ਰਿਜ਼ਰਵ ਬੈਂਕ ਨੇ ਫੇਰ ਵਧਾਇਆ ਰੈਪੋ ਰੇਟ 0.50 ਫੀਸਦੀ, ਘਰ ਅਤੇ ਕਾਰ ਦੀਆਂ ਕਿਸ਼ਤਾਂ ਹੋਣਗੀਆਂ ਮਹਿੰਗੀਆਂ
ਪਾਲਿਸੀ ਦਰਾਂ ’ਚ ਵਾਧੇ ਨਾਲ ਘਰ ਅਤੇ ਕਾਰ ਦੀਆ ਕਿਸ਼ਤਾਂ ਮਹਿੰਗੀਆਂ ਹੋ ਜਾਣਗੀਆਂ
(ਏਜੰਸੀ)
ਮੁੰਬਈ। ਰਿਜ਼ਰਵ ਬੈਂਕ (ਆਰ. ਬੀ. ਆਈ.) ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਨੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਲਗਾਤਾਰ ਦੂਜੇ ਮਹੀਨੇ ਨੀਤੀਗਰ ਦਰਾਂ ’ਚ ਵਾਧਾ ਕੀਤਾ ਹੈ, ਜਿਸ ਨਾਲ ਆਮ ਲੋਕਾਂ ਲਈ ਘਰ, ਕਾਰ ਅਤੇ ਹੋਰ ਕਰਜ਼ਿਆਂ ਦੀਆਂ ਕਿਸ਼ਤਾਂ ਵਧਣਗੀਆ ਅਤੇ ਕਰਜ਼ੇ ਹੋਰ ਮਹਿੰਗੇ ਹੋ ਜਾਣਗੇ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਹੇਠ ਹੋਈ ਐਮਪੀਸੀ ਦੀ ਤਿੰਨ ਦਿਨਾਂ ਮੀਟਿੰਗ ਤੋਂ ਬਾਅਦ ਅੱਜ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ।
ਮਹਿੰਗਾਈ ਅਤੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਨੇ ਵਿਸ਼ਵਵਿਆਪੀ ਅਨਿਸ਼ਚਿਤਤਾ ਨੂੰ ਵਧਾ ਦਿੱਤਾ ਹੈ ਅਤੇ ਸਪਲਾਈ ਚੇਨਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਦੁਨੀਆ ਭਰ ’ਚ ਮਹਿੰਗਾਈ ਵਿੱਚ ਵਾਧਾ ਹੋਇਆ ਹੈ।
ਇਸ ਦਾ ਅਸਰ ਭਾਰਤ ’ਤੇ ਵੀ ਪਿਆ ਹੈ। ਦਾਸ ਨੇ ਕਿਹਾ ਕਿ ਕਮੇਟੀ ਨੇ ਰੈਪੋ ਦਰ ਨੂੰ 50 ਆਧਾਰ ਅੰਕ ਵਧਾ ਕੇ 4.90 ਫੀਸਦੀ, ਸਥਾਈ ਜਮ੍ਹਾ ਸਹੂਲਤ ਦਰ ਅੱਧਾ ਫੀਸਦੀ ਵਧਾ ਕੇ 4.65 ਫੀਸਦੀ ਅਤੇ ਸੀਮਾਂਤ ਸਥਾਈ ਸਹੂਲਤ ਦਰ ਨੂੰ 5.15 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਕਮੇਟੀ ਨੇ ਵਿਕਾਸ ’ਚ ਸਹਾਇਤਾ ਕਰਨ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਆਪਣੇ ਅਨੁਕੂਲ ਰੁੱਖ ਨੂੰ ਬਦਲਣ ’ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ।
ਕਮੇਟੀ ਨੇ ਮੌਜ਼ੂਦਾ ਵਿੱਤੀ ਸਾਲ ਦੇ ਵਾਧੇ ਦੇ ਅਨੁਮਾਨ ਨੂੰ 7.2 ਫੀਸਦੀ ’ਤੇ ਬਰਕਰਾਰ ਰੱਖਿਆ ਅਤੇ ਕਿਹਾ ਕਿ ਮੌਜ਼ੂਦਾ ਵਿੱਤੀ ਸਾਲ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ’ਚ ਮੁਦਰਾਸਫੀਤੀ ਵੀ ਰਿਜ਼ਰਵ ਬੈਂਕ ਦੇ ਛੇ ਫੀਸਦੀ ਦੇ ਦਾਇਰੇ ਤੋਂ ਬਾਹਰ ਰਹਿਣ ਦੀ ਉਮੀਦਾ ਹੈ। ਕਮੇਟੀ ਨੇ ਇੱਕ ਮਹੀਨੇ ’ਚ ਦੂਜੀ ਵਾਰ ਨੀਤੀਗਤ ਦਰਾਂ ’ਚ ਵਾਧਾ ਕੀਤਾ ਹੈ। ਪਿਛਲੇ ਮਹੀਨੇ ਰੈਪੋ ਰੇਟ ’ਚ 40 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਹੈ।
ਆਰਬੀਆਈ ਨੇ ਸਹਿਕਾਰੀ ਬੈਂਕਾਂ ਲਈ ਹਾਊਸਿੰਗ ਲੋਨ ਦੀ ਸੀਮਾ ਵਧਾ ਦਿੱਤੀ ਹੈ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ਹਿਰੀ ਸਹਿਕਾਰੀ ਬੈਂਕਾਂ ਵੱਲੋਂ ਗ੍ਰਾਹਕਾਂ ਨੂੰ ਦਿੱਤੇ ਜਾਣ ਵਾਲੇ ਹਾਊਸਿੰਗ ਲੋਨ ਦੀ ਸੀਮਾ 30 ਲੱਖ ਰੁਪਏ ਅਤੇ ਪੇਂਡੂ ਸਹਿਕਾਰੀ ਬੈਂਕਾਂ (ਆਰਸੀਬੀ) ਦੀ ਸੀਮਾ 20 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਹੈ।
ਬੁੱਧਵਾਰ ਨੂੰ ਜਾਰੀ ਵਿਕਾਸ ਅਤੇ ਰੈਗੂਲੇਟਰੀ ਨੀਤੀਆਂ ’ਤੇ ਆਰਬੀਆਈ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਮੌਜ਼ੂਦਾ ਦਿਸ਼ਾ-ਨਿਰਦੇਸ਼ਾਂ ’ਚ ਵਿਅਕਤੀਗਤ ਹਾਊਸਿੰਗ ਲੋਟ ’ਤੇ ਵਿਵੇਕਸ਼ੀਲ ਸੀਮਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਇਹ ਪ੍ਰਾਇਮਰੀ ਸਹਿਕਾਰੀ ਬੈਂਕਾਂ ਅਤੇ ਪੇਂਡੂ ਸਹਿਕਾਰੀ ਬੈਂਕਾਂ (ਆਰਸੀਬੀ-ਰਾਜ ਸਹਿਕਾਰੀ ਬੈਂਕਾਂ ਅਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ) ਵੱਲੋਂ ਆਪਣੇ ਗ੍ਰ੍ਰਾਹਕਾਂ ਨੂੰ ਪੇਸ਼ ਕੀਤੇ ਜਾ ਸਕਦੇ ਹਨ। ਪਹਿਲਾਂ ਹਾਊਸਿੰਗ ਲੋਨ ਸੀਮਾਵਾਂ ਨੂੰ ਯੂਐਸਬੀਐਸ ਲਈ 2011 ’ਚ ਅਤੇ ਆਰਸੀਬੀ ਲਈ 2009 ’ਚ ਸੋਧਿਆ ਗਿਆ ਸੀ।
ਸੀਮਾ ਦੇ ਆਖਰੀ ਸੰਸ਼ੋਧਨ ਤੋਂ ਬਾਅਦ, ਮਕਾਨਾਂ ਦੀਆਂ ਕੀਮਤਾਂ ’ਚ ਵਾਧੇ ਅਤੇ ਗ੍ਰਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਸਹਿਕਾਰੀ ਬੈਂਕਾਂ ’ਚ ਵਿਅਕਤੀਗਤ ਹਾਊਸਿੰਗ ਲੋਨ ਦੀ ਮੌਜ਼ੂਦਾ ਸੀਮਾ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਫੈਸਲੇ ਦੇ ਮੱਦੇਨਜ਼ਰ , ਟੀਅਰ ਯੂਐਸਬੀਐਸ ਲਈ 70 ਲੱਖ ਰੁਪਏ ਤੋਂ ਵਧਾ ਕੇ 140 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, 100 ਕਰੋੜ ਤੋਂ ਘੱਟ ਕੀਮਤ ਵਾਲੇ ਆਰਸੀਬੀ ਲਈ ਹਾਊਸਿੰਗ ਲੋਨ ਸੀਮਾ 20 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਅਤੇ ਹੋਰ ਆਰਸੀਬੀ ਲਈ 30 ਲੱਖ ਰੁਪਏ ਤੋਂ ਵਧਾ ਕੇ 75 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਸਬੰਧੀ ਵਿਸਥਾਰਤ ਸਹਕੂਲਰ ਵੱਖਰੇ ਤੌਰ ’ਤੇ ਜਾਰੀ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ