ਹਮੇਸ਼ਾ ਮਜ਼ਬੂਤ ਰਹੇ ਆਪਸੀ ਸਹਿਯੋਗ ਦੀ ਕੜੀ

The Link Of Mutual Cooperation

ਹਮੇਸ਼ਾ ਮਜ਼ਬੂਤ ਰਹੇ ਆਪਸੀ ਸਹਿਯੋਗ ਦੀ ਕੜੀ

ਸਹਿਯੋਗ ਦੋ ਸ਼ਬਦਾਂ ਦੇ ਜੋੜ ‘ਸਹਿ ਅਤੇ ਯੋਗ’ ਤੋਂ ਬਣਿਆ ਹੋਇਆ ਹੈ, ਜਿਸਦਾ ਅਰਥ ਹੈ ਇੱਕ-ਦੂਜੇ ਦਾ ਸਾਥ ਦੇਣਾ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਇਨਸਾਨਾਂ ਦੇ ਆਪਸੀ ਪ੍ਰੇਮ ਅਤੇ ਸਹਿਯੋਗ ਨਾਲ ਹੀ ਸਮਾਜ ਦਾ ਨਿਰਮਾਣ ਹੁੰਦਾ ਹੈ ਇਸ ਲਈ ਆਖਿਆ ਜਾ ਸਕਦਾ ਹੈ ਕਿ ਸਹਿਯੋਗ ਜੀਵਨ ਦਾ ਆਧਾਰ ਹੈ। ਸਹਿਯੋਗ ਤੋਂ ਭਾਵ ਟੀਮ ਭਾਵਨਾ ਨਾਲ ਕੰਮ ਕਰਨਾ ਹੈ।

ਕਿਸੇ ਵੀ ਖੇਤਰ ਦੇ ਵਿਕਾਸ ਦੀ ਗਤੀ ਵੀ ਸਹਿਯੋਗ ਦੀ ਭਾਵਨਾ ’ਤੇ ਹੀ ਟਿਕੀ ਹੁੰਦੀ ਹੈ। ਇਕੱਲਾ ਮਨੁੱਖ ਤਰੱਕੀ ਦੀ ਉਮੀਦ ਨਹੀਂ ਕਰ ਸਕਦਾ। ਅਜੋਕੇ ਵਿਗਿਆਨਕ ਖੇਤਰ ਦਾ ਵਿਕਾਸ ਵੀ ਕਿਸੇ ਇੱਕ ਵਿਅਕਤੀ ਦੀ ਦੇਣ ਨਹੀਂ ਹੈ ਬਲਕਿ ਇਹ ਅਨੇਕ ਵਿਗਿਆਨਕਾਂ ਦੇ ਆਪਸੀ ਸਹਿਯੋਗ ਦਾ ਨਤੀਜਾ ਹੈ। ਜਿਵੇਂ ਤੀਲਾ-ਤੀਲਾ ਜੁੜ ਕੇ ਇੱਕ ਮਜ਼ਬੂਤ ਗੰਢ ਬਣ ਜਾਂਦੀ ਹੈ ਜਿਸ ਨੂੰ ਤੋੜਣਾ ਵੀ ਸੰਭਵ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਜੀਵਨ ਵਿੱਚ ਆਪਸੀ ਸਹਿਯੋਗ ਨਾਲ ਅੱਗੇ ਵਧਣ ਵਾਲੇ ਲੋਕਾਂ ਦੀ ਤਰੱਕੀ ਦੀਆਂ ਸੰਭਾਵਨਾਵਾਂ ਵੀ ਕਈ ਗੁਣਾ ਵਧ ਜਾਂਦੀਆਂ ਹਨ। ਕਿਸੇ ਵੀ ਸਫ਼ਲ ਵਿਅਕਤੀ ਦੇ ਜੀਵਨ ਪਿੱਛੇ ਕਿਸੇ ਨਾ ਕਿਸੇ ਦੇ ਸਹਿਯੋਗ ਦਾ ਹੱਥ ਜ਼ਰੂਰ ਹੁੰਦਾ ਹੈ।

ਸਾਡੇ ਸਰੀਰ ਦੇ ਅੰਗ ਵੀ ਆਪਸੀ ਸਹਿਯੋਗ ਨਾਲ ਹੀ ਇੱਕ-ਦੂਸਰੇ ਨੂੰ ਚਲਾਉਂਦੇ ਹਨ। ਜੇਕਰ ਸਰੀਰ ਦੇ ਕਿਸੇ ਹਿੱਸੇ ਵਿੱਚ ਸੱਟ ਲੱਗਦੀ ਹੈ ਤਾਂ ਦਿਮਾਗ ਤੁਰੰਤ ਉੱਥੇ ਪਹੁੰਚ ਜਾਂਦਾ ਹੈ। ਅੱਖਾਂ ਉਸ ਸਥਾਨ ਨੂੰ ਵੇਖਦੀਆਂ ਹਨ ਤੇ ਹੱਥ ਸਹਿਯੋਗ ਲਈ ਅੱਗੇ ਵਧਦੇ ਹਨ। ਸਹਿਯੋਗ ਦੀ ਭਾਵਨਾ ਇੱਕ ਅਜਿਹੀ ਪਾਰਸ ਦੀ ਵੱਟੀ ਹੈ ਜਿਸ ਨਾਲ ਲੋਹਾ ਵੀ ਸੋਨਾ ਬਣ ਜਾਂਦਾ ਹੈ ਭਾਵ ਆਪਸੀ ਸਹਿਯੋਗ ਨਾਲ ਕਮਜ਼ੋਰ ਇਨਸਾਨ ਵੀ ਔਖੀਆਂ ਮੰਜ਼ਿਲਾਂ ਨੂੰ ਤੈਅ ਕਰਨ ਦੇ ਲਾਇਕ ਹੋ ਜਾਂਦੇ ਹਨ।

ਵੱਡੀ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਵੀ ਆਪਸੀ ਸਹਿਯੋਗ ਨਾਲ ਹੀ ਸੰਭਵ ਹੈ। ਹਰ ਪਰਿਵਾਰ, ਸੰਸਥਾ, ਆਂਢ-ਗੁਆਂਢ, ਸਕੂਲ ਅਤੇ ਪਿੰਡ ਤੋਂ ਲੈ ਕੇ ਦੇਸ਼ ਦੀ ਤਰੱਕੀ ਤੱਕ ਆਪਸੀ ਸਹਿਯੋਗ ਦੀ ਵੱਡੀ ਲੋੜ ਹੁੰਦੀ ਹੈ। ਇੱਕ ਅਤੇ ਇੱਕ ਗਿਆਰਾਂ ਹੁੰਦੇ ਹਨ। ਜੋ ਕੰਮ ਇਕੱਲਾ ਇਨਸਾਨ ਨਹੀਂ ਕਰ ਸਕਦਾ ਉਸ ਨੂੰ ਦੋ ਆਦਮੀ ਅਸਾਨੀ ਨਾਲ ਕਰ ਸਕਦੇ ਹਨ। ਇਸ ਲਈ ਹਰ ਖੇਤਰ ਵਿੱਚ ਆਪਸੀ ਸਹਿਯੋਗ ਦੀ ਆਪਣੀ ਮਹੱਤਤਾ ਹੈ। ਸਹਿਯੋਗ ਹਰ ਅਸੰਭਵ ਕੰਮ ਨੂੰ ਸੰਭਵ ਬਣਾ ਦਿੰਦਾ ਹੈ।

ਕਿਸੇ ਖੂਹ ਵਿੱਚ ਸਭ ਤੋਂ ਹੇਠਾਂ ਲੱਗੀ ਹੋਈ ਇੱਟ ਦੇ ਸਹਿਯੋਗ ਨਾਲ ਹੀ ਦੂਜੀਆਂ ਇੱਟਾਂ ਨੂੰ ਬਾਹਰਲੀ ਦੁਨੀਆ ਵੇਖਣੀ ਨਸੀਬ ਹੁੰਦੀ ਹੈ। ਇਸ ਤਰ੍ਹਾਂ ਹੀ ਕਿਸੇ ਮਕਾਨ ਦੀ ਨੀਂਹ ਵਿੱਚ ਲੱਗੀਆਂ ਇੱਟਾਂ ਦੀ ਆਪਣੀ ਮਹਾਨਤਾ ਹੁੰਦੀ ਹੈ। ਨੀਂਹ ਵਿੱਚ ਲੱਗੀਆਂ ਇੱਟਾਂ ਦੇ ਸਹਿਯੋਗ ਨਾਲ ਹੀ ਕਿਸੇ ਮਕਾਨ ਦੀ ਛੱਤ ਸੰਭਵ ਹੈ।

ਘਰ ਨੂੰ ਚਲਾਉਣ ਲਈ ਵੀ ਇੱਕ-ਦੂਜੇ ਦੇ ਵੱਡੇ ਸਹਿਯੋਗ ਦੀ ਲੋੜ ਹੁੰਦੀ ਹੈ। ਜਿਨ੍ਹਾਂ ਪਰਿਵਾਰਾਂ ਵਿੱਚ ਆਪਸੀ ਸਹਿਯੋਗ ਹਮੇਸ਼ਾ ਬਣਿਆ ਰਹਿੰਦਾ ਹੈ ਉਹ ਪਰਿਵਾਰ ਦੁੱਖਾਂ ਤੋਂ ਤੇਜੀ ਨਾਲ ਉੱਭਰਨ ਦੇ ਸਮਰੱਥ ਹੋ ਜਾਂਦੇ ਹਨ ਅਤੇ ਅਜਿਹੇ ਪਰਿਵਾਰਾਂ ਵਿੱਚ ਤਰੱਕੀ ਦੀਆਂ ਸੰਭਾਵਨਾਵਾਂ ਕਈ ਗੁਣਾ ਵਧ ਜਾਂਦੀਆਂ ਹਨ।

ਅਜੋਕੇ ਆਧੁਨਿਕਤਾ ਦੇ ਯੁੱਗ ਵਿੱਚ ਸਹਿਯੋਗ ਦੀ ਭਾਵਨਾ ਵਿੱਚ ਵੀ ਬਦਲਾਅ ਆ ਰਿਹਾ ਹੈ। ਪਹਿਲਾਂ ਸਹਿਯੋਗ ਨਿਰਸਵਾਰਥ ਸੀ ਪਰ ਹੁਣ ਬਦਲਦੇ ਸਮਾਜਿਕ ਹਾਲਾਤਾਂ ਵਿੱਚ ਆਪਸੀ ਸਹਿਯੋਗ ਦੌਰਾਨ ਲੋਕ ਆਪਣੇ-ਆਪਣੇ ਫਾਇਦੇ ਨੂੰ ਜ਼ਿਆਦਾ ਤਰਜੀਹ ਦੇਣ ਲੱਗੇ ਹਨ। ਕਿਸੇ ਆਈਲੈਟਸ ਪਾਸ ਲੜਕੀ ਨੂੰ ਵਿਦੇਸ਼ ਭੇਜਣ ਲਈ ਲੜਕੇ ਦੇ ਪਰਿਵਾਰ ਵੱਲੋਂ ਖਰਚ ਕੀਤੇ ਜਾ ਰਹੇ ਲੱਖਾਂ ਰੁਪਏ ਹੁਣ ਰਿਸ਼ਤੇ ਜੋੜਨ ਲਈ ਨਹੀਂ ਸਗੋਂ ਆਪਣੇ ਲਾਲਚ ਅਧੀਨ ਖਰਚ ਕੀਤੇ ਜਾ ਰਹੇ ਹਨ। ਅਜਿਹੇ ਲੋਭ-ਲਾਲਚ ਨੇ ਮਨੁੱਖ ਜ਼ਿੰਦਗੀ ਦੇ ਅਹਿਮ ਰਿਸ਼ਤਿਆਂ ਵਿੱਚ ਵੀ ਕੜਵਾਹਟ ਪੈਦਾ ਕਰ ਦਿੱਤੀ ਹੈ ਅਤੇ ਸਹਿਯੋਗ ਦੀ ਭਾਵਨਾ ਵੀ ਹੁਣ ਕਾਫੀ ਸ਼ੱਕੀ ਹੋ ਗਈ ਹੈ।

ਅੱਜ ਸਮਾਂ ਅਜਿਹਾ ਆ ਗਿਆ ਹੈ ਕਿ ਜੇਕਰ ਕੋਈ ਨਿਰਸਵਾਰਥ ਭਾਵਨਾ ਨਾਲ ਵੀ ਤੁਹਾਡਾ ਸਹਿਯੋਗ ਕਰਨ ਲਈ ਅੱਗੇ ਆਉਂਦਾ ਹੈ ਤਾਂ ਉਸ ਨੂੰ ਵੀ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਅਜੋਕੇ ਹਾਲਾਤਾਂ ਵਿੱਚ ਮਨੁੱਖੀ ਪ੍ਰਵਿਰਤੀ ਆਪਣੇ ਹਿੱਤਾਂ ਨੂੰ ਪਹਿਲ ਦੇਣ ਲੱਗੀ ਹੈ। ਅੱਜ ਅਸੀਂ ਆਪਣੇ ਥੋੜ੍ਹੇ ਜਿਹੇ ਸਵਾਰਥ ਪਿੱਛੇ ਅਗਲੇ ਦਾ ਵੱਡਾ ਨੁਕਸਾਨ ਕਰਨ ਦੀ ਪ੍ਰਵਿਰਤੀ ਦੇ ਗੁਲਾਮ ਹੋ ਗਏ ਹਾਂ। ਇਹੀ ਕਾਰਨ ਹੈ ਕਿ ਨਿਰਸਵਾਰਥ ਸਹਿਯੋਗ ਦੀ ਭਾਵਨਾ ਨੂੰ ਵੀ ਅੱਜ ਸ਼ੱਕੀ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦੇ ਭੌਤਿਕਵਾਦੀ ਯੁੱਗ ਵਿੱਚ ਪੈਸੇ ਦੀ ਦੌੜ ਲੱਗੀ ਹੋਈ ਹੈ। ਇਸ ਦੌੜ ਵਿੱਚ ਹਰ ਇਨਸਾਨ ਇੱਕ-ਦੂਜੇ ਤੋਂ ਅੱਗੇ ਵਧਣ ਲਈ ਕਾਹਲਾ ਹੈ। ਜਿਸ ਕਾਰਨ ਸਹਿਯੋਗ ਦੀ ਭਾਵਨਾ ਘੱਟ ਰਹੀ ਹੈ ਤੇ ਵੈਰ-ਵਿਰੋਧ ਦਾ ਸੇਕ ਵਧ ਰਿਹਾ ਹੈ ਜੋ ਇਨਸਾਨੀ ਜ਼ਿੰਦਗੀ ਦੇ ਹਰ ਖੇਤਰ ਨੂੰ ਵੱਡਾ ਨੁਕਸਨ ਪਹੁੰਚਾ ਰਿਹਾ ਹੈ।

ਇਨਸਾਨ ਦੀ ਲਾਲਚ ਭਰੀ ਦਿ੍ਰਸ਼ਟੀ ਕਾਰਨ ਹੁਣ ਰਿਸ਼ਤਿਆਂ ਵਿੱਚ ਤਰੇੜਾਂ ਪੈ ਰਹੀਆਂ ਹਨ ਜੋ ਸੱਭਿਅਕ ਸਮਾਜ ਲਈ ਖਤਰੇ ਦੀ ਘੰਟੀ ਹੈ। ਅਜਿਹੇ ਹਾਲਾਤਾਂ ਵਿੱਚੋਂ ਲੰਘ ਰਹੀ ਮਨੁੱਖੀ ਜ਼ਿੰਦਗੀ ਨੂੰ ਅੱਜ ਅਨੇਕ ਪ੍ਰੇਸ਼ਾਨੀਆਂ, ਦੁੱਖਾਂ, ਤਕਲੀਫ਼ਾਂ ਨੇ ਘੇਰਾ ਪਾ ਲਿਆ ਹੈ ਤੇ ਜੀਵਨ ਵਿੱਚ ਮਾਨਸਿਕ ਪਰੇਸ਼ਾਨੀਆਂ ਨਿਰੰਤਰ ਵਧ ਰਹੀਆਂ ਹਨ। ਇਸ ਲਈ ਅਜੋਕੇ ਭੱਜ-ਦੌੜ ਵਾਲੇ ਮਾਹੌਲ ਵਿੱਚ ਆਪਸੀ ਸਹਿਯੋਗ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਸੋ, ਜ਼ਰੂਰੀ ਹੈ ਕਿ ਬਿਨਾਂ ਕਿਸੇ ਲਾਲਚ ਤੇ ਸਵਾਰਥ ਤੋਂ ਆਪਸੀ ਸਹਿਯੋਗ ਨੂੰ ਪਹਿਲ ਦਿੱਤੀ ਜਾਵੇ ਅਤੇ ਇਸ ਕੜੀ ਨੂੰ ਹਮੇਸ਼ਾ ਲਈ ਮਜ਼ਬੂਤ ਕੀਤਾ ਜਾਵੇ।

ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953a

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ