ਕੱਲ ਨਾਮਜ਼ਦਗੀ ਭਰਨਗੇ ਦਲਬੀਰ ਗੋਲਡੀ
- ਨਾਮਜ਼ਦਗੀਆਂ ਦਾਖਲ ਕਰਨ ਦਾ ਕੱਲ੍ਹ ਆਖਰੀ ਦਿਨ
(ਸੱਚ ਕਹੂੰ ਨਿਊਜ਼) ਸੰਗਰੂਰ। ਸੰਗਰੂਰ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਦਲਬੀਰ ਗੋਲਡੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਦਲਬੀਰ ਗੋਲਡੀ ਕੱਲ ਆਪਣੇ ਕਾਗਜ਼ ਦਾਖਲ ਕਰਨਗੇ। ਕੱਲ੍ਹ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ। ਦਲਬੀਰ ਸਿੰਘ ਗੋਲਡੀ ਧੂਰੀ ਤੋਂ ਐਮਐਲਏ ਵੀ ਰਹਿ ਚੁੱਕੇ ਹਨ। ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ’ਚ ਵੀ ਦਲਬੀਰ ਗੋਲਡੀ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦਲਬੀਰ ਗੋਲਡੀ ਦੇ ਨਾਂਅ ਤੋਂ ਪਹਿਲਾਂ ਕਾਂਗਰਸ ਉਮੀਦਵਾਰ ਵਜੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਾਂਅ ਦੀ ਵੀ ਚਰਚਾ ਸੀ। ਦਲਬੀਰ ਗੋਲਡੀ ਇਨ੍ਹਾਂ ਸਭ ’ਤੇ ਭਾਰੀ ਪੈ ਗਏ ਤੇ ਕਾਂਗਰਸ ਨੇ ਉਨਾਂ ਨੂੰ ਸੰਗਰੂਰ ਜ਼ਿਮਨੀ ਚੋਣਾਂ ਲਈ ਟਿਕਟ ਦੇ ਦਿੱਤੀ। ਦਲਬੀਰ ਗੋਲਡੀ ਨੂੰ ਪਹਿਲੇ ਦਿਨ ਤੋਂ ਹੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ।
ਜਿਕਰਯੋਗ ਹੀ ਕਿ ਆਮ ਆਦਮੀ ਪਾਰਟੀ ਸੰਗਰੂਰ ਜਿਮਨੀ ਚੋਣ ਲਈ ਗੁਰਮੇਲ ਸਿੰਘ ਨੂੰ ਉਮੀਦਵਾਰ ਐਲਾਨ ਚੁੱਕੀ ਹੈ ਤੇ ਅਕਾਲੀ ਦਲ ਵੱਲੋ ਕਮਲਦੀਪ ਕੌਰ ਰਾਜੋਆਣਾ ਦੀ ਭੈਣ ਨੂੰ ਉਮੀਦਵਾਰ ਐਲਾਨਿਆ ਹੈ। ਅੱਜ ਭਾਜਪਾ ਵੱਲੋਂ ਕੇਵਲ ਢਿੱਲੋਂ ਨੂੰ ਵੀ ਉਮੀਦਵਾਰ ਐਲਾਨਿਆ ਹੈ।
ਕਿਉਂ ਹੋ ਰਹੀਆਂ ਹਨ ਸੰਗਰੂਰ ਸੀਟ ’ਤੇ ਜਿਮਨੀ ਚੋਣਾਂ?
ਦੱਸਣਯੋਗ ਹੈ ਕਿ ਇਹ ਸੀਟ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਭਗਵੰਤ ਮਾਨ ਦੇ ਵਿਧਾਇਕ ਚੁਣੇ ਜਾਣ ਅਤੇ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਸੀਟ ਛੱਡ ਦਿੱਤੀ ਸੀ। ਜਿਸ ਕਾਰਨ ਇਸ ਸੀਟ ’ਤੇ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ ਆਮ ਆਦਮੀ ਪਾਰਟੀ ਲਈ ਇਹ ਸੀਟ ਜਿੱਤਣੀ ਹੋਰ ਵੀ ਜ਼ਰੂਰੀ ਹੋ ਗਈ ਹੈ। ‘ਆਪ’ ਦੇ ਭਗਵੰਤ ਮਾਨ ਦੇਸ਼ ਭਰ ‘ਚੋਂ ਸੰਗਰੂਰ ਤੋਂ ਇਕਲੌਤੇ ਲੋਕ ਸਭਾ ਮੈਂਬਰ ਸਨ। ਜੇਕਰ ਹਾਰ ਗਏ ਤਾਂ ਲੋਕ ਸਭਾ ਵਿਚ ਪ੍ਰਤੀਨਿਧਤਾ ਖਤਮ ਹੋ ਜਾਵੇਗੀ।
ਭਗਵੰਤ ਮਾਨ ਦਾ ਗੜ੍ਹ ਸੰਗਰੂਰ ਸੀਟ, ਮੋਦੀ ਲਹਿਰ ‘ਚ ਵੀ ਜਿੱਤੇ
ਸੰਗਰੂਰ ਲੋਕ ਸਭਾ ਸੀਟ ਭਗਵੰਤ ਮਾਨ ਦਾ ਗੜ੍ਹ ਹੈ। ਇੱਥੋਂ ਉਹ ਵੱਡੇ ਫਰਕ ਨਾਲ ਜਿੱਤੇ ਹਨ। 2019 ਵਿੱਚ ਜਦੋਂ ਮੋਦੀ ਲਹਿਰ ਵਿੱਚ ਆਮ ਆਦਮੀ ਦੇ ਸਾਰੇ ਉਮੀਦਵਾਰ ਹਾਰ ਗਏ ਸਨ, ਤਾਂ ਭਗਵੰਤ ਮਾਨ ਸੰਗਰੂਰ ਤੋਂ ਜਿੱਤ ਕੇ ਇਕੱਲੇ ਹੀ ਸੰਸਦ ਵਿੱਚ ਪਹੁੰਚੇ ਸਨ। ਇਸ ਵਾਰ ਉਨ੍ਹਾਂ ਨੇ ਵਿਧਾਇਕ ਚੁਣੇ ਜਾਣ ਅਤੇ ਪਾਰਟੀ ਨੂੰ ਬਹੁਮਤ ਦਿਵਾਉਣ ਤੋਂ ਬਾਅਦ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ