ਬੰਦੂਕਾਂ ’ਚੋਂ ਮੁਨਾਫ਼ਾ ਲੈ ਰਿਹਾ ਬੱਚਿਆਂ ਦੀ ਜਾਨ
ਅਮਰੀਕਾ ਦੇ ਟੈਕਸਾਸ ਸੂਬੇ ਦੇ ਇੱਕ ਛੋਟੇ ਸ਼ਹਿਰ ਓਵਾਲਡੇ ’ਚ ਸਕੂਲ ’ਚ ਹੋਈ ਗੋਲਬਾਰੀ ਨਾਲ ਇੱਕ ਵਾਰ ਫ਼ਿਰ ਪੂਰੇ ਦੇਸ਼ ’ਚ ਬੰਦੂਕਾਂ ਸਬੰਧੀ ਨਵੇਂ ਸਿਰੇ ਤੋਂ ਬਹਿਸ ਸ਼ੁਰੂ ਹੋ ਗਈ ਹੈ ਨਾ ਤਾਂ ਇਹ ਬਹਿਸ ਨਵੀਂ ਹੈ ਅਤੇ ਨਾ ਹੀ ਅਮਰੀਕਾ ਦੇ ਸਕੂਲਾਂ ’ਚ ਕਿਸੇ ਸਿਰਫ਼ਿਰੇ ਦਾ ਗੋਲੀ ਚਲਾ ਕੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨਾ ਹੀ ਪਹਿਲੀ ਵਾਰ ਹੋਇਆ ਹੈ। ਓਵਾਲਡੇ ਦੇ ਸਕੂਲ ਦਾ ਵਾਕਿਆ ਵੀ ਅਜਿਹਾ ਹੀ ਹੈ, ਜਿੱਥੇ ਇੱਕ ਇਕੱਲੇ ਬੰਦੂਕਧਾਰੀ ਨੇ 19 ਬੱਚਿਆਂ ਨੂੰ ਮਾਰ ਦਿੱਤਾ ਹੈ। ਬੇਸ਼ੱਕ ਹੀ ਇਹ ਮਾਮਲਾ ਇੱਕ ਅੰਤਰਰਾਸ਼ਟਰੀ ਖ਼ਬਰ ਬਣਿਆ ਹੈ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਸਾਲ ਹੁਣ ਤੱਕ ਸਕੂਲਾਂ ’ਚ ਗੋਲੀਬਾਰੀ ਦੀਆਂ 27 ਘਟਨਾਵਾਂ ਵਾਪਰ ਚੁੱਕੀਆਂ ਹਨ।
ਅਜਿਹੇ ’ਚ ਇਹ ਸਵਾਲ ਵਾਰ-ਵਾਰ ਉੱਠਦਾ ਹੈ ਕਿ ਜੇਕਰ ਇਹ ਸਮੱਸਿਆ ਐਨੀ ਖਤਰਨਾਕ ਹੈ, ਤਾਂ ਇਸ ’ਤੇ ਅਮਰੀਕੀ ਸਰਕਾਰਾਂ ਕਿਉਂ ਕੁਝ ਨਹੀਂ ਕਰ ਰਹੀਆਂ। ਬੰਦੂਕਾਂ ’ਤੇ ਰੋਕ ਲਾਉਣ ਦਾ ਵਿਰੋਧ ਕਰਨ ਵਾਲਿਆਂ ਦਾ ਤਰਕ ਹੈ ਕਿ ਬੰਦੂਕ ਰੱਖਣਾ ਹਰ ਅਮਰੀਕੀ ਦਾ ਜੱਦੀ ਅਧਿਕਾਰ ਹੈ ਅਤੇ ਸਰਕਾਰਾਂ ਵੱਲੋਂ ਨਿਯਮ ਬਣਾਏ ਜਾਣ ਨਾਲ ਇਹ ਸਮੱਸਿਆ ਨਹੀਂ ਸੁਲਝੇਗੀ। ਇਹ ਤਰਕ ਨਿਹਾਇਤ ਹੀ ਗਲਤ ਹੈ ਕਿਉਂਕਿ ਦੁਨੀਆ ਦੇ ਕਈ ਦੇਸ਼ਾਂ ’ਚ ਅਜਿਹੀਆਂ ਘਟਨਾਵਾਂ ਤੋਂ ਬਾਅਦ ਸਰਕਾਰਾਂ ਨੇ ਜਦੋਂ ਨਿਯਮ ਬਣਾ ਕੇ ਬੰਦੂਕ ਰੱਖਣ ਅਤੇ ਲਾਇਸੰਸ ਲੈਣ ਦੀ ਪ੍ਰਕਿਰਿਆ ਨੂੰ ਨਿਗਰਾਨੀ ਦੇ ਦਾਇਰੇ ’ਚ ਰੱਖਿਆ ਤਾਂ ਇਨ੍ਹਾਂ ਘਟਨਾਵਾਂ ’ਚ ਬਹੁਤ ਕਮੀ ਆਈ ਸਕਾਟਲੈਂਡ ’ਚ 1996 ’ਚ ਅਜਿਹੀ ਇੱਕ ਘਟਨਾ ਵਾਪਰੀ ਸੀ, ਜਿਸ ’ਚ ਪੰਦਰਾਂ ਬੱਚੇ ਅਤੇ ਇੱਕ ਅਧਿਆਪਕ ਦੀ ਮੌਤ ਹੋ ਗਈ ਸੀ।
ਸਕੂਲਾਂ ’ਚ ਗੋਲੀਬਾਰੀ ਦੀਆਂ ਘਟਨਾਵਾਂ
ਇਸ ਘਟਨਾ ਤੋਂ ਬਾਅਦ ਬਿ੍ਰਟੇਨ ਨੇ ਬੰਦੂਕਾਂ ਸਬੰਧੀ ਨਿਯਮ ਸਖ਼ਤ ਕਰ ਦਿੱਤੇ ਅਤੇ ਉਦੋਂ ਤੋਂ ਅੱਜ ਤੱਕ ਬਿ੍ਰਟੇਨ ’ਚ ਇਸ ਤਰ੍ਹਾਂ ਦੀ ਕੋਈ ਹੋਰ ਘਟਨਾ ਨਹੀਂ ਵਾਪਰੀ ਹੈ। ਬਰਤਾਨ ਦੀ ਸਰਕਾਰ ਨੇ ਇਸ ਘਟਨਾ ਤੋਂ ਬਾਅਦ ਆਮ ਲੋਕਾਂ ਦੇ ਹੈਂਡਗੰਨ ਰੱਖਣ ’ਤੇ ਪਾਬੰਦੀ ਲਾ ਦਿੱਤੀ ਸੀ। ਇਸੇ ਤਰ੍ਹਾਂ ਨਾਰਵੇ, ਆਸਟਰੇਲੀਆ ਅਤੇ ਨਿਊਜ਼ੀਲੈਂਡ ’ਚ ਸਕੂਲਾਂ ’ਚ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਬੰਦੂਕ ਨਾਲ ਜੁੜੇ ਕਾਨੂੰਨਾਂ ਨੂੰ ਸਖਤ ਕੀਤਾ ਗਿਆ ਅਤੇ ਗੋਲੀਬਾਰੀ ਦੀਆਂ ਘਟਨਾਵਾਂ ’ਤੇ ਰੋਕ ਲਾਉਣਾ ਸੰਭਵ ਹੋ ਗਿਆ ਪਰ ਅਮਰੀਕਾ ’ਚ ਸੈਂਕੜੇ ਅਜਿਹੀਆਂ ਘਟਨਾਵਾਂ ਅਤੇ ਛੋਟੇ-ਛੋਟੇ ਬੱਚਿਆਂ ਦੇ ਮਾਰੇ ਜਾਣ ਦੇ ਬਾਵਜੂਦ ਅੱਜ ਵੀ ਬੰਦੂਕਾਂ ਸਬੰਧੀ ਨਿਯਮ ਬੇਹੱਦ ਢਿੱਲੇ ਹਨ ਤੇ ਪਿਛਲੇ ਕਈ ਸਾਲਾਂ ’ਚ ਇਨ੍ਹਾਂ ਕਾਨੂੰਨਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਆਮ ਤੌਰ ’ਤੇ ਕੋਈ ਵੀ ਅਮਰੀਕੀ ਨਾਗਰਿਕ ਬੰਦੂਕਾਂ ਦੀ ਦੁਕਾਨ ’ਤੇ ਜਾ ਕੇ ਕਿਸੇ ਵੀ ਤਰ੍ਹਾਂ ਦਾ ਹਥਿਆਰ ਅਸਾਨੀ ਨਾਲ ਖਰੀਦ ਸਕਦਾ ਹੈ। ਇਨ੍ਹਾਂ ਹਥਿਆਰਾਂ ’ਚ ਅਸਾਲਟ ਰਾਈਫਲ ਤੱਕ ਸ਼ਾਮਲ ਹੁੰਦੇ ਹਨ, ਜਿਨ੍ਹਾਂ ਲਈ ਲਾਇਸੰਸ ਲੈਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਹੈ। ਟੈਕਸਾਸ ਦੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਇਡੇਨ ਨੇ ਇੱਕ ਵਾਰ ਫ਼ਿਰ ਕਿਹਾ ਹੈ ਕਿ ਇਸ ਮਾਮਲੇ ’ਚ ਨਿਯਮਾਂ ਨੂੰ ਬਦਲਣ ਦੀ ਜ਼ਰੂਰਤ ਹੈ, ਪਰ ਉਹ ਵੀ ਜਾਣਦੇ ਹਨ ਕਿ ਇਸ ਮਾਮਲੇ ’ਚ ਸੀਨੇਟ ਉਨ੍ਹਾਂ ਦਾ ਸਾਥ ਨਹੀਂ ਦੇਵੇਗੀ ਸੀਨੇਟ ’ਤੇ ਬੰਦੂਕ ਨਿਰਮਾਤਾ ਅਤੇ ਵਿਕਰੇਤਾ ਲਾਬੀ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਜੋ ਸੀਨੇਟਰਜ਼ ਨੂੰ ਚੋਣਾਂ ਵਿਚ ਫੰਡ ਦਿੰਦੀ ਹੈ।
ਅਮਰੀਕਾ ਬੇਸ਼ੱਕ ਹੀ ਇੱਕ ਪ੍ਰਗਤੀਸ਼ੀਲ ਮੁਲਕ ਹੋਵੇ, ਪਰ ਬੰਦੂਕ ਅਤੇ ਹਿੰਸਾ ਦੇ ਮਾਮਲੇ ’ਚ ਇਹ ਇੱਕ ਬੇਹੱਦ ਪੱਛੜੇ ਨਿਯਮਾਂ ਵਾਲਾ ਦੇਸ਼ ਹੈ, ਜਿੱਥੇ ਲੋਕ ਬਿਨਾ ਵਜ੍ਹਾ ਹੀ ਬੰਦੂਕ ਰੱਖਣ ਨੂੰ ਆਪਣੀ ਅਜ਼ਾਦੀ ਨਾਲ ਜੋੜ ਕੇ ਦੇਖਦੇ ਹਨ। ਜਾਣਕਾਰਾਂ ਅਨੁਸਾਰ ਅਮਰੀਕਾ ਦਾ ਇਤਿਹਾਸ ਹਿੰਸਕ ਰਿਹਾ ਹੈ ਇਹੀ ਕਾਰਨ ਹੈ ਕਿ ਅੱਜ ਵੀ ਬੰਦੂਕਾਂ ਦੇ ਮਾਮਲੇ ’ਚ ਇਹ ਦੇਸ਼ ਨਵੇਂ ਨਿਯਮ ਨਹੀਂ ਬਣਾਉਂਦਾ ਹੈ, ਬੇਸ਼ੱਕ ਹੀ ਹਰ ਸਾਲ ਖ਼ਤਰਨਾਕ ਬੰਦੂਕ-ਮੋਹ ਕਾਰਨ ਬੱਚੇ ਅਤੇ ਹੋਰ ਲੋਕ ਗੋਲੀਬਾਰੀ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ