ਨਵਜੋਤ ਸਿੱਧੂ ਨੂੰ ਜੇਲ੍ਹ ’ਚ ਸੌਂਪਿਆ ਕਲਰਕੀ ਦਾ ਕੰਮ

Navjot Sidhu

ਨਵਜੋਤ ਸਿੱਧੂ ਨੂੰ ਜੇਲ੍ਹ ’ਚ ਸੌਂਪਿਆ ਕਲਰਕੀ ਦਾ ਕੰਮ

(ਖੁਸ਼ਵੀਰ ਸਿੰਘ ਤੂਰ)
ਪਟਿਆਲਾ । ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਬੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਅੰਦਰ ਕਲੈਰੀਕਲ ਕੰਮ ਸੌਂਪ ਦਿੱਤਾ ਗਿਆ ਹੈ । ਉਂਜ ਉਨ੍ਹਾਂ ਨੂੰ ਇਸ ਕੰਮ ਦਾ ਤਿੰਨ ਮਹੀਨੇ ਕੁਝ ਵੀ ਮਾਣ-ਭੱਤਾ ਹਾਸਲ ਨਹੀਂ ਹੋਵੇਗਾ ਅਤੇ ਸਿੱਧੂ ਨੂੰ ਤਨਖਾਹ ਤਿੰਨ ਮਹੀਨਿਆਂ ਬਾਅਦ ਹੀ ਸ਼ੁਰੂ ਹੋਵੇਗੀ।
ਜਾਣਕਾਰੀ ਅਨੁਸਾਰ ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਇੱਕ ਸਾਲ ਦੀ ਸਜ਼ਾ ਭੁਗਤ ਰਹੇ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੇ  ਦਫ਼ਤਰੀ ਕੰਮ ’ਤੇ ਡਿਊਟੀ ਲਾ ਦਿੱਤੀ ਹੈ ਅਤੇ ਸਿੱਧੂ ਵੱਲੋਂ ਇਹ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਜੇਲ੍ਹ ਅੰਦਰ ਕਲਰਕ ਦੇ ਤੌਰ ’ਤੇ ਕੰਮ ਦਿੱਤਾ ਗਿਆ ਹੈ। ਨਵਜੋਤ ਸਿੱਧੂ ਇਹ ਕੰਮ ਹੱਥੀਂ ਹੀ ਕਰਨਗੇ ਅਤੇ ਇਸ ਵਿੱਚ ਕੰਪਿਊਟਰ ਦਾ ਇਸਤੇਮਾਲ ਨਹੀਂ  ਹੋਵੇਗਾ ।  ਉਹ ਜੇਲ੍ਹ ਅੰਦਰ ਕੈਦੀਆਂ ਦਾ ਵੇਰਵਾ, ਕੈਦੀਆਂ ਦੀ ਛੁੱਟੀਆਂ ਦਾ ਵੇਰਵਾ ਸਮੇਤ ਹੋਰ ਪੂਰਾ ਰਿਕਾਰਡ ਰੱਖਣਗੇ ।
ਸਿੱਧੂ ਨੂੰ ਜੇਲ੍ਹ ਅੰਦਰ ਤਿੰਨ ਮਹੀਨੇ  ਆਪਣੀ ਟ੍ਰੇਨਿੰਗ ਦੇ ਤੌਰ ’ਤੇ ਹੀ ਕੰਮ ਕਰਨਾ ਪਵੇਗਾ ਅਤੇ ਤਿੰਨ ਮਹੀਨਿਆਂ ਬਾਅਦ ਹੀ ਉਨ੍ਹਾਂ ਨੂੰ ਇਸ ਕੰਮ ਦਾ ਮਾਣ ਭੱਤਾ ਹਾਸਲ ਹੋਵੇਗਾ । ਤਿੰਨ ਮਹੀਨਿਆਂ ਤੋਂ ਬਾਅਦ ਉਨ੍ਹਾਂ ਨੂੰ ਇੱਕ ਦਿਨ ਦੇ 40 ਰੁਪਏ ਦਿਹਾੜੀ ਪ੍ਰਾਪਤ ਹੋਵੇਗੀ ਅਤੇ ਉਨ੍ਹਾਂ ਦੀ ਬਣਦੀ ਰਾਸ਼ੀ ਸਿੱਧਾ ਅਕਾਊੁਂਟ ਵਿੱਚ ਹੀ ਜਾਵੇਗੀ। ਨਵਜੋਤ ਸਿੱਧੂ ਸਿਹਤ ਪੱਖੋਂ ਸਿਹਤਯਾਬ ਨਾ ਹੋਣ ਕਾਰਨ ਅਤੇ ਪੜ੍ਹੇ-ਲਿਖੇ ਹੋਣ ਕਾਰਨ ਉਨ੍ਹਾਂ ਨੂੰ ਇਹ ਕੰਮ ਸੌਂਪਿਆ ਗਿਆ ਹੈ ।
ਇਸ ਤੋਂ ਇਲਾਵਾ ਨਵਜੋਤ ਸਿੱਧੂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੀ ਇਹ ਸਿੰਟਿਗ ਕਾਰਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਮੈਨੂਅਲ ਅਨੁਸਾਰ ਜੇਲ੍ਹ ਅੰਦਰ ਕੈਦੀਆਂ ਨੂੰ ਸਵੇਰੇ ਸਾਢੇ ਪੰਜ ਵਜੇ ਉਠਾ ਦਿੱਤਾ ਜਾਂਦਾ ਹੈ । ਚਾਹ ਪਾਣੀ ਅਤੇ ਖਾਣਾ  ਦੇਣ ਤੋਂ ਬਾਅਦ ਕੈਦੀਆਂ ਦਾ ਕੰਮ  ਲਗਭਗ 9 ਵਜੇ ਸ਼ੁਰੂ ਹੁੰਦਾ ਹੈ ਅਤੇ ਦੁਪਹਿਰ 12 ਵਜੇ ਤੱਕ ਕੰਮ ਹੁੰਦਾ ਹੈ, ਉਸ ਤੋਂ ਬਾਅਦ ਆਰਾਮ ਕਰਨ ਤੋਂ ਬਾਅਦ ਮੁੜ 3 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕੀਤਾ ਜਾਂਦਾ ਹੈ  ।
ਕੇਂਦਰੀ ਜੇਲ੍ਹ ਪਟਿਆਲਾ ਦੇ ਅਧਿਕਾਰੀਆਂ ਵੱਲੋਂ ਨਵਜੋਤ ਸਿੱਧੂ ਨੂੰ ਕਲੈਰੀਕਲ ਕੰਮ ਸੌਂਪੇ ਜਾਣ ਦੀ ਪੁਸ਼ਟੀ ਕੀਤੀ ਹੈ । ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ 19 ਮਈ  ਨੂੰ ਚੌਂਤੀ ਸਾਲ ਪੁਰਾਣੇ ਸੜਕ ਹਾਦਸੇ ’ਤੇ ਫੈਸਲਾ ਸੁਣਾਉਂਦਿਆਂ ਨਵਜੋਤ ਸਿੱਧੂ ਨੂੰ ਇੱਕ ਸਾਲ ਦੀ ਕਠੋਰ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਸੀ ।  ਜ਼ਿਕਰਯੋਗ ਹੈ ਕਿ ਸੜਕ ’ਤੇ ਹੋਏ ਇੱਕ ਝਗੜੇ ਦੇ ਮਾਮਲੇ ’ਚ ਨਵਜੋਤ ਸਿੱਧੂ ਇੱਕ ਸਾਲ ਦੀ ਸਜ਼ਾ ਭੁਗਤ  ਰਹੇ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ