ਵਿਗੜੀ ਜੀਵਨਸ਼ੈਲੀ ਸਰੀਰ ਨੂੰ ਬਣਾ ਰਹੀ ਬਿਮਾਰੀਆਂ ਦਾ ਘਰ

Life

ਵਿਗੜੀ ਜੀਵਨਸ਼ੈਲੀ ਸਰੀਰ ਨੂੰ ਬਣਾ ਰਹੀ ਬਿਮਾਰੀਆਂ ਦਾ ਘਰ

ਜਿੰਦਗੀ ਕੁਦਰਤ ਦਾ ਦਿੱਤਾ ਅਨਮੋਲ ਤੋਹਫ਼ਾ ਹੈ। ਇਹ ਇੱਕ ਵਾਰ ਹੀ ਮਿਲਦੀ ਹੈ। ਇਸ ਨੂੰ ਖੁੱਲ੍ਹ ਕੇ ਜੀਵਿਆ ਤੇ ਮਾਣਿਆ ਜਾਣਾ ਚਾਹੀਦਾ ਹੈ। ਜ਼ਿੰਦਗੀ ਦਾ ਪੰਧ ਤੈਅ ਕਰਦਿਆਂ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘਰੇਲੂ ਪਰੇਸ਼ਾਨੀ, ਕਰਜ਼ੇ ਦਾ ਬੋਝ, ਨਾਕਾਮ ਹੋਣ ਅਤੇ ਹਾਰ ਜਾਣ ਕਾਰਨ ਕੁਝ ਲੋਕ ਪਰੇਸ਼ਾਨ ਹੋ ਕੇ ਜ਼ਿੰਦਗੀ ਤੋਂ ਬੇਮੁੱਖ ਹੁੰਦੇ ਹੋਏ ਖ਼ੁਦਕੁਸ਼ੀ ਜਿਹਾ ਕਦਮ ਚੁੱਕ ਲੈਂਦੇ ਹਨ। ਅਜਿਹੀਆਂ ਘਟਨਾਵਾਂ ਅਸੀਂ ਨਿੱਤ ਅਖ਼ਬਾਰਾਂ ’ਚ ਪੜ੍ਹਦੇ ਹਾਂ। ਆਧੁਨਿਕ ਮਨੁੱਖ ਦਾ ਜੀਵਨ ਪੁਰਾਣੇ ਸਮੇਂ ਨਾਲੋਂ ਬਹੁਤ ਤੇਜ਼ ਹੈ। ਜਿੱਥੇ ਖੇਤੀਬਾੜੀ ਅਤੇ ਸਥਿਰ ਜੀਵਨ ਨੇ ਮਨੁੱਖ ਨੂੰ ਇਨਸਾਨ ਬਣਾਇਆ ਸੀ, ਉੱਥੇ ਉਦਯੋਗਿਕ ਯੁੱਗ ਨੇ ਮਨੁੱਖ ਨੂੰ ਇੱਕ ਮਸ਼ੀਨ ਬਣਾ ਦਿੱਤਾ ਹੈ। ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ। ਜ਼ਿੰਦਗੀ ਅਜਿਹੀ ਹੋ ਗਈ ਹੈ ਕਿ ਇੱਕ ਕੰਮ ਖ਼ਤਮ ਹੁੰਦਾ ਹੈ ਤੇ ਦੂਜੇ ਦਾ ਬੋਝ ਪੈ ਜਾਂਦਾ ਹੈ।

ਇੱਕ ਅੰਦਾਜ਼ੇ ਮੁਤਾਬਕ ਅੱਜ ਸੰਸਾਰ ਦੇ ਲਗਭਗ 93 ਫ਼ੀਸਦੀ ਲੋਕ ਸਿਹਤ ਨਾਲ ਸਬੰਧਿਤ ਅਲਾਮਤਾਂ ਦਾ ਸ਼ਿਕਾਰ ਹਨ। ਆਧੁਨਿਕ ਮਨੁੱਖ ਵਿਗਿਆਨਕ ਪੱਖੋਂ ਜ਼ਿਆਦਾ ਵਿਕਸਿਤ ਹੋਣ ਕਾਰਨ ਆਪਣੇ-ਆਪ ਨੂੰ ਪੁਰਾਣੇ ਲੋਕਾਂ ਤੋਂ ਉੱਤਮ ਮੰਨਦਾ ਹੈ ਪਰ ਸਿਹਤ ਦੇ ਮਾਮਲੇ ਵਿੱਚ ਅਸੀਂ ਉਨ੍ਹਾਂ ਨਾਲੋਂ ਬਹੁਤ ਪਿੱਛੇ ਹਾਂ। ਮਸ਼ੀਨਾਂ ਨੇ ਸਾਨੂੰ ਸੁੱਖ-ਸਹੂਲਤਾਂ ਤਾਂ ਬਹੁਤ ਦਿੱਤੀਆਂ ਹਨ ਪਰ ਹੁਣ ਸਾਡੇ ਕੋਲ ਆਪਣੇ ਲਈ ਸਮਾਂ ਹੀ ਨਹੀਂ ਬਚਿਆ।

ਆਧੁਨਿਕ ਜੀਵਨਸ਼ੈਲੀ ਨੇ ਸਭ ਤੋਂ ਮਾੜਾ ਅਸਰ ਸਾਡੀ ਸਿਹਤ ’ਤੇ ਪਾਇਆ ਹੈ। ਪੈਸੇ ਅਤੇ ਜ਼ਿੰਦਗੀ ਦੀ ਭੱਜ-ਦੌੜ ਵਿੱਚ ਅਸੀਂ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜਿਸ ਦੇ ਬਾਅਦ ਵਿੱਚ ਮਾੜੇ ਨਤੀਜੇ ਭੁਗਤਣੇ ਪੈਂਦੇ ਹਨ। ਅੱਜ-ਕੱਲ੍ਹ ਅਸੀਂ ਹਰ ਪਾਸੇ ਤੋਂ ਮਸ਼ੀਨਾਂ ਨਾਲ ਘਿਰੇ ਹੋਏ ਹਾਂ। ਸਵੇਰੇ ਅਲਾਰਮ ਦੀ ਅਵਾਜ਼ ਨਾਲ ਉੱਠਦੇ ਹਾਂ, ਗੀਜ਼ਰ ਦੇ ਗਰਮ ਪਾਣੀ ਨਾਲ ਨਹਾਉਂਦੇ ਹਾਂ, ਟੋਸਟਰ ਤੇ ਓਵਨ ਵਿੱਚ ਬਣਿਆ ਖਾਣਾ ਖਾਂਦੇ ਹਾਂ ਅਤੇ ਫਿਰ ਸਕੂਟਰ, ਕਾਰਾਂ, ਬੱਸਾਂ ਆਦਿ ’ਤੇ ਕੰਮ ਲਈ ਨਿੱਕਲ ਜਾਂਦੇ ਹਾਂ। ਸਾਰਾ ਦਿਨ ਟੈਲੀਫੋਨ, ਮੋਬਾਈਲ ਅਤੇ ਕੰਪਿਊਟਰ ਆਦਿ ਦੀ ਵਰਤੋਂ ਕਰਦੇ ਹਾਂ। ਰਾਤ ਨੂੰ ਘਰ ਆ ਕੇ ਟੈਲੀਵਿਜ਼ਨ ਵੇਖਦੇ ਹਾਂ ਤੇ ਪੱਖੇ, ਕੂਲਰ ਜਾਂ ਏ. ਸੀ. ਦੀ ਠੰਢੀ ਹਵਾ ਵਿੱਚ ਸੌਂ ਜਾਂਦੇ ਹਾਂ।

ਸ਼ਹਿਰਾਂ ਵਿੱਚ ਜ਼ਿੰਦਗੀ ਪਿੰਡਾਂ ਨਾਲੋਂ ਜ਼ਿਆਦਾ ਤੇਜ਼

ਮਸ਼ੀਨਾਂ ਨਾਲ ਘਿਰੇ ਹੋਣ ਕਾਰਨ ਅਸੀਂ ਆਪ ਵੀ ਮਸ਼ੀਨਾਂ ਵਾਂਗ ਬਣਦੇ ਜਾ ਰਹੇ ਹਾਂ। ਸਰੀਰਕ ਕੰਮ ਕਰਨ ਦੀ ਆਦਤ ਛੁੱਟ ਗਈ ਹੈ। ਪੈਦਲ ਤੁਰਨ ਦਾ ਰਿਵਾਜ਼ ਤਾਂ ਬਿਲਕੁਲ ਹੀ ਖ਼ਤਮ ਹੋ ਗਿਆ ਹੈ। ਇਹੋ ਕਾਰਨ ਹੈ ਕਿ ਜਨਸੰਖਿਆ ਦਾ ਇੱਕ ਵੱਡਾ ਹਿੱਸਾ ਮੋਟਾਪੇ ਅਤੇ ਅਨੇਕਾਂ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ ਹੈ। ਸ਼ਹਿਰਾਂ ਵਿੱਚ ਜ਼ਿੰਦਗੀ ਪਿੰਡਾਂ ਨਾਲੋਂ ਜ਼ਿਆਦਾ ਤੇਜ਼ ਅਤੇ ਰੁਝੇਵਿਆਂ ਵਾਲੀ ਹੈ। ਜਿਹੜੇ ਲੋਕ ਪਿੰਡਾਂ ਤੋਂ ਸ਼ਹਿਰਾਂ ਵਿੱਚ ਵੱਸਦੇ ਹਨ ਉਨ੍ਹਾਂ ਨੂੰ ਆਪਣਾ ਘਰ ਬਣਾਉਣ ’ਤੇ ਕਈ ਸਾਲ ਬੀਤ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਅਨੇਕਾਂ ਸਮੱਸਿਆਵਾਂ ਹਨ ਜਿਹੜੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ। ਸ਼ੁੱਧ ਹਵਾ, ਪਾਣੀ ਅਤੇ ਬਨਸਪਤੀ ਦੀ ਘਾਟ ਹੈ।

ਘਰਾਂ ਅਤੇ ਫੈਕਟਰੀਆਂ ਵਿੱਚ ਕੀੜੇ ਮਾਰਨ, ਮੱਛਰ ਮਾਰਨ, ਸਾਫ਼-ਸਫ਼ਾਈ ਆਦਿ ਲਈ ਰਸਾਇਣਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਜ਼ਿਆਦਾ ਸਮਾਂ ਕੰਪਿਊਟਰ, ਇੰਟਰਨੈੱਟ ਅਤੇ ਵੀਡੀਓ ਗੇਮਾਂ ਆਦਿ ਦੀ ਵਰਤੋਂ ਕਾਰਨ ਅੱਖਾਂ ’ਤੇ ਬੁਰਾ ਅਸਰ ਪੈਂਦਾ ਹੈ। ਜ਼ਿੰਦਗੀ ਦੀ ਤੇਜ਼ ਰਫ਼ਤਾਰ ਨਾਲ ਸਾਡੇ ਖਾਣ-ਪੀਣ ਦੇ ਢੰਗ-ਤਰੀਕੇ ਤਬਦੀਲ ਹੋ ਗਏ ਹਨ। ਸਵੇਰੇ ਉੱਠਦਿਆਂ ਹੀ ਬੈੱਡ ਚਾਹ ਜਾਂ ਕੌਫੀ ਪੀਤੀ ਜਾਂਦੀ ਹੈ। ਬੱਚਿਆਂ ਨੇ ਸਕੂਲ ਜਾਣਾ ਹੁੰਦਾ ਹੈ ਜਿਸ ਕਾਰਨ ਉਹ ਤੇਜ਼ੀ ਨਾਲ ਨਾਸ਼ਤਾ ਕਰਦੇ ਹਨ। ਜਾਣ ਦੀ ਕਾਹਲੀ ਕਾਰਨ ਲੋਕ ਖਾਣੇ ਨੂੰ ਠੀਕ ਤਰੀਕੇ ਨਾਲ ਚਬਾ ਕੇ ਨਹੀਂ ਖਾਂਦੇ। ਦਫ਼ਤਰਾਂ ਵਿੱਚ ਸਾਰਾ ਦਿਨ ਅਤੇ ਰਾਤ ਨੂੰ ਦੇਰ ਤੱਕ ਕੰਮ ਕਰਨ ਲਈ ਚਾਹ ਅਤੇ ਕੌਫੀ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿਚਲੇ ਰਸਾਇਣ ਸਿਹਤ ਲਈ ਚੰਗੇ ਨਹੀਂ ਹੁੰਦੇ।

ਹਰ ਉਮਰ ਦੇ ਲੋਕਾਂ ਦੀ ਫਾਸਟ ਫੂਡ ਪ੍ਰਤੀ ਰੁਚੀ ਵਧਦੀ ਜਾ ਰਹੀ ਹੈ। ਫਾਸਟ ਫੂਡ ਵਿੱਚ ਮਸਾਲਿਆਂ ਦੀ ਭਰਮਾਰ ਹੁੰਦੀ ਹੈ ਅਤੇ ਪੌਸ਼ਟਿਕ ਪਦਾਰਥ ਘੱਟ ਹੁੰਦੇ ਹਨ। ਅੱਜ ਦੇ ਬੱਚੇ ਹਰੀਆਂ ਸਬਜ਼ੀਆਂ ਤੋਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਜੂਸ ਪੀਣਾ ਅਤੇ ਫਲ ਖਾਣਾ ਪਸੰਦ ਨਹੀਂ। ਦੁੱਧ ਪਿਲਾਉਣ ਲਈ ਬੱਚਿਆਂ ਦੀਆਂ ਮਿੰਨਤਾਂ ਜਾਂ ਘੂਰ ਦਾ ਸਹਾਰਾ ਲਿਆ ਜਾਂਦਾ ਹੈ ਪਰ ਚੌਕਲੇਟ, ਚਿਪਸ ਤੇ ਹੋਰ ਮਸਾਲੇਦਾਰ ਚੀਜ਼ਾਂ ਭਾਵੇਂ ਸਾਰਾ ਦਿਨ ਖੁਆ ਦਿਓ। ਕੋਲਡ ਡਰਿੰਕ ਹਰ ਘਰ ਵਿੱਚ ਥੋਕ ਦੇ ਹਿਸਾਬ ਨਾਲ ਵਰਤੇ ਜਾਂਦੇ ਹਨ। ਸ਼ਹਿਰਾਂ ਵਿੱਚ ਤਾਜ਼ਾ ਦੁੱਧ, ਮੱਖਣ ਅਤੇ ਘਿਓ ਨਹੀਂ ਮਿਲਦਾ। ਲੋਕਾਂ ਕੋਲ ਮੰਡੀ ਜਾ ਕੇ ਤਾਜ਼ੀਆਂ ਸਬਜ਼ੀਆਂ ਖ਼ਰੀਦਣ ਲਈ ਵਿਹਲ ਨਹੀਂ। ਹਫ਼ਤਾਵਰੀ ਮੰਡੀਆਂ ਵਿੱਚੋਂ ਸਬਜ਼ੀਆਂ ਖ਼ਰੀਦ ਕੇ ਫਰਿੱਜਾਂ ਵਿੱਚ ਭਰ ਲਈਆਂ ਜਾਂਦੀਆਂ ਹਨ ਜਿਹੜੀਆਂ ਕਈ-ਕਈ ਦਿਨ ਵਰਤੀਆਂ ਜਾਂਦੀਆਂ ਹਨ।

ਰਾਤਾਂ ਨੂੰ ਦੇਰ ਤੱਕ ਟੀ.ਵੀ. ਚੱਲਦੇ ਰਹਿੰਦੇ

ਵਿਆਹਾਂ ਅਤੇ ਪਾਰਟੀਆਂ ’ਤੇ ਅਕਸਰ ਦੁੱਧ, ਦਹੀਂ ਤੋਂ ਬਣੀਆਂ ਚੀਜ਼ਾਂ, ਤਲੇ ਖਾਣੇ, ਚਾਹ, ਕੌਫੀ ਅਤੇ ਕੋਲਡ ਡਰਿੰਕ ਆਦਿ ਇਕੱਠੇ ਹੀ ਖਾ-ਪੀ ਲਏ ਜਾਂਦੇ ਹਨ ਜਿਸ ਦੇ ਭੈੜੇ ਨਤੀਜੇ ਅਗਲੇ ਦਿਨਾਂ ਵਿੱਚ ਸਾਹਮਣੇ ਆਉਂਦੇ ਹਨ। ਸਵੇਰੇ ਤੜਕੇ ਤੋਂ ਲੈ ਕੇ ਦੇਰ ਰਾਤ ਤੱਕ ਲੋਕ ਰੋਬੋਟ ਵਾਂਗ ਕੰਮ ਕਰਦੇ ਹਨ। ਦੂਰ ਨੌਕਰੀਆਂ ਕਰਨ ਵਾਲੇ ਮੂੰਹ ਹਨੇ੍ਹਰੇ ਹੀ ਕੰਮ ਨੂੰ ਨਿੱਕਲ ਜਾਂਦੇ ਹਨ ਅਤੇ ਦੇਰ ਰਾਤ ਘਰ ਮੁੜਦੇ ਹਨ। ਰਾਤਾਂ ਨੂੰ ਦੇਰ ਤੱਕ ਟੀ.ਵੀ. ਚੱਲਦੇ ਰਹਿੰਦੇ ਹਨ। ਇਸ ਲਈ ਨੀਂਦ ਪੂਰੀ ਨਹੀਂ ਹੁੰਦੀ। ਆਪਣੇ-ਆਪ ਨੂੰ ਪਤਲਾ ਰੱਖਣ ਲਈ ਕੁੜੀਆਂ ਭੁੱਖੀਆਂ ਰਹਿ-ਰਹਿ ਕੇ ਸਿਹਤ ਖ਼ਰਾਬ ਕਰ ਲੈਂਦੀਆਂ ਹਨ। ਸਰੀਰਕ ਬਨਾਵਟ ਲਈ ਨੌਜਵਾਨ ਘੰਟਿਆਂਬੱਧੀ ਜਿੰਮ ਜਾਂਦੇ ਹਨ ਪਰ ਜਿੰਮ ਜਾਣਾ ਬੰਦ ਕਰਨ ’ਤੇ ਸਰੀਰ ਵਿੱਚ ਵਿਗਾੜ ਆ ਜਾਂਦੇ ਹਨ।

ਪੈਸੇ ਲਈ ਪਹਿਲਾਂ ਮਨੁੱਖ ਆਪਣੀ ਸਿਹਤ ਖ਼ਰਾਬ ਕਰ ਲੈਂਦਾ ਹੈ। ਬਾਅਦ ਵਿੱਚ ਸਿਹਤ ਦੀ ਪ੍ਰਾਪਤੀ ਲਈ ਪੈਸਾ ਖ਼ਰਚਿਆ ਜਾਂਦਾ ਹੈ। ਸਖ਼ਤ ਅਤੇ ਤੇਜ਼ ਜੀਵਨਸ਼ੈਲੀ ਹੌਲੀ-ਹੌਲੀ ਮਨੁੱਖ ਨੂੰ ਬਿਮਾਰ ਕਰਦੀ ਜਾ ਰਹੀ ਹੈ। ਦਵਾਈਆਂ ਸਹਾਰੇ ਅਸੀਂ ਆਪਣੇ-ਆਪ ਨੂੰ ਸਿਹਤਮੰਦ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਪਰ ਇੱਕ ਵਾਰ ਗਈ ਸਿਹਤ ਵਾਪਸ ਨਹੀਂ ਮਿਲਦੀ। ਫ਼ਿਕਰ ਤੇ ਤਣਾਅ ਨੇ ਮਨੁੱਖੀ ਜੀਵਨ ਵਿੱਚੋਂ ਖ਼ੁਸ਼ੀ ਖ਼ਤਮ ਕਰ ਦਿੱਤੀ ਹੈ।

ਸਰੀਰਕ ਤੌਰ ’ਤੇ ਭਾਵੇਂ ਲੋਕ ਆਰਾਮ ਕਰਦੇ ਹਨ ਪਰ ਦਿਮਾਗ ਫਿਰ ਵੀ ਕੰਮ ਕਰਦਾ ਰਹਿੰਦਾ ਹੈ। ਇੱਥੋਂ ਤੱਕ ਕਿ ਸੌਂਦੇ ਸਮੇਂ ਵੀ ਸਾਨੂੰ ਅਗਲੇ ਦਿਨ ਦੇ ਕੰਮਾਂ ਦਾ ਫ਼ਿਕਰ ਰਹਿੰਦਾ ਹੈ। ਪੂਰੀ ਤਰ੍ਹਾਂ ਮਸ਼ੀਨਾਂ ’ਤੇ ਨਿਰਭਰ ਹੋ ਜਾਣ ਕਾਰਨ ਸਾਡੀ ਯਾਦ-ਸ਼ਕਤੀ ਘਟ ਹੁੰਦੀ ਜਾ ਰਹੀ ਹੈ। ਚੀਜ਼ਾਂ ਤੇ ਗੱਲਾਂ ਯਾਦ ਰੱਖਣ ਲਈ ਡਾਇਰੀਆਂ, ਮੋਬਾਈਲ ਰਿਮਾਈਂਡਰ ਅਤੇ ਕੈਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਗ਼ੈਰ-ਕੁਦਰਤੀ ਤਣਾਅ ਦਾ ਸਿਹਤ ਅਤੇ ਕਾਰਜ ਕੁਸ਼ਲਤਾ ’ਤੇ ਮਾੜਾ ਅਸਰ ਪੈਂਦਾ ਹੈ।

ਬੁਢਲਾਡਾ, ਮਾਨਸਾ
ਡਾ. ਵਨੀਤ ਕੁਮਾਰ ਸਿੰਗਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ