ਰਿਸ਼ਤਿਆਂ ’ਚ ਭਾਰੀ ਗਿਰਾਵਟ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਮਾਰੂ ਸਿੱਧ ਹੋਵੇਗੀ
ਇਨਸਾਨ ਮੁੱਢ-ਕਦੀਮ ਤੋਂ ਆਨੇ-ਬਹਾਨੇ ਸਮਾਜੀ ਕਦਰਾਂ-ਕੀਮਤਾਂ ਕਾਇਮ ਰੱਖਣ ਦਾ ਹਾਮੀ ਰਿਹਾ ਹੈ ਭਾਵੇਂ ਮਨੁੱਖ ਦਾ ਮੁੱਢ ਇੱਕ ਜੰਗਲੀ ਤੇ ਅਵਿਕਸਤ ਪ੍ਰਾਣੀ ਵਜੋਂ ਜਾਣਿਆ ਜਾਂਦਾ ਹੈ, ਪਰ ਸਮੇਂ ਦੀ ਟਕਸਾਲ ’ਤੇ ਘੜਦਾ-ਘੜਦਾ ਇਹ ਮਨੁੱਖੀ ਸੰਪੂਰਨਤਾ ਹਾਸਲ ਕਰਦਾ ਆ ਰਿਹਾ ਹੈ । ਆਪਣੀ ਜਿੰਦਗੀ ਨੂੰ ਬਸਰ ਕਰਦਿਆਂ ਬਤੌਰ ਮਨੁੱਖ ਜਾਤੀ ਨੇ ਆਪਣੇ ਆਲੇ-ਦੁਆਲੇ ਕੁਦਰਤ ਵੱਲੋਂ ਹਰ ਨਿਆਮਤ ਨਾਲ ਸਾਂਝ ਪੈਦਾ ਕੀਤੀ ਹੈ। ਸਮਾਜਿਕਤਾ ਦੇ ਸਿਰਜਣਹਾਰੇ ਮਨੁੱਖ ਨੇ ਆਪਣੇ ਕਈ ਰੀਤੀ-ਰਿਵਾਜ਼ਾਂ ਦੀ ਕਾਇਮੀ ਦੇ ਨਾਲ-ਨਾਲ ਮਨੁੱਖੀ ਕਦਰਾਂ-ਕੀਮਤਾਂ ਵੀ ਸਮੇਂ ਅਨੁਸਾਰ ਵਿਕਸਿਤ ਕੀਤੀਆਂ ਸਾਡੇ ਪੁਰਖਿਆਂ ਵੱਲੋਂ ਕਾਇਮ ਕੀਤੀਆਂ ਇਨ੍ਹਾਂ ਕਦਰਾਂ-ਕੀਮਤਾਂ ਨੂੰ ਮਨੁੱਖ ਵਿੱਚ ਦਿਨੋ-ਦਿਨ ਵਧ ਰਹੇ ਪਦਾਰਥਵਾਦ ਨੇ ਹੁਣ ਫਿੱਕਾ ਕਰਨਾ ਸ਼ੁਰੂ ਕਰ ਦਿੱਤਾ ਹੈ। ਮਨੁੱਖ ਜਾਤੀ ਹੁਣ ਕਦਰਾਂ ਕੀਮਤਾਂ ਨੂੰ ਭੁਲਾ ਕੇ ਆਪਣੇ ਸਵਾਰਥਾਂ ਵੱਲ ਦਿਨ-ਬ-ਦਿਨ ਵੱਲ ਵਧ ਰਹੀ ਹੈ। ਜਿਸ ਕਾਰਨ ਸਾਡੇ ਪੁਰਖਿਆਂ ਵੱਲੋਂ ਕਾਇਮ ਕੀਤੀਆਂ ਕਦਰਾਂ-ਕੀਮਤਾਂ ਦਾ ਸ਼ਰੇਆਮ ਘਾਣ ਹੋ ਰਿਹਾ ਹੈ।
ਸਾਡੀਆਂ ਵਿਰਾਸਤੀ ਭਾਈਚਾਰਕ ਸਾਝਾਂ ਨੂੰ ਸਾਡੇ ਨਿੱਜੀ ਸੁਵਾਰਥ ਘੁਣ ਵਾਂਗ ਲੱਗਣ ਲਈ ਭਾਰੂ ਹੋ ਚੁੱਕੇ ਹਨ। ਸਾਂਝਾਂ ਵਿੱਚ ਪਏ ਵਖਰੇਵੇਂ, ਕੀਤੇ ਹੋਏ ਵਾਅਦਿਆਂ ਦਾ ਤਿੜਕ ਜਾਣਾ, ਇੱਜਤਾਂ ਦਾ ਘਾਣ ਸਮੇਂ ਦੀਆਂ ਵੱਜ ਰਹੀਆਂ ਡੂੰਗੀਆਂ ਸੱਟਾਂ ਦਾ ਪ੍ਰਤੀਕ ਹਨ, ਜੋ ਕਿ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਮਾਰੂ ਸਿੱਧ ਹੋਵੇਗਾ, ਰਿਸ਼ਤਿਆਂ ਦੀ ਡੂੰਗਾਈ ਵਿੱਚ ਜਾਣ ਨਾਲ ਹੀ ਰਿਸ਼ਤਿਆਂ ਦੀ ਕਦਰ-ਕੀਮਤ ਦਾ ਪਤਾ ਲੱਗਦਾ ਹੈ ਪਰ ਅੱਜ ਮਨੁੱਖ ਹਰ ਚੀਜ਼ ਨੂੰ ਇੱਕ ਰਸਮੀ ਤਰੀਕੇ ਨਾਲ ਲੈ ਰਿਹਾ ਹੈ, ਬੋਝ ਦੇ ਥੱਲੇ ਦੱਬੀ ਹੋਈ ਜ਼ਿੰਦਗੀ ਨੂੰ ਜਿਊਣ ਦੀ ਖਾਤਰ ਹਰ ਰਿਸ਼ਤਾ ਮਹਿਜ਼ ਕਿਤਾਬਾਂ ਤੱਕ ਹੀ ਸੀਮਤ ਰਹਿ ਗਿਆ ਹੈ।
ਸ਼ੈਤਾਨੀ ਸੋਚ ਦੇ ਪਿੱਛੇ ਲੱਗ ਕੇ ਹਰ ਮਨੁੱਖ ਆਪਣਾ ਹੀ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਰਿਸ਼ਤਿਆਂ ਅੰਦਰਲਾ ਸੱਚ, ਪਾਕੀਜ਼ਗੀ, ਰਿਸ਼ਤਿਆਂ ਦਾ ਸਾਫ-ਸੁਥਰਾ ਹੋਣਾ, ਰਿਸ਼ਤਿਆਂ ਵਿੱਚ ਵਿਸ਼ਵਾਸ ਤੇ ਯਕੀਨ ਕਰਨਾ ਸਭ ਸੋਚ ਦੀਆਂ ਗੰਧਲੀਆਂ ਦੀਵਾਰਾਂ ਵਿੱਚ ਕਿਤੇ ਨਾ ਕਿਤੇ ਉਲਝ ਕੇ ਰਹਿ ਗਿਆ ਹੈ ਫੁੱਲਾਂ ਵਾਂਗੂੰ ਮਹਿਕਦਾ, ਟਹਿਕਦਾ ਪੌਣ ਵਿੱਚ ਸੁਗੰਧੀਆਂ ਬਿਖੇਰਦਾ ਹੋਇਆ ਜੀਵਨ ਕਿਧਰੇ ਅੱਜ ਟੁੱਟ ਰਹੇ ਰਿਸ਼ਤਿਆਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਇਸ ਮਤਲਬ ਭਰੀ ਦੁਨੀਆਂ ਵਿੱਚ ਮਤਲਬ ਹੀ ਪ੍ਰਧਾਨ ਬਣ ਕੇ ਰਹਿ ਗਿਆ ਹੈ।
ਅੱਜ ਭੱਜ-ਦੌੜ ਦੀ ਜਿੰਦਗੀ ਵਿੱਚ ਸਮੇਂ ਦਾ ਘਟਣਾ, ਸਾਧਨਾਂ ਦਾ ਵਧਣਾ, ਹੱਦੋਂ ਵੱਧ ਮਨੁੱਖ ਦਾ ਆਪਣੇ-ਆਪ ਨੂੰ ਸਿਆਣਾ ਸਮਝਣਾ, ਸਤਿਕਾਰ ਤੇ ਇੱਜਤਾਂ ਦੀ ਅਹਿਮੀਅਤ ਨੂੰ ਭੁੱਲਣਾ, ਤਮਾਮ ਇਸ਼ਾਰੇ ਸਾਡੀ ਆਉਣ ਵਾਲੀ ਪੀੜ੍ਹੀ ਤੇ ਰਿਸ਼ਤਿਆਂ ਲਈ ਘਾਤਕ ਸਿੱਧ ਹੋਣ ਵਾਲੇ ਹਨ। ਇਹ ਰਿਸ਼ਤਿਆਂ ਦੇ ਮੋਤੀਆਂ ਦੀ ਮਾਲਾ ਨਾ ਬਿਖਰੇ ਤਾਂ ਸਾਨੂੰ ਸਮਾਜ ਵਿੱਚ ਰਹਿੰਦੇ ਹੋਏ ਹਰ ਧਰਮ ਅਤੇ ਰਿਸ਼ਤੇ ਦਾ ਬਣਦਾ ਸਤਿਕਾਰ ਕਰਨਾ ਚਾਹੀਦਾ ਹੈ ਇਨ੍ਹਾਂ ਕੋਮਲ ਰਿਸ਼ਤਿਆਂ ਦੀ ਬੁਨਿਆਦ ਨੂੰ ਸਮਝਦੇ ਹੋਏ ਇਨ੍ਹਾਂ ਨੂੰ ਜਿੰਦਗੀ ਦੇ ਸਾਂਚੇ ਅੰਦਰ ਬਾ-ਅਦਬ, ਬਾ-ਕਮਾਲ ਢਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਤੰਗਦਿਲੀ ਸੋਚ ਤੋਂ ਉੱਪਰ ਉੱਠ ਕੇ ਕੁੱਝ ਨਵਾਂ ਕਰਨ ਦਾ ਸੰਕਲਪ ਕਰਨਾ ਚਾਹੀਦਾ ਹੈ। ਕਿਉਂਕਿ ਇੱਕ ਕਹਾਵਤ ਅਨੁਸਾਰ ਜਦੋਂ ਜਾਗੋ ਉਦੋਂ ਸਵੇਰਾ, ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਰਿਸ਼ਤਿਆਂ ਬਾਰੇ ਆਪਣੀ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਈਏ।
ਇਨ੍ਹਾਂ ਰਿਸ਼ਤਿਆਂ ਦਾ ਸਤਿਕਾਰ ਕਰੀਏ ਤੇ ਰਿਸ਼ਤਿਆਂ ਵਿੱਚ ਬਣੇ ਪਿਆਰ ਨੂੰ ਰੂਹ ਦੀ ਖੁਰਾਕ ਮੰਨ ਕੇ ਇਨ੍ਹਾਂ ਨੂੰ ਬਿਨਾਂ ਕਿਸੇ ਲਾਲਚ, ਬਿਨਾਂ ਕਿਸੇ ਮੰਗ, ਬੇਈਮਾਨੀ ਤੋਂ ਉੱਪਰ ਉੱਠ ਨਾਂਹ-ਪੱਖੀ ਸੋਚ ਨੂੰ ਪਿੱਛੇ ਛੱਡਦੇ ਹੋਏ ਇੱਕ ਭਾਈਚਾਰਕ, ਮਿਲਵਰਤਣ ਸਾਂਝ ਪਾਉਂਦੇ ਹੋਏ ਬਗੈਰ ਕਿਸੇ ਭੇਦ- ਭਾਵ ਦੇ ਰਿਸ਼ਤਿਆਂ ਨੂੰ ਅਮਲੀ ਜਾਮਾ ਪਹਿਨਾਈਏ।
ਅਮਰਜੀਤ ਸਿੰਘ
ਮੋ. 99144-63244
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ