ਸਾਡੇ ਨਾਲ ਸ਼ਾਮਲ

Follow us

29.3 C
Chandigarh
Thursday, February 26, 2026
More
    Home ਖੇਤੀਬਾੜੀ ਇੱਕ ਇਨਸਾਨ ਨੂੰ...

    ਇੱਕ ਇਨਸਾਨ ਨੂੰ ਆਖ਼ਰ ਕਿੰਨੀ ਜਗ੍ਹਾ ਚਾਹੀਦੀ ਹੈ?

    How Much Space Person Need?

    ਇੱਕ ਇਨਸਾਨ ਨੂੰ ਆਖ਼ਰ ਕਿੰਨੀ ਜਗ੍ਹਾ ਚਾਹੀਦੀ ਹੈ?

    ਨਵੀਂ ਪੰਜਾਬ ਸਰਕਾਰ ਧੜਾਧੜ ਇੱਕ ਤੋਂ ਵਧ ਕੇ ਇੱਕ ਦਲੇਰਾਨਾ ਫੈਸਲੇ ਲੈ ਰਹੀ ਹੈ। ਆਪਣੇ-ਆਪ ਨੂੰ ਕਾਨੂੰਨ ਤੋਂ ਉੱਪਰ ਸਮਝਣ ਵਾਲੇ ਨੇਤਾਵਾਂ ਨੂੰ ਵੀ ਹੁਣ ਸਮਝ ਆ ਗਈ ਹੈ ਕਿ ਪਹਿਲੇ ਦਿਨ ਗਏ ਜਦੋਂ ਬੇਬੇ ਚੋਪੜੀ ਰੋਟੀ ਦਿੰਦੀ ਹੁੰਦੀ ਸੀ। ਪੰਜਾਬ ਸਰਕਾਰ ਦਾ ਇੱਕ ਵਧੀਆ ਨਿਰਣਾ ਪੁਰਾਣੇ ਜੰਗਾਲ ਖਾਧੇ ਲੀਡਰਾਂ ਦੁਆਰਾ ਦਹਾਕਿਆਂ ਤੋਂ ਦੱਬੀਆਂ ਹੋਈਆਂ ਸਰਕਾਰੀ ਕੋਠੀਆਂ ਖਾਲੀ ਕਰਾਉਣ ਦਾ ਹੈ। ਮਾਲਵੇ ਦੇ ਇੱਕ ਨੇਤਾ ਜੀ ਤਾਂ 35-40 ਸਾਲਾਂ ਤੋਂ ਇੱਕ ਸ਼ਾਨਦਾਰ ਸਰਕਾਰੀ ਕੋਠੀ ਦੱਬ ਕੇ ਬੈਠੇ ਸਨ ਭਾਵੇਂ ਕਿ ਉਹ 10-15 ਸਾਲ ਤੋਂ ਮੰਤਰੀ ਜਾਂ ਵਿਧਾਇਕ ਨਹੀਂ ਸਨ ਬਣ ਸਕੇ। ਉਨ੍ਹਾਂ ਨੇ ਚੰਡੀਗੜ੍ਹ ਦੇ ਕਾਇਦੇ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੋਠੀ ਵਿੱਚ ਮੱਝਾਂ-ਗਾਵਾਂ ਵੀ ਰੱਖੀਆਂ ਹੋਈਆਂ ਸਨ ਤੇ ਸਵੀਮਿੰਗ ਪੂਲ ਵੀ ਪੁੱਟਿਆ ਹੋਇਆ ਸੀ।

    ਕਈ ਸਾਬਕਾ ਮੰਤਰੀ ਤਾਂ ਜਾਣ ਲੱਗਿਆਂ ਸਰਕਾਰੀ ਕੋਠੀਆਂ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਹੀ ਨਿਸ਼ਾਨੀ ਵਜੋਂ ਚੋਰੀ ਕਰਕੇ ਲੈ ਗਏ ਕਿ ਕੀ ਪਤਾ ਦੁਬਾਰਾ ਸਰਕਾਰੀ ਕੋਠੀ ਨਸੀਬ ਹੋਵੇ ਜਾਂ ਨਾ। ਉਹ ਗੱਲ ਵੱਖਰੀ ਹੈ ਕਿ ਇਨ੍ਹਾਂ ਕਰੋੜਪਤੀ ਮੰਤਰੀਆਂ ਦੀਆਂ ਚੰਡੀਗੜ੍ਹ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਆਲੀਸ਼ਾਨ ਕੋਠੀਆਂ ਹਨ ਜੋ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕਈਆਂ ਕੋਲੋਂ ਸਰਕਾਰੀ ਗੱਡੀਆਂ ਵੀ ਧੱਕੇ ਨਾਲ ਖੋਹਣੀਆਂ ਪਈਆਂ ਹਨ।

    ਇਨ੍ਹਾਂ ਲੋਕਾਂ ਦਾ ਲਾਲਚ ਵੇਖ ਕੇ ਹਰ ਕਿਸੇ ਦੇ ਮਨ ਵਿੱਚ ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਆਖਰ ਇੱਕ ਇਨਸਾਨ ਨੂੰ ਜਗ੍ਹਾ ਚਾਹੀਦੀ ਕਿੰਨੀ ਹੈ? ਇਨ੍ਹਾਂ ਲੋਕਾਂ ’ਤੇ ਢੁੱਕਦੀ ਇੱਕ ਰੂਸੀ ਕਹਾਣੀ ਹੈ ਕਿ ਇੱਕ ਸ਼ਹਿਰ ਵਿੱਚ ਉਪਰੋਕਤ ਲੀਡਰਾਂ ਵਰਗਾ ਇੱਕ ਬੇਹੱਦ ਲਾਲਚੀ ਵਪਾਰੀ ਈਵਾਨ ਰਹਿੰਦਾ ਸੀ। ਉਸ ਨੂੰ ਕਿਸੇ ਨੇ ਦੱਸਿਆ ਕਿ ਸਟੈਪੀਆਂ (ਉਪਜਾਊ ਘਾਹ ਦੇ ਮੈਦਾਨ) ਵਿੱਚ ਵੱਸਣ ਵਾਲਾ ਇੱਕ ਕਬੀਲਾ ਹਜ਼ਾਰਾਂ ਏਕੜ ਜ਼ਮੀਨ ਦਾ ਮਾਲਕ ਹੈ। ਉਸ ਦੇ ਸ਼ਰਾਬੀ ਸਰਦਾਰ ਨੂੰ ਜੇ ਵਧੀਆ ਸ਼ਰਾਬ ਭੇਂਟ ਕੀਤੀ ਜਾਵੇ ਤਾਂ ਉਹ ਖੁਸ਼ ਹੋ ਕੇ ਬਹੁਤ ਸਾਰੀ ਜ਼ਮੀਨ ਤੋਹਫੇ ਵਜੋਂ ਦੇ ਦਿੰਦਾ ਹੈ। ਇੱਕ ਦਿਨ ਈਵਾਨ ਆਪਣੇ ਨੌਕਰ ਸਮੇਤ 10 ਪੇਟੀਆਂ ਮਹਿੰਗੀ ਵਿਸਕੀ ਦੀਆਂ ਲੈ ਕੇ ਸਰਦਾਰ ਕੋਲ ਪਹੁੰਚ ਗਿਆ।

    ਖੁਸ਼ ਹੋ ਕੇ ਸਰਦਾਰ ਨੇ ਕਿਹਾ ਕਿ ਤੂੰ ਹੁਣ ਤੋਂ ਲੈ ਕੇ ਸੂਰਜ ਡੁੱਬਣ ਤੱਕ ਜਿੰਨੀ ਵੀ ਜ਼ਮੀਨ ਦੇ ਦੁਆਲੇ ਪੈਦਲ ਚੱਕਰ ਲਾ ਲਵੇਂ, ਉਹ ਤੇਰੀ ਹੋ ਜਾਵੇਗੀ। ਪਰ ਜੇ ਤੂੰ ਇਸ ਸਮੇਂ ਦੌਰਾਨ ਵਾਪਸ ਨਾ ਪਹੁੰਚ ਸਕਿਆ ਤਾਂ ਤੇਰੀ ਸ਼ਰਾਬ ਜ਼ਬਤ ਕਰ ਲਈ ਜਾਵੇਗੀ। ਗੱਲ ਸੁਣਦਿਆਂ ਸਾਰ ਕਹੀ ਫੜ੍ਹ ਕੇ ਈਵਾਨ ਨੇ ਜ਼ਮੀਨ ਵੱਲ ਦੌੜ ਲਾ ਦਿੱਤੀ। ਸ਼ਾਮ ਤੱਕ ਉਹ ਜ਼ਮੀਨ ਦੇ ਦੁਆਲੇ ਟੱਕ ਲਾਉਂਦਾ ਹੋਇਆ ਬਹੁਤ ਦੂਰ ਤੱਕ ਨਿੱਕਲ ਗਿਆ। ਜਦੋਂ ਉਸ ਨੇ ਵੇਖਿਆ ਕਿ ਸੂਰਜ ਡੁੱਬਣ ਵਾਲਾ ਹੈ ਤੇ ਜੇ ਉਹ ਵਾਪਸ ਨਾ ਪਹੁੰਚ ਸਕਿਆ ਤਾਂ ਉਸ ਦੀ 10 ਪੇਟੀਆਂ ਵਿਸਕੀ ਡੁੱਬ ਜਾਵੇਗੀ, ਉਹ ਕਾਹਲੀ ਨਾਲ ਕਬੀਲੇ ਵੱਲ ਵਾਪਸ ਚੱਲ ਪਿਆ।

    ਹੁਣ ਪੋਲਾ, ਮੋਟਾ ਤੇ ਸ਼ਹਿਰੀ ਈਵਾਨ ਕਿੰਨਾ ਕੁ ਤੇਜ਼ ਚੱਲ ਸਕਦਾ ਸੀ? ਉਸ ਨੇ ਜ਼ਮੀਨ ਦੇ ਲਾਲਚ ਵਿੱਚ ਸਮੇਂ ਸਿਰ ਪਹੁੰਚਣ ਲਈ ਦੁੜਕੀ ਲਾ ਦਿੱਤੀ। ਜਦੋਂ ਉਹ ਪਸੀਨੇ ਨਾਲ ਲੱਥਪੱਥ ਥੱਕਿਆ-ਹਾਰਿਆ ਸਰਦਾਰ ਦੇ ਨਜ਼ਦੀਕ ਪਹੁੰਚਿਆ ਤਾਂ ਥਕਾਵਟ ਕਾਰਨ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਹ ਉੱਥੇ ਹੀ ਡਿੱਗ ਕੇ ਮਰ ਗਿਆ। ਈਵਾਨ ਦੇ ਨੌਕਰ ਨੇ ਉਸ ਨੂੰ ਦਫਨਾਉਣ ਲਈ ਇੱਕ ਬਹੁਤ ਵੱਡੀ ਕਬਰ ਖੋਦੀ ਜੋ ਸਿਰਫ ਅੱਠ ਫੁੱਟ ਲੰਬੀ ਤੇ ਚਾਰ ਫੁੱਟ ਚੌੜੀ ਸੀ। ਕਬੀਲੇ ਦੇ ਸਰਦਾਰ ਨੇ ਚੁਸਕੀਆਂ ਭਰਦੇ ਹੋਏ ਕਿਹਾ ਕਿ ਇਵਾਨ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਹਰ ਇਨਸਾਨ ਨੂੰ ਸਿਰਫ ਐਨੀ ਹੀ ਜਗ੍ਹਾ ਲੋੜੀਂਦੀ ਹੈ।

    ਬਲਰਾਜ ਸਿੰਘ ਸਿੱਧੂ ਕਮਾਂਡੈਂਟ,
    ਪੰਡੋਰੀ ਸਿੱਧਵਾਂ
    ਮੋ. 95011-00062

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here