ਪੁਰਾਣੇ ਖੂਹ ’ਚੋਂ ਇੱਟਾਂ ਕੱਢਦਿਆਂ ਢਿੱਗ ਡਿੱਗਣ ਕਾਰਨ ਖੇਤ ਮਜ਼ਦੂਰ ਦੀ ਮੌਤ
(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਪਿੰਡ ਚਚੋਹਰ ਵਿਖੇ ਪੁਰਾਣੇ ਖੂਹ ’ਚੋਂ ਇੱਟਾਂ ਕੱਢਣ ਸਮੇਂ ਮਜ਼ਦੂਰ ’ਤੇ ਢਿੱਗ ਡਿੱਗਣ ਕਾਰਨ ਉਹ ਖੂਹ ’ਚ ਦੱਬ ਗਏ, ਜਿਸ ਨੂੰ ਪਿੰਡ ਵਾਸੀਆਂ ਨੇ ਜੇਸੀਬੀ ਮਸ਼ੀਨ ਤੇ ਹੋਰ ਰਾਹਤ ਕਾਰਜਾਂ ਰਾਹੀਂ ਬੇਹੋਸ਼ੀ ਦੀ ਹਾਲਤ ’ਚ ਬਾਹਰ ਕੱਢ ਕੇ ਸਿਵਲ ਹਸਪਤਾਲ ਮਾਨਸਾ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਿੰਡ ਚਚੋਹਰ ਦੇ ਕਿਸਾਨ ਅਜੈਬ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੁਰਾਣੇ ਖੂਹ ਨੂੰ ਕਿਸੇ ਅਵਾਰਾ ਪਸ਼ੂ ਆਦਿ ਦੇ ਡਿੱਗਣ ਤੋਂ ਬਚਾਅ ਲਈ ਬੰਦ ਕਰਨਾ ਸੀ।ਇਸ ਦੇ ਸਬੰਧ ’ਚ ਉਨ੍ਹਾਂ ’ਚੋਂ ਮਿੱਟੀ ਕੱਢਣ ਆਦਿ ਦੇ ਕੰਮ ਕਰਨ ਵਾਲਿਆਂ ਨੂੰ ਪਿੰਡ ਦਾਨੇਵਾਲਾ ਦੇ ਤਿੰਨ ਮਜਦੂਰਾਂ ਨਿਰਮਲ ਸਿੰਘ ,ਗੁਰਦਾਸ ਸਿੰਘ, ਬਿੱਕਰ ਸਿੰਘ ਨੂੰ ਇਸ ਦਾ ਠੇਕਾ ਦਿੱਤਾ ਹੋਇਆ ਸੀ।
ਅੱਜ ਸ਼ੁੱਕਰਵਾਰ ਨੂੰ ਕਰੀਬ 11 ਵਜੇ ਉਹ ਖੂਹ ’ਚੋਂ ਇੱਟਾਂ ਵਗੈਰਾ ਕੱਢਣ ਲਈ ਲੱਗੇ ਹੋਏ ਸਨ ਕਿ ਅਖੀਰ ’ਚ ਕੁਝ ਇੱਟਾਂ ਰਹਿੰਦੇ ਸਮੇਂ ਅਚਾਨਕ ਦੁਪਹਿਰ 1:00 ਵਜੇ ਢਿੱਗ ਡਿੱਗ ਪਈ ਜਿਸ ਕਾਰਨ ਮਜ਼ਦੂਰ ਨਿਰਮਲ ਸਿੰਘ ਉਰਫ ਨਿੰਮਾ (60) ਪੁੱਤਰ ਆਤਮਾ ਸਿੰਘ ਵਾਸੀ ਦਾਨੇਵਾਲਾ ਖੂਹ ਵਿੱਚ ਦਬ ਗਿਆ। ਮੌਕੇ ’ਤੇ ਮੌਜੂਦ ਗੁਰਦਾਸ ਸਿੰਘ, ਬਿੱਕਰ ਸਿੰਘ ਦਾਨੇਵਾਲਾ ਅਤੇ ਅਜੈਬ ਸਿੰਘ ਚਚੋਹਰ ਆਦਿ ਨੇ ਮੌਕੇ ’ਤੇ ਹੀ ਪ੍ਰਸ਼ਾਸਨ ਨੂੰ ਇਤਲਾਹ ਕਰਦਿਆਂ ਜੇ ਸੀ ਬੀ ਮਸ਼ੀਨਾਂ ਨਾਲ ਪਿੰਡ ਵਾਸੀਆਂ ਦੀ ਮੱਦਦ ਨਾਲ 2-3 ਘੰਟਿਆਂ ਵਿੱਚ ਮਜ਼ਦੂਰ ਨੂੰ ਬਾਹਰ ਕੱਢ ਲਿਆ। ਮੌਕੇ ’ਤੇ ਪੁੱਜੇ ਨਾਇਬ ਤਹਿਸੀਲਦਾਰ ਹਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਸਿਵਲ ਹਸਪਤਾਲ ਦੀ ਐਂਬੂਲੈਂਸ ਰਾਹੀਂ ਮਜ਼ਦੂਰ ਨੂੰ ਸਿਵਲ ਹਸਪਤਾਲ ਮਾਨਸਾ ਇਲਾਜ ਲਈ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਨਿਰਮਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ