ਪਰਨੀਤ ਕੌਰ ਪੰਜਾਬ ਸਰਕਾਰ ਖਿਲਾਫ਼ ਗਰਮ, ਨਗਰ ਨਿਗਮ ਦੇ ਫੰਡ ਨਾ ਖੋਹਵੇ ਸਰਕਾਰ
(ਖੁਸ਼ਵੀਰ ਸਿੰਘ ਤੂਰ)
ਪਟਿਆਲਾ। ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਭਗਵੰਤ ਮਾਨ ਸਰਕਾਰ ਦੇ ਉਸ ਫੈਸਲੇ ਨਾਲ ਨਰਾਜ਼ਗੀ ਪ੍ਰਗਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਪਟਿਆਲਾ ਨਗਰ ਨਿਗਮ ਦੇ 14 ਕਰੋੜ ਦੇ ਵਿਕਾਸ ਫੰਡਾਂ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਪਰਨੀਤ ਕੌਰ ਵੱਲੋਂ ਇਨ੍ਹਾਂ ਫੰਡਾਂ ਦੇ ਵਾਪਸ ਕਰਨ ਦੇ ਵਿਰੋਧ ’ਚ ਜਿੱਥੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਹੈ, ਉੱਥੇ ਹੀ ਸਰਕਾਰ ਦੀ ਬਲਦਾਖੋਰੀ ਨੀਤੀ ’ਤੇ ਵੀ ਸੁਆਲ ਚੁੱਕੇ ਹਨ।
ਜਾਣਕਾਰੀ ਅਨੁਸਾਰ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਸ਼ਰਮਾ ਪੀਐਲਸੀ ਧੜ੍ਹੇ ਨਾਲ ਸਬੰਧਿਤ ਹੋਣ ਕਾਰਨ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਅੱਗੇ ਹੋ ਕੇ ਅਗਵਾਈ ਕਰ ਰਹੇ ਹਨ। ਉਂਜ ਅੱਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਵੀ ਡੀਸੀ ਨੂੰ ਮੰਗ ਪੱਤਰ ਦੇਣ ਮੌਕੇ ਮੌਜ਼ੂਦ ਸਨ। ਪਰਨੀਤ ਕੌਰ ਵੱਲੋਂ ਦਾਅਵਾ ਕੀਤਾ ਗਿਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਨਿਗਰ ਨਿਗਮ ਪਟਿਆਲਾ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਲਈ 250 ਕਰੋੜ ਦੀ ਰਾਸ਼ੀ ਜਾਰੀ ਹੋਈ ਸੀ ਅਤੇ ਇਹ 13.98 ਕਰੋੜ ਉਸੇ ਫੰਡ ਵਿੱਚੋਂ ਬਕਾਇਆ ਸਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 10 ਮਈ ਨੂੰ ਦਿੱਤੇ ਇੱਕ ਹੁਕਮ ਰਾਹੀਂ ਪਿਛਲੀ ਸਰਕਾਰ ਵੱਲੋਂ ਨਗਰ ਨਿਗਮ ਨੂੰ ਅਲਾਟ ਕੀਤੇ 13.98 ਕਰੋੜ ਰੁਪਏ ਦੇ ਵਿਕਾਸ ਫੰਡਾਂ ਨੂੰ ਰੋਕ ਕੇ ਸਰਕਾਰ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਹੈ।
ਉਨ੍ਹਾ ਕਿਹਾ ਕਿ ਇਨ੍ਹਾਂ ਕੰਮਾਂ ਦੇ ਟੈਂਡਰ ਪਹਿਲਾਂ ਹੀ ਕੱਟੇ ਜਾ ਚੁੱਕੇ ਹਨ ਅਤੇ ਵਰਕ ਆਰਡਰ ਵੀ ਪਾਸ ਕੀਤੇ ਜਾ ਚੁੱਕੇ ਹਨ ਅਤੇ ਜੇਕਰ ਇਹ ਕੰਮ ਮੁਕੰਮਲ ਨਹੀਂ ਹੋਏ ਤਾਂ ਪਟਿਆਲੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜੋ ਕੰਮ ਪਾਸ ਹੋਏ ਹਨ, ਉਨ੍ਹਾਂ ਵਿੱਚ ਸਾਇਕਲ ਟਰੈਕ, ਧਰਮਸ਼ਾਲਾ, ਪਾਰਕਾਂ ਸਮੇਤ ਕਈ ਸੜਕਾਂ ਦੇ ਕੰਮ ਹਨ, ਜੋ ਕਿ ਪੁੱਟ ਕੇ ਪਾਇਪ ਆਦਿ ਪਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਗੇ ਬਰਸਾਤਾਂ ਦੇ ਮੌਸਮ ਸ਼ੁੁਰੂ ਹੋ ਰਹੇ ਹਨ ਅਤੇ ਜੇਕਰ ਇਹ ਕੰਮ ਜਲਦੀ ਨਾ ਹੋਏ ਤਾਂ ਬਰਸਾਤਾਂ ਵਿੱਚ ਲੋਕਾਂ ਨੂੰ ਕਾਫ਼ੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ।
ਇਨ੍ਹਾਂ ਸਬੰਧੀ ਅੱਜ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਮੇਅਰ ਸੰਜੀਵ ਸ਼ਰਮਾ ਅਤੇ ਕੌਂਸਲਰਾਂ ਨਾਲ ਮਿਲ ਕੇ ਵਿਕਾਸ ਫੰਡ ਵਾਪਸ ਖੋਹਣ ਦੇ ਹੁਕਮਾਂ ਖਿਲਾਫ਼ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੂੰ ਇੱਕ ਮੰਗ ਪੱਤਰ ਸੌਂਪਿਆ। ਪਰਨੀਤ ਕੌਰ ਨੇ ਕਿਹਾ ਕਿ ਅਸੀਂ ਡੀਸੀ ਅੱਗੇ ਆਪਣੀਆਂ ਮੰਗਾਂ ਰੱਖੀਆਂ ਹਨ ਅਤੇ ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਡੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣਗੇ। ਇਸ ਮੌਕੇ ਜੈ ਇੰਦਰ ਕੌਰ, ਕੇਕੇ ਸ਼ਰਮਾ, ਕੇ. ਕੇ. ਮਲਹੋਤਰਾ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਸਮੇਤ ਹੋਰ ਆਗੂ ਮੌਜ਼ੂਦ ਸਨ।
ਸਰਕਾਰ ਬਦਲੇ ਦੀ ਰਾਜਨੀਤੀ ਨਾ ਕਰੇ
ਇਸ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਬਦਲੇ ਦੀ ਰਾਜਨੀਤੀ ਨਾ ਕਰਨ ਅਤੇ ਇਹ ਫੰਡ ਤੁਰੰਤ ਜਾਰੀ ਕਰਨ ਤਾਂ ਜੋ ਪਟਿਆਲਾ ਦੇ 5 ਲੱਖ ਨਾਗਰਿਕਾਂ ਦੀ ਜਿੰਦਗੀ ਨਰਕ ਨਾ ਬਣੇ। ਪਿਛਲੇ ਦਿਨੀ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਹੋਈ ਕਾਰਵਾਈ ਸਬੰਧੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਝੂਠ ਬੋਲਿਆ ਗਿਆ ਸੀ ਕਿ 20 ਦਿਨਾਂ ’ਚ ਭਿ੍ਰਸਟਾਚਾਰ ਬੰਦ ਹੋ ਗਿਆ ਹੈ ਜੇਕਰ ਬੰਦ ਹੋਇਆ ਸੀ ਤਾਂ ਉਨ੍ਹਾਂ ਦਾ ਮੰਤਰੀ ਕਿਵੇਂ ਂਿਭ੍ਰਸ਼ਟਾਚਾਰ ਕਰਦਾ ਰਿਹਾ। ਪਰਨੀਤ ਕੌਰ ਨੇ ਕਿਹਾ ਕਿ ਅਜੇ ਤਾਂ ਅੱਗੇ ਹੋਰ ਬਹੁਤ ਕੁਝ ਸਾਹਮਣੇ ਆਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














