ਹਸਪਤਾਲ ਦੇ ਬਾਹਰ ਭਾਰ ਭੀੜ ਹੋਈ ਜਮ੍ਹਾਂ, ਪ੍ਰਸੰਸਕਾਂ ਵੱਲੋਂ ਨਾਅਰੇਬਾਜ਼ੀ
(ਸੁਖਜੀਤ ਮਾਨ) ਮਾਨਸਾ। ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ ਪੰਜਾਬੀ ਗਾਇਕ ਸੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਕੋਲ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਰਣਜੀਤ ਰਾਏ ਵੱਲੋਂ ਕੀਤੀ ਗਈ। ਇਸ ਗੋਲੀਬਾਰੀ ਵਿੱਚ ਉਸਦੇ ਦੋ ਸਾਥੀ ਵੀ ਵੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ।
ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਮਿਲਦਿਆਂ ਹੀ ਵੱਡੀ ਗਿਣਤੀ ‘ਚ ਭੀੜ ਸਿਵਲ ਹਸਪਤਾਲ ਦੇ ਬਾਹਰ ਇਕੱਠੀ ਹੋ ਗਈ। ਭੀੜ ਐਨੀ ਜ਼ਿਆਦਾ ਸੀ ਕਿ ਪੁਲਿਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਗਿਆ। ਸਿਵਲ ਹਸਪਤਾਲ ਦੇ ਦੋਵੇਂ ਗੇਟ ਬੰਦ ਕੀਤੇ ਗਏ ਤੇ ਸਿਵਲ ਹਸਪਤਾਲ ਨੂੰ ਆਉਂਦੇ ਰਸਤੇ ਪੁਲਿਸ ਵੱਲੋਂ ਰਸਤੇ ਬੰਨ ਕੇ ਬੰਦ ਕੀਤੇ ਗਏ। ਇੱਥੇ ਮੌਜ਼ੂਦ ਕਾਂਗਰਸੀ ਆਗੂਆਂ ਨੇ ਮਾਨ ਸਰਕਾਰ ’ਤੇ ਦੋਸ਼ ਲਾਇਆ ਕਿ ਪਿਛਲੀ ਦਿਨੀਂ ਹੀ ਗਾਇਕ ਸਿੱਧੂ ਮੂਸੇਵਾਲਾ ਦੀ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਸੀ, ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਵਾਲੀ ਗੱਲ ਨੂੰ ਵਾਇਰਲ ਕੀਤਾ ਸੀ, ਇਹ ਵੱਡਾ ਕਾਰਨ ਹੀ ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਬਣਿਆ ਹੈ। ਇਸ ਵੇਲੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਮਾਨਸਾ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੱਡੀ ਗਿਣਤੀ ’ਚ ਇਕੱਠੀ ਹੋਈ ਭੀੜ ਨੂੰ ਕਾਬੂ ਕਰਨ ਲਈ ਤਾਇਨਾਤ ਪੁਲਿਸ ਮੁਲਾਜ਼ਮ। ਤਸਵੀਰਾਂ : ਸੁਖਜੀਤ ਮਾਨ
ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਆਪਣੇ ਸਾਥੀਆਂ ਨਾਲ ਕਾਰ ਰਾਹੀਂ ਜਾ ਰਿਹਾ ਸੀ। ਕਾਲੇ ਰੰਗ ਦੀ ਕਾਰ ‘ਚ ਸਵਾਰ ਦੋ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਘਰ ਤੋਂ ਕਰੀਬ 5 ਕਿਲੋਮੀਟਰ ਦੂਰ ਹੀ ਗਏ ਸਨ ਕਿ ਕਾਲੇ ਰੰਗ ਦੀ ਗੱਡੀ ’ਚ ਆਏ ਦੋ ਹਮਲਾਵਾਰਾਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਸ ਦੇ ਕਈ ਗੋਲੀਆਂ ਵੱਜੀਆਂ। ਉਸ ਸਮੇਂ ਥਾਰ ਗੱਡੀ ਨੂੰ ਮੂਸੇਵਾਲਾ ਖੁਦ ਚਲਾ ਰਿਹਾ ਸੀ।
ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਜਿਸ ’ਤੇ ਹਮਲਾ ਹੋਇਆ।
ਇਸ ਘਟਨਾ ਨੇ ਪੁਲਿਸ ਵਿੱਚ ਹੜਕੰਪ ਮਚਾ ਦਿੱਤਾ ਹੈ। ਪੰਜਾਬ ‘ਚ CM ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸ਼ਨਿੱਚਰਵਾਰ ਨੂੰ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ‘ਚ ਕਟੌਤੀ ਕਰ ਦਿੱਤੀ ਸੀ। ਮੂਸੇਵਾਲਾ ਕੋਲ ਪਹਿਲਾਂ 8 ਤੋਂ 10 ਸੁਰੱਖਿਆ ਕਰਮੀ ਸਨ। ਮਾਨ ਸਰਕਾਰ ਦੀ ਕਾਰਵਾਈ ਤੋਂ ਬਾਅਦ ਸਿੱਧੂ ਮੂਸੇਵਾਲ ਕੋਲ ਸਿਰਫ਼ 2 ਗੰਨਮੈਨ ਹੀ ਰਹਿ ਗਏ ਸਨ।
ਵਿਜੇ ਸਿੰਗਲਾ ਖਿਲਾਫ ਕਾਂਗਰਸ ਦੀ ਟਿਕਟ ‘ਤੇ ਲੜੇ ਸਨ ਚੋਣ
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਕਾਂਗਰਸ ਦੀ ਟਿਕਟ ’ਤੇ ਮਾਨਸਾ ਸੀਟ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ। ਜਿਸ ’ਚ ਉਸ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਜੈ ਸਿੰਗਲਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ