ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਨਾਲ ਮੌਜੂਦ
ਮਾਨਸਾ,(ਸੁਖਜੀਤ ਮਾਨ)। ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਰਾਹੁਲ ਗਾਂਧੀ ਪਿੰਡ ਮੂਸਾ ਪੁੱਜੇ ਹਨ। ਉਨਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਭਾਰਤ ਭੂਸ਼ਣ ਆਸ਼ੂ, ਪ੍ਰਤਾਪ ਸਿੰਘ ਬਾਜਵਾ, ਵਿਜੇਇੰਦਰ ਸਿੰਗਲਾ , ਸੁਖਵਿੰਦਰ ਸਿੰਘ ਡੈਨੀ, ਕੈ. ਸੰਦੀਪ ਸਿੰਘ ਸੰਧੂ ਆਦਿ ਮੌਜੂਦ ਹਨ। ਦੱਸਣਯੋਗ ਹੈ ਕਿ 29 ਮਈ ਦੀ ਸ਼ਾਮ ਨੂੰ ਹਮਲਾਵਰਾਂ ਨੇ ਗੋਲੀਆਂ ਮਾਰਕੇ ਬੇਰਹਿਮੀ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ।
ਭਲਕੇ 8 ਜੂਨ ਨੂੰ ਮਾਨਸਾ ਦੀ ਅਨਾਜ ਮੰਡੀ ’ਚ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਹੋਵੇਗੀ। ਪੁਲਿਸ ਵੱਲੋਂ ਇਸ ਕਤਲ ਮਾਮਲੇ ’ਚ ਹੁਣ ਤੱਕ ਕੁੱਝ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਤੇ ਕਈਆਂ ਨੂੰ ਜ਼ੇਲਾਂ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ ਪਰ ਹਾਲੇ ਤੱਕ ਕਾਤਲਾਂ ਦੀ ਗਿ੍ਰਫ਼ਤਾਰੀ ਨੂੰ ਲੈ ਕੇ ਪੁਲਿਸ ਦੇ ਹੱਥ ਖਾਲੀ ਹਨ।
ਦੱਸ ਦਈਏ ਕਿ ਮੂਸੇਵਾਲਾ ਕਤਲਕਾਂਡ ‘ਚ ਪੰਜਾਬ ਪੁਲਿਸ ਨੇ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਉਹ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ। ਸਾਰੇ ਸ਼ਾਰਪ ਸ਼ੂਟਰ ਗੈਂਗਸਟਰ ਲਾਰੈਂਸ ਦੇ ਗੈਂਗ ਨਾਲ ਸਬੰਧਤ ਹਨ। ਸ਼ਾਰਪ ਸ਼ੂਟਰਾਂ ਨੇ 29 ਮਈ ਨੂੰ ਮਾਨਸਾ ਵਿੱਚ ਇੱਕ ਪੰਜਾਬੀ ਗਾਇਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਹੁਣ 4 ਰਾਜਾਂ ਦੀ ਪੁਲਿਸ ਉਨ੍ਹਾਂ ਦੇ ਪਿੱਛੇ ਲੱਗੀ ਹੋਈ ਹੈ। ਇਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਪੁਲਿਸ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਕਾਤਲਾਂ ਨੂੰ ਹਥਿਆਰ ਤੇ ਗੱਡੀਆਂ ਮੁਹੱਈਆ ਕਰਵਾਉਣ, ਕਤਲ ਤੋਂ ਪਹਿਲਾਂ ਰੁਕਣ ਲਈ ਥਾਂ ਮੁਹੱਈਆ ਕਰਵਾਉਣ, ਰੇਕੀ ਕਰਨ ਦੇ ਮਾਮਲੇ ਵਿੱਚ ਵੀ ਪੁਲਿਸ ਨੇ ਕਈ ਵਿਅਕਤੀਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ