ਕੈਬਨਿਟ ਮੰਤਰੀ ਨਸ਼ਾ ਤਸਕਰ ਵੀ ਐ, ਭ੍ਰਿਸ਼ਟਾਚਾਰ ਵੀ ਐ, ਕੁੱਟਦਾ ਵੀ ਐ, ਤਿੰਨ ਪਾਰਟੀਆਂ ਦਾ ਇੱਕ-ਇੱਕ ਸਾਬਕਾ ਕੈਬਨਿਟ ਮੰਤਰੀ ਸਲਾਖਾਂ ਪਿੱਛੇ
ਅਸ਼ਵਨੀ ਚਾਵਲਾ
ਚੰਡੀਗੜ੍ਹ, ਮਈ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀਆਂ ਦੇ ਨਸ਼ਾ ਤਸਕਰਾਂ ਨਾਲ ਰਿਸ਼ਤੇ ਵੀ ਹਨ। ਸਾਬਕਾ ਕੈਬਨਿਟ ਮੰਤਰੀ ਭਿ੍ਰਸ਼ਟਾਚਾਰੀ ਵੀ ਹੈ ਅਤੇ ਸਾਬਕਾ ਕੈਬਨਿਟ ਮੰਤਰੀ ਕੁੱਟਮਾਰ ਕਰਦੇ ਹੋਏ ਮੌਤ ਦਾ ਘਾਟ ਵੀ ਉਤਾਰਦਾ ਹੈ। ਗੱਲ ਹੋ ਰਹੀ ਹੈ ਪੰਜਾਬ ਦੀਆਂ ਤਿੰਨ ਮੁੱਖ ਸਿਆਸੀ ਪਾਰਟੀਆਂ ਦੀ ਸਰਕਾਰ ਦੌਰਾਨ ਰਹੇ ਕੈਬਨਿਟ ਮੰਤਰੀਆਂ ਦੀ। ਸ਼ੋ੍ਰਮਣੀ ਅਕਾਲੀ ਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਬਿਕਰਮ ਮਜੀਠੀਆ ਨਸ਼ਾ ਕਾਰੋਬਾਰ ਦੇ ਦੋਸ਼ ਵਿੱਚ ਪਟਿਆਲਾ ਜੇਲ੍ਹ ਵਿੱਚ ਜੁਡੀਸ਼ੀਅਲ ਰਿਮਾਂਡ ਕਰਕੇ ਬੰਦ ਹਨ ਤਾਂ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਨਵਜੋਤ ਸਿੱਧੂ ਵੀ ਬੀਤੇ ਦਿਨੀਂ ਕੁੱਟਮਾਰ ਕਰਨ ਕਰਕੇੇ ਬਜ਼ੁਰਗ ਦੀ ਮੌਤ ਦਾ ਕਾਰਨ ਬਣਨ ਦੇ ਦੋਸ਼ ਵਿੱਚ ਪਟਿਆਲਾ ਜੇਲ੍ਹ ਵਿੱਚ ਹੀ ਇੱਕ ਸਾਲ ਦੀ ਸਜ਼ਾ ਕੱਟਣ ਲਈ ਪੁੱਜ ਗਏ ਹਨ। ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਕੈਬਨਿਟ ਮੰਤਰੀ ਵਿਜੈ ਸਿੰਗਲਾ ਦਾ ਵੀ ਨੰਬਰ ਲੱਗ ਗਿਆ ਹੈ। ਵਿਜੈ ਸਿੰਗਲਾ ਨੂੰ ਭਿ੍ਰਸ਼ਟਾਚਾਰ ਕਰਨ ਦੇ ਦੋਸ਼ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਇਸ ਸਮੇਂ ਮੁਹਾਲੀ ਪੁਲਿਸ ਦੇ ਕੋਲ ਪੁਲਿਸ ਰਿਮਾਂਡ ’ਤੇ ਚੱਲ ਰਹੇ ਹਨ। ਮੁਹਾਲੀ ਵਿਖੇ ਕੋਈ ਜੇਲ੍ਹ ਨਾ ਹੋਣ ਕਰਕੇ ਪੁਲਿਸ ਰਿਮਾਂਡ ਤੋਂ ਬਾਅਦ ਵਿਜੈ ਸਿੰਗਲਾ ਨੂੰ ਵੀ ਪਟਿਆਲਾ ਜੇਲ੍ਹ ਵਿੱਚ ਹੀ ਭੇਜਿਆ ਜਾਵੇਗਾ। ਦੇਸ਼ ਦੇ ਇਤਿਹਾਸ ਵਿੱਚ ਵੀ ਇਹ ਪਹਿਲੀ ਵਾਰ ਹੋਇਆ ਹੋਵੇਗਾ, ਜਦੋਂ ਇੱਕ ਸੂਬੇ ਦੀਆਂ 3 ਪ੍ਰਮੁੱਖ ਪਾਰਟੀਆਂ ਦੇ ਸਾਬਕਾ ਕੈਬਨਿਟ ਮੰਤਰੀਆਂ ਨੂੰ ਇੱਕੋ ਹੀ ਸਮੇਂ ਜੇਲ੍ਹ ਵਿੱਚ ਭੇਜਿਆ ਗਿਆ ਹੋਵੇਗਾ ਜਾਂ ਫਿਰ ਰੱਖਣ ਦੀ ਤਿਆਰੀ ਹੋ ਰਹੀ ਹੋਵੇ।
ਪਟਿਆਲਾ ਜੇਲ੍ਹ ’ਚ ਬੰਦ ਹਨ ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ, ਹੁਣ ਪਟਿਆਲਾ ਹੀ ਜਾਣਗੇ ਵਿਜੈ ਸਿੰਗਲਾ
- ਕਾਂਗਰਸ ਅਤੇ ਅਕਾਲੀ ਦਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਵੀ ਲੱਗਿਆ ਨੰਬਰ
ਕਾਂਗਰਸੀ ਸਾਬਕਾ ਮੰਤਰੀ ਨਵਜੋਤ ਸਿੱਧੂ
ਕਾਂਗਰਸ ਪਾਰਟੀ ਵਿੱਚ ਪ੍ਰਧਾਨ ਅਤੇ ਕੈਬਨਿਟ ਮੰਤਰੀ ਰਹੇ ਨਵਜੋਤ ਸਿੱਧੂ ਨੂੰ ਬੀਤੇ ਦਿਨੀਂ ਰੋਡਰੇਜ ਦੇ ਮਾਮਲੇ ਵਿੱਚ 1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਤਿੰਨ ਦਹਾਕੇ ਪਹਿਲਾਂ ਪਟਿਆਲਾ ਵਿਖੇ ਇੱਕ ਬਜ਼ੁਰਗ ਨਾਲ ਪਾਰਕਿੰਗ ਨੂੰ ਲੈ ਕੇ ਝਗੜਾ ਗਿਆ ਸੀ। ਇਸ ਦੌਰਾਨ ਨਵਜੋਤ ਸਿੱਧੂ ਵੱਲੋਂ ਬਜ਼ੁਰਗ ਨਾਲ ਕੱੁਟਮਾਰ ਕੀਤੀ ਗਈ ਅਤੇ ਸਿੱਧੂ ਵੱਲੋਂ ਮਾਰੇ ਗਏ ਮੁੱਕੇ ਕਰਕੇ ਬਜ਼ੁਰਗ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਕਠੋਰ ਸਜ਼ਾ ਦਿੱਤੀ ਗਈ ਹੈ ਅਤੇ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹਨ।
ਨਸ਼ਾ ਤਸਕਰੀ : ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ
ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੀ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਜੁਡੀਸ਼ੀਅਲ ਰਿਮਾਂਡ ਤਹਿਤ ਬੰਦ ਹਨ। ਉਨ੍ਹਾਂ ’ਤੇ ਨਸ਼ੇ ਦਾ ਵਪਾਰੀਆ ਨਾਲ ਰਿਸ਼ਤੇ ਹੋਣ ਅਤੇ ਨਸ਼ੇ ਦੇ ਕਾਰੋਬਾਰ ਵਿੱਚ ਲੈਣ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਬਿਕਰਮ ਮਜੀਠੀਆ ਵੱਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੀ ਫਰਵਰੀ ਵਿੱਚ ਗਿ੍ਰਫ਼ਤਾਰੀ ਦਿੱਤੀ ਗਈ ਸੀ ਅਤੇ ਇਸ ਸਮੇਂ ਉਨ੍ਹਾਂ ਦਾ ਮਾਮਲਾ ਹੇਠਲੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਪਟਿਆਲਾ ਜੇਲ੍ਹ ਵਿੱਚ ਨਵਜੋਤ ਸਿੱਧੂ ਦੇ ਗੁਆਂਢੀ ਹਨ ਅਤੇ ਨੇੜਲੀ ਬੈਰਕ ਵਿੱਚ ਬੰਦ ਹਨ।
ਰਿਸ਼ਵਤਖੋਰੀ : ਆਪ ਦੇ ਸਾਬਕਾ ਮੰਤਰੀ ਵਿਜੈ ਸਿੰਗਲਾ
ਆਮ ਆਦਮੀ ਪਾਰਟੀ ਦੀ ਮੌਜ਼ੂਦਾ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਵਿਜੈ ਸਿੰਗਲਾ ’ਤੇ ਭਿ੍ਰਸ਼ਟਾਚਾਰ ਦਾ ਦੋਸ਼ ਲੱਗਿਆ ਹੈ। ਉਨ੍ਹਾਂ ਵੱਲੋਂ ਆਪਣੇ ਵਿਭਾਗ ਵਿੱਚ ਤੈਨਾਤ ਸੀਨੀਅਰ ਅਧਿਕਾਰੀ ਤੋਂ 1 ਕਰੋੜ 16 ਲੱਖ ਰੁਪਏ ਦੀ ਰਿਸ਼ਵਤ ਲੈਣ ਅਤੇ ਭਵਿੱਖ ਵਿੱਚ 1 ਫੀਸਦੀ ਰਿਸ਼ਵਤ ਦਾ ਸੌਦਾ ਕਰਨ ਦਾ ਦੋਸ਼ ਲੱਗਿਆ ਹੈ। ਉਨ੍ਹਾਂ ਨੂੰ ਮੁਹਾਲੀ ਪੁਲਿਸ ਨੇ ਗਿ੍ਰਫ਼ਤਾਰ ਕਰਦੇ ਹੋਏ 4 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਘਿਰੇ ਸਾਬਕਾ ਕੈਬਨਿਟ ਮੰਤਰੀ ਵਿਜੈ ਸਿੰਗਲਾ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਪਟਿਆਲਾ ਵਿਖੇ ਹੀ ਭੇਜਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ