਗਿਆ।
ਮੇਰੇ ਅੱਗੇ ਇੱਕ ਮਜ਼ਦੂਰ; ਆਪਣੇ ਪਰਿਵਾਰ ਸਮੇਤ ਸਾਈਕਲ ਰੇਹੜੀ ’ਤੇ ਘਰ ਆ ਰਿਹਾ ਸੀ । ਆਦਮੀ ਰੇਹੜੀ ਚਲਾ ਰਿਹਾ ਸੀ ਤੇ ਉਸ ਦੀ ਘਰਵਾਲੀ ਤੇ ਬੱਚਾ ਰੇਹੜੀ ਵਿੱਚ ਬੈਠੇ ਸਨ। ਉਹਨਾਂ ਦੀਆਂ ਗੱਲਾਂ ਵਿੱਚੋਂ ਖੁਸ਼ੀ ਝਲਕ ਰਹੀ ਸੀ । ਗੱਲਾਂ ਕਰਦੇ ਹੋਏ ਆਦਮੀ ਨੇ ਆਪਣੀ ਘਰਵਾਲੀ ਨੂੰ ਕਿਹਾ ਕਿ ‘‘ਅੱਜ ਦਿਹਾੜੀ ਬਹੁਤ ਵਧੀਆ ਲੱਗੀ। ਰੱਬ ਦੀ ਮਿਹਰ ਨਾਲ ਪੂਰੇ ਸਾਢੇ ਚਾਰ ਸੌ ਰੁਪਏ ਵੱਟ ਲਏ। ਤੂੰ ਐਂ ਕਰੀਂ ਆਪਣੇ ਲਈ ਇੱਕ ਵਧੀਆ ਸ਼ਾਲ ਤੇ ਨਿੱਕੇ ਲਈ ਸਵੈਟਰ ਲੈ ਲਈਂ। ਮੇਰੇ ਕੋਲ ਤਾਂ ਲੋਈ ਹੈਗੀ ਇਸ ਵਾਰ ਸਰ ਜਾਵੇਗਾ।’’
ਉਸ ਸਮੇਂ ਭਾਵੇਂ ਇਹ ਸਧਾਰਨ ਜਿਹੀ ਗੱਲ ਜਾਪੀ, ਪਰ ਆਦਮੀ ਦੇ ਇਨ੍ਹਾਂ ਲਫਜ਼ਾਂ ’ਚ ਪਰਿਵਾਰ ਲਈ ਕਿੰਨਾ ਪਿਆਰ ਸੀ ਤੇ ਕੁਰਬਾਨੀ ਦੀ ਭਾਵਨਾ ਕਿਵੇਂ ਲਟ-ਲਟ ਬਲਦੀ ਸੀ ਇਸ ਨੂੰ ਅੱਜ ਬਿਆਨ ਕਰਨਾ ਕਿਸੇ ਅਲਫਾਜ਼ ਦੇ ਹਿੱਸੇ ਨਹੀਂ ਆਉਂਦਾ। ਸਿਰਫ ਪਿਓ ਹੀ ਚਾਹੁੰਦਾ ਹੈ ਕਿ ਉਸ ਦੀ ਔਲਾਦ ਉਸ ਤੋਂ ਕਿਤੇ ਵੱਧ ਤਰੱਕੀ ਕਰੇ ਤੇ ਸਫਲ ਹੋਵੇ। ਪੁੱਤਾਂ ਦੇ ਨਾਂਅ ਤੋਂ ਜਾਣੇ ਜਾਣ ਤੇ ਬੁਲਾਉਣ ’ਤੇ ਮਾਣ ਮਹਿਸੂਸ ਕਰਨ ਵਾਲਾ ਵੀ ਪਿਤਾ ਹੀ ਹੁੰਦਾ ਹੈ। ਇਹ ਔਲਾਦ ਨੂੰ ਹਾਰ ਤੋਂ ਬਚਾਉਣ ਤੇ ਜਿੱਤ ਵਿੱਚ ਬਦਲਣ ਲਈ ਜੱਦੋ-ਜਹਿਦ ਕਰਨਾ ਨਹੀਂ ਭੁੱਲਦਾ। ਮੇਰੇ ਇੱਕ ਸਹਿਕਰਮੀ ਦੇ ਪੁੱਤਰ ਦਾ ਐਕਸੀਡੈਂਟ ਹੋ ਗਿਆ ।
ਰੀੜ੍ਹ ਦੀ ਹੱਡੀ ਟੁੱਟ ਗਈ। ਪੁੱਤ ਨੇ ਕਾਲਜ ਛੱਡ ਪਹਿਲਾਂ ਬਿਸਤਰਾ ਫੜ੍ਹ ਲਿਆ ਤੇ ਫੇਰ ਵ੍ਹੀਲਚੇਅਰ। ਪਿਤਾ ਨੇ ਹੌਂਸਲਾ ਨਹੀਂ ਹਾਰਿਆ। ਉਸਦੇ ਹਰ ਕਦਮ ਨੂੰ ਆਪਣੇ ਹੱਥੀਂ ਅੱਗੇ ਵਧਾਇਆ। ਪੜ੍ਹਾਈ ਪੂਰੀ ਕਰਵਾਈ ਤੇ ਨੌਕਰੀ ’ਤੇ ਪਹੁੰਚਾ ਕੇ ਸੁਖ ਦਾ ਸਾਹ ਲਿਆ।
ਧੀਰਜ ਤੇ ਸੰਤੋਖ ਦੀ ਮਿਸਾਲ ਹੁੰਦਾ ਏ ਬਾਪੂ। ਹਿਰਦੇ ’ਚ ਵਗਦੇ ਸਬਰਾਂ ਦੇ ਸਮੁੰਦਰ ਵਿੱਚ ਤੈਰਦਿਆਂ ਉਹ ਜੀਵਨ ਦੀਆਂ ਖਤਰਨਾਕ ਸੁਨਾਮੀਆਂ ਦਾ ਮੂੰਹ ਮੋੜਨਾ ਜਾਣਦਾ ਏ।
ਕਾਰੋਬਾਰ, ਨੌਕਰੀ, ਖੇਤੀ ਜਾਂ ਦਿਹਾੜੀ ਤੋਂ ਘਟਦੀ ਕਮਾਈ ਤੇ ਵਧਦੇ ਖਰਚ ਨਾਲ ਜੂਝਦਿਆਂ ਵੀ ਪਰਿਵਾਰ ਨੂੰ ਨਿਰਵਿਘਨ ਚਲਾਉਣ ਦਾ ਹਰ ਹੀਲੇ ਯਤਨ ਕਰਦਾ ਏ। ਸ਼ਾਹੂਕਾਰਾਂ ਦੇ ਵਧਦੇ ਕਰਜੇ ਦਾ ਟਾਕਰਾ ਰੁੱਖੀ-ਮਿੱਸੀ, ਸਾਦਗੀ ਤੇ ਔਕਾਤ ਵਿੱਚ ਰਹਿਣ ਦੀ ਹਿੰਮਤ ਨਾਲ ਕਰਦਾ ਏ । ਪਿਓ ਦੀ ਢੱਠੀ ਜਿਹੀ ਪੱਗ, ਖੁੱਲ੍ਹੀ ਦਾੜ੍ਹੀ ਤੇ ਅਣਭੋਲ ਚਿਹਰੇ ਵਿੱਚੋਂ ਧੀਆਂ ਨੂੰ ਬਾਪੂ ਦੇ ਦਰਵੇਸ਼ ਰੂਪ ਨਾਲ ਅੰਤਾਂ ਦਾ ਮੋਹ ਕਿਸੇ ਤੋਂ ਲੁਕਿਆ ਨਹੀਂ। ਪਿਓ ਹੀ ਵਿੱਦਿਆ ਦੀ ਅਹਿਮੀਅਤ ਨੂੰ ਸੱਚੇ ਰੂਪ ਵਿੱਚ ਪਹਿਚਾਣਦਾ ਏ। ਇਸੇ ਕਾਰਨ ਹਰ ਬਾਪ ਨੂੰ ਜਿੱਥੇ ਆਪਣੇ ਘੱਟ ਪੜ੍ਹਨ ਦਾ ਝੋਰਾ ਸਤਾਉਂਦਾ ਹੈ, ਉੱਥੇ ਆਪਣੀ ਔਲਾਦ ਨੂੰ ਵੱਧ ਤੋਂ ਵੱਧ ਨਵੀਂ ਸਿੱਖਿਆ ਦਿਵਾਉਣ ਦਾ ਹਰ ਸਿਰਤੋੜ ਯਤਨ ਛੋਟਾ ਲੱਗਦਾ ਹੈ। ਸ਼ਾਇਦ ਇਸੇ ਕਰਕੇ ਕਈ ਵਾਰ ਉਹ ਆਪਣੇ ਜਿਗਰ ਦੇ ਟੋਟਿਆਂ ਨੂੰ ਦੂਰ-ਦੁਰਾਡੇ ਪਰਦੇਸਾਂ ਵਿੱਚ ਭੇਜਣ ਤੋਂ ਵੀ ਗੁਰੇਜ ਨਹੀਂ ਕਰਦਾ।
ਮੇਰੇ ਪਿਤਾ ਨੇ ਅੱਸੀਵੇਂ ਦਹਾਕੇ ਵਿੱਚ ਆਪਣੀਆਂ ਧੀਆਂ ਨੂੰ ਪੜ੍ਹਾਈ ਲਈ ਪੰਜਾਬ ਤੋਂ ਦੂਰ ਬੰਗਲੌਰ ਤੱਕ ਭੇਜਣ ਦਾ ਫੈਸਲਾ ਲੈ ਲਿਆ। ਰਿਸ਼ਤੇਦਾਰ ਤੇ ਸਾਕ-ਸਬੰਧੀਆਂ ਨੇ ਚਿੰਤਾ ਜਤਾਈ। ਪਰ ਬਾਪੂ ਅਡੋਲ ਰਿਹਾ। ਉਸਦੇ ਇਸ ਫੈਸਲੇ ’ਤੇ ਸਹੀ ਪਾਉਂਦੇ ਹੋਏ ਬਾਅਦ ਵਿਚ ਕਈ ਹੋਰ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਭੇਜਿਆ। ਪਿਤਾ ਜੀ ਦੀ ਇਸ ਹਿੰਮਤ ਸਦਕਾ ਅੱਜ ਕਈ ਘਰ ਰੁਸ਼ਨਾ ਰਹੇ ਹਨ। ਗੁਰਬਾਣੀ ਨਾਲ ਅੰਤਾਂ ਦੇ ਮੋਹ ਸਦਕਾ ਉਸ ਲਈ ਵਿੱਦਿਆ ਹੀ ਅਸਲੀ ਖਜ਼ਾਨਾ ਸੀ।
ਰਿਸ਼ਤਿਆਂ ਦੀਆਂ ਬਰੀਕ ਤੰਦਾਂ ਨੂੰ ਸੰਭਾਲਣਾ ਤੇ ਸੁਲਝਾਉਣਾ, ਦੇਣਦਾਰੀਆਂ ਨੂੰ ਨਿਭਾਉਣਾ ਅਤੇ ਕਬੀਲਦਾਰੀ ਦੀ ਜਿੰਮੇਵਾਰੀ ਨੂੰ ਸਮਝਣਾ ਬਾਪੂ ਦੀ ਕਾਬਲੀਅਤ ਦਾ ਪ੍ਰਤੱਖ ਸਬੂਤ ਹੈ। ਝੋਰਾ ਤਾਂ ਇਸ ਗੱਲ ਦਾ ਹੈ ਕਿ ਪਿਤਾ ਦੇ ਹੁੰਦਿਆਂ ਉਸ ਦੇ ਇਸ ਵਿਸ਼ਾਲ ਤੇ ਵਿਰਾਟ ਸਵਰੂਪ ਨੂੰ ਸਮਝਣਾ ਨਸੀਬ ਵਾਲਿਆਂ ਦੇ ਹਿੱਸੇ ਹੀ ਆਉਂਦਾ ਹੈ। ਬਹੁਤਿਆਂ ਨੂੰ ਤਾਂ ਬਾਪੂ ਦੀ ਸ਼ਖਸੀਅਤ ਦੀ ਲੋਅ ਦੀ ਚਮਕ ਉਸ ਦੇ ਦੁਨੀਆ ਤੋਂ ਕੂਚ ਕਰਨ ਬਾਅਦ ਹੀ ਨਜ਼ਰੀਂ ਪੈਂਦੀ ਹੈ।
ਡਿਗਰੀ ਕਰਦਿਆਂ ਮੇਰਾ ਇੱਕ ਕਾਲਜ ਦਾ ਦੋਸਤ ਅਕਸਰ ਬਾਪੂ ਦੇ ਸਖਤ ਸੁਭਾਅ ਦਾ ਜਿਕਰ ਕਰਦਾ। ਬਾਪੂ ਦੀ ਘੂਰ ਤੋਂ ਡਰਦਾ ਤੇ ਅੱਖੜਤਾ ਉੱਤੇ ਨਰਾਜ਼ਗੀ ਜਾਹਿਰ ਕਰਦਾ। ਬੁਰੇ ਵਕਤ ਦੀ ਮਾਰ ਪਈ, ਦੁਰਘਟਨਾ ’ਚ ਪਿਤਾ ਚਲਾ ਗਿਆ। ਪਰਿਵਾਰ ਟੁੱਟ ਗਿਆ। ਦੇਣਦਾਰੀਆਂ ਤੇ ਜਿੰਮੇਵਾਰੀਆਂ ਨੇ ਘੇਰਾ ਪਾ ਲਿਆ। ਪੜ੍ਹਾਈ ਛੱਡਣੀ ਪੈ ਗਈ। ਪਿਤਾ ਦੀ ਮੌਜੂਦਗੀ ਸਮੇਂ ਬੇਫਿਕਰੀ ਦੇ ਆਲਮ ਨੂੰ ਯਾਦ ਕਰ-ਕਰ ਰੋਇਆ ਕਰੇ। ਹੁਣ ਹਰ ਕਿਸੇ ਨੂੰ ਜਿਉਂਦੇ ਬਾਪੂ ਦੀ ਕਦਰ ਕਰਨ ਤੇ ਸਾਂਭ ਕੇ ਰੱਖਣ ਦਾ ਸੁਨੇਹਾ ਦਿੰਦਾ ਨਹੀਂ ਥੱਕਦਾ ।
ਭਾਵੁਕਤਾ ’ਚ ਯਾਦ ਕਰਦਿਆਂ ਦੱਸਦਾ ਕਿ ਤ੍ਰਕਾਲਾਂ ਨੂੰ ਘਰ ਮੁੜਦੇ ਬਾਪੂ ਦੇ ਗੀਜੇ, ਜੇਬ੍ਹ, ਚਾਦਰੇ ਤੇ ਕੁੜਤੇ ’ਚੋਂ ਝੜਦੀ ਮਿੱਟੀ ਦੇਖ ਕੇ ਮਾਂ ਕਈ ਵਾਰ ਔਖ ਭਰਦੀ ਤਾਂ ਬਾਪੂ ਦੇ ਠਰ੍ਹੰਮੇ ਤੋਂ ਉਸ ਦੇ ਮਿੱਟੀ ਨਾਲ ਮੋਹ ਦਾ ਅਨੁਭਵ ਸਹਿਜੇ ਹੋ ਜਾਂਦਾ ਸੀ। ਉਹ ਮਾਂ ਦੇ ਉਲਾਂਭੇ, ਆਸਾਂ ਤੇ ਉਮੀਦਾਂ ਬਦਲੇ ਕੁਝ ਬੋਲਣ ਦੀ ਬਜਾਇ ਉਹਨਾਂ ਨੂੰ ਝੋਲੀ ਭਰ ਕੇ ਮਿੱਟੀ ਵਿੱਚ ਬੀਜਦਾ ਤੇ ਫੇਰ ਖੇਤਾਂ ਦੀ ਮਿੱਟੀ ਨਾਲ ਮਿੱਟੀ ਹੁੰਦੇ ਹੋਏ ਫਸਲਾਂ ਦੇ ਝਾੜ ਨਾਲ ਦੇਖੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੇ ਯਤਨ ਕਰਦਾ। ਭਾਵੇਂ ਉਹਨੂੰ ਮਿੱਟੀ ਵਿਚ ਰਲੇ ਨੂੰ ਕਈ ਵਰ੍ਹੇ ਬੀਤ ਗਏ ਹਨ ਪਰ ਖੇਤਾਂ ਵਿੱਚ ਡੁੱਲ੍ਹਿਆ ਬਾਪੂ ਦਾ ਮੁੜ੍ਹਕਾ ਅੱਜ ਵੀ ਮਹਿਕਾਂ ਛੱਡਦਾ ਪ੍ਰਤੀਤ ਹੁੰਦਾ ਹੈ, ਤੇ ਜਾਪਦਾ ਜਿਵੇਂ ਕਹਿ ਰਿਹਾ ਹੋਵੇ ‘ਡਰੀਂ ਨਾ ਪੁੱਤਰਾ, ਜ਼ਿੰਦਗੀ ਤਾਂ ਅੱਗ ਹੈ, ਤੂੰ ਸੜੀਂ ਨਾ, ਲੜੀਂ। ਇਸ ਵਿੱਚ ਸੜਨ ਵਾਲੇ ਤਾਂ ਸੁਆਹ ਬਣ ਜਾਂਦੇ ਨੇ ਤੇ ਲੜਨ ਵਾਲੇ ਸੋਨਾ!’
ਪ੍ਰੋਫੈਸਰ ਕਾਲੋਨੀ, ਤਲਵੰਡੀ ਸਾਬੋ।
ਮੋ. 94641-97487
ਕੇ. ਮਨੀਵਿਨਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ