ਮੁਬਾਰਕ! ਪੰਜਾਬ ਰਾਜਸਥਾਨ ਤੋਂ ਅੱਗੇ ਲੰਘ ਗਿਆ
ਪਿਛਲੇ ਸਾਲ ਦਸੰਬਰ ਮਹੀਨੇ ਮੈਂ ਆਪਣੇ ਮਾਮਿਆਂ ਨੂੰ ਮਿਲਣ ਰਾਜਸਥਾਨ ਗਿਆ ਤੇ ਆਪਣੇ ਸਭ ਤੋਂ ਵੱਡੇ ਮਾਮਾ ਜੀ ਕੋਲ ਬੈਠਾ ਸਾਂ। ਗੱਲਾਂ ਚੱਲ ਪਈਆਂ ਰਾਜਸਥਾਨ ਤੇ ਪੰਜਾਬ ਵਿਚਲੀ ਆਬਾਦੀ, ਖੇਤਰਫਲ, ਖੁਰਾਕਾਂ ਤੇ ਪਾਣੀਆਂ ਬਾਰੇ। ਮਾਮਾ ਜੀ ਕਹਿਣ ਲੱਗੇ ਕਿ ਖੇਤਰਫਲ ਤੇ ਆਬਾਦੀ ਦੇ ਮੁਕਾਬਲੇ ਪੰਜਾਬ ਰਾਜਸਥਾਨ ਦਾ ਦਸਵਾਂ ਹਿੱਸਾ ਵੀ ਨਹੀਂ ਹੈ। ਗੱਲ ਹੈ ਤਾਂ ਮੰਨਣ ਵਾਲੀ। ਜੇ ਪੁਰਾਤਨ ਪੰਜਾਬ ਦੇ ਖੇਤਰਫਲ ਵੱਲ ਨਿਗਾਹ ਮਾਰੀਏ ਤਾਂ ਸੁਣਦੇ ਹਾਂ ਕਿ ਇਸ ਦੀਆਂ ਹੱਦਾਂ ਬਲੋਚਿਸਤਾਨ, ਉੱਤਰ ਪ੍ਰਦੇਸ਼ ਤੇ ਹੋਰ ਪਤਾ ਨਹੀਂ ਕਿੱਥੋਂ-ਕਿੱਥੋਂ ਤੱਕ ਸਨ।
ਯਾਨੀ ਸਾਡੇ ਸਾਂਝੇ ਪੰਜਾਬ ਵਿੱਚੋਂ ਹਿਮਾਚਲ ਪ੍ਰਦੇਸ਼, ਹਰਿਆਣਾ, ਪਾਕਿਸਤਾਨ ਤੇ ਦਿੱਲੀ ਵੱਖ ਕੀਤੇ ਗਏ ਹਨ ਤੇ ਹੁਣ ਪੰਜਾਬ ਵਾਕਿਆ ਹੀ ਚਿੜੀ ਦੇ ਦਿਲ ਜਿੰਨਾ ਰਹਿ ਗਿਆ ਹੈ ਤੇ ਰਾਜਸਥਾਨ ਦਾ ਇੱਕ-ਇੱਕ ਜਿਲ੍ਹਾ ਹੀ 200-250 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਤੇ ਸਾਡੇ ਰੰਗਲੇ ਪੰਜਾਬ ਦਾ ਕੋਈ ਵੀ ਜਿਲ੍ਹਾ 30-35 ਕਿਲੋਮੀਟਰ ਤੋਂ ਵੱਧ ਨਹੀਂ ਹੋਵੇਗਾ। ਨਤੀਜਤਨ ਪੰਜਾਬ ਖੇਤਰਫਲ ਤੇ ਆਬਾਦੀ ਪੱਖੋਂ ਰਾਜਸਥਾਨ ਦਾ ਦਸਵਾਂ ਹਿੱਸਾ ਵੀ ਨਹੀਂ ਰਿਹਾ ਹੋਵੇਗਾ।
ਸਾਡਾ ਪ੍ਰਾਹੁਣਾ ਤੇ ਅੱਗੋਂ ਉਹਨਾਂ ਦਾ ਪ੍ਰਾਹੁਣਾ
1995-96 ਵਿੱਚ ਮੇਰੇ ਉਕਤ ਮਾਮਾ ਜੀ ਦੀ ਬੇਟੀ ਦਾ ਵਿਆਹ ਅਸੀਂ ਬਠਿੰਡਾ ਵਿਖੇ ਕੀਤਾ ਸੀ। ਬਰਾਤ ਮਲੋਟ ਤੋਂ ਆਈ ਸੀ। ਜਦੋਂ ਪ੍ਰਾਹੁਣੇ ਨੇ ਸਾਡੀ ਭੈਣ ਨੂੰ ਲੈਣ ਰਾਜਸਥਾਨ ਮਾਮੇ ਦੇ ਪਿੰਡ ਜਾਣਾ ਸੀ ਤੇ ਉਹਨਾਂ ਨੂੰ ਲੈ ਕੇ ਜਾਣ ਦੀ ਡਿਊਟੀ ਮੇਰੀ ਲੱਗ ਗਈ। ਮੈਂ, ਸਾਡਾ ਪ੍ਰਾਹੁਣਾ ਤੇ ਅੱਗੋਂ ਉਹਨਾਂ ਦਾ ਪ੍ਰਾਹੁਣਾ, ਅਸੀਂ ਤਿੰਨੇ ਰੇਲਗੱਡੀ ਰਾਹੀਂ ਮਾਮੇ ਦੇ ਪਿੰਡਾਂ ਵੱਲ ਚਾਲੇ ਪਾ ਦਿੱਤੇ। ਉਹਨਾਂ ਦਾ ਪ੍ਰਾਹੁਣਾ ਮੇਰਾ ਦੋਸਤ ਵੀ ਸੀ।
ਉਦੋਂ ਇਹੀ ਰੂਟ ਸੀ ਤੇ ਇਹੀ ਮਹੀਨਾ ਸੀ ਜੇਠ-ਹਾੜ੍ਹ ਦਾ! ਖਾਣਾ ਵਗੈਰਾ ਖਾ ਕੇ ਰਾਤ ਨੂੰ ਜਦੋਂ ਅਸੀਂ ਸੌਣ ਲੱਗੇ ਤਾਂ ਸਾਡੇ ਮੰਜੇ ਖੁੱਲ੍ਹੀ ਜਗ੍ਹਾ ’ਚ ਡਾਹੇ ਗਏ। ਮੈਂ ਤਾਂ ਅਕਸਰ ਨਾਨਕੇ ਜਾਂਦਾ ਰਹਿੰਦਾ ਸਾਂ ਤੇ ਮੈਨੂੰ ਪਤਾ ਸੀ ਕਿ ਰਾਤ ਨੂੰ ਇੱਥੇ ਮੌਸਮ ਠੰਢਾ ਹੋ ਜਾਂਦਾ ਹੈ, ਪਰ ਉਹ ਦੋਵੇਂ ਰਾਜਸਥਾਨ ਸ਼ਾਇਦ ਪਹਿਲੀ ਵਾਰ ਗਏ ਸਨ। ਮੈਂ ਜਦ ਮੇਰੀ ਮਾਮੀ ਤੋਂ ਰਾਤ ਨੂੰ ਉੱਤੇ ਲੈਣ ਲਈ ਲੇਫ (ਰਜਾਈ) ਮੰਗਿਆ ਤਾਂ ਸਾਡਾ ਪ੍ਰਾਹੁਣਾ ਮੈਨੂੰ ਕਹਿਣ ਲੱਗਾ, ਵੀਰੇ, ਪਾਗਲ ਹੋਇਆਂ, ਇੰਨੀ ਗਰਮੀ ਵਿੱਚ ਰਜਾਈ ਉੱਤੇ ਲਵੇਂਗਾ? ਨਾਲੇ ਹੱਸ ਕੇ ਆਪਣੇ ਜੀਜੇ ਨੂੰ ਕਹਿਣ ਲੱਗਾ, ਜੀਜਾ ਦੇਖ ਲਾ ਮੇਰੇ ਸਾਲੇ ਨੂੰ?
ਮੈਂ ਦਿਲ ’ਚ ਕਿਹਾ, ਕੋਈ ਨਾ, ਦੋ ਘੰਟੇ ਠਹਿਰ ਜਾਓ, ਅੱਧੀ ਰਾਤ ਨੂੰ ਗੋਡੇ ਢਿੱਡ ’ਚ ਦੇ ਕੇ ਸੌਂਵੋਗੇ ਤੇ ਠੰਢ ਫਿਰ ਵੀ ਲੱਗੂ। ਯਾਰ ਤਾਂ ਰਜਾਈ ਪੈਂਦੀਂ ਰੱਖ ਕੇ ਸੌਂ ਗਏ ਤੇ ਜਦ ਰਾਤ ਨੂੰ ਰੇਤਾ ਠੰਢਾ ਹੋਣ ਕਰਕੇ ਠੰਢੀਆਂ ਹਵਾਵਾਂ ਚੱਲੀਆਂ ਤਾਂ ਮੈਂ ਰਜਾਈ ਉੱਤੇ ਲੈ ਕੇ ਘੂਕ ਸੁੱਤਾ ਤੇ ਉਹ ਦੋਵੇਂ ਠੁਰ-ਠੁਰ ਕਰਦੇ ਰਹੇ। ਸਵੇਰੇ ਪ੍ਰਾਹੁਣਾ ਮੇਰੀ ਮਾਮੀ ਤੋਂ ਬੁਖਾਰ ਦੀ ਗੋਲੀ ਮੰਗਦਾ ਫਿਰੇ। ਅਖੇ ਰਾਤ ਠੰਢ ਲੱਗਣ ਨਾਲ ਬੁਖਾਰ ਹੋ ਗਿਆ।
ਅੱਜ ਕਰੀਬ ਸਤਾਈ-ਅਠਾਈ ਸਾਲਾਂ ਬਾਅਦ, ਐਤਵਾਰ ਹੋਣ ਕਰਕੇ ਮੈਂ ਆਪਣੀ ਪਤਨੀ ਸਮੇਤ ਆਪਣੇ ਦੋਸਤ ਤੇ ਉਸਦੇ ਪਰਿਵਾਰ ਨੂੰ ਮਿਲਣ ਆਪਣੇ ਸ਼ਹਿਰ ਤੋਂ 20 ਕੁ ਕਿਲੋਮੀਟਰ ਦੂਰ ਆਪਣੇ ਮੋਟਸਾਈਕਲ ’ਤੇ ਚਲਾ ਗਿਆ। ਬਹੁਤ ਕੋਸ਼ਿਸ਼ ਕੀਤੀ ਸੀ ਕਿ ਸਵੇਰੇ-ਸਵੇਰੇ ਜਲਦੀ ਜਾ ਕੇ ਦੁਪਹਿਰ ਤੋਂ ਪਹਿਲਾਂ ਵਾਪਸ ਆ ਜਾਵਾਂਗੇ। ਪਰ ਘਰਾਂ ’ਚੋਂ ਨਿੱਕਲਣਾ ਕਿਹੜਾ ਸੌਖਾ ਹੈ ਅੱਜ-ਕੱਲ੍ਹ। ਵਾਪਸੀ ’ਤੇ ਉਹੀ ਸਾਢੇ ਬਾਰ੍ਹਾਂ ਵੱਜ ਗਏ।
ਸੜਕ ਇਸ ਤਰ੍ਹਾਂ ਤਪ ਰਹੀ ਸੀ ਜਿਵੇਂ ਭੱਠੀ ਤਪ ਰਹੀ ਹੋਵੇ। ਗਰਮ ਹਵਾ ਨਾਲ ਮੋਟਰ ਸਾਈਕਲ ਦੀ ਟੈਂਕੀ, ਹੈਂਡਲ ਤਪਣ ਲੱਗ ਪਿਆ ਸੀ। ਮੈਨੂੰ ਇਹ ਡਰ ਲੱਗਣ ਲੱਗ ਪਿਆ ਸੀ ਕਿ ਜ਼ਿਆਦਾ ਗਰਮੀ ਕਾਰਨ ਮੋਟਸਾਈਕਲ ਨੂੰ ਕਿਤੇ ਅੱਗ ਹੀ ਨਾ ਲੱਗ ਜਾਵੇ, ਕਿਉਂਕਿ ਦੂਸਰੇ ਮੋਟਸਾਈਕਲਾਂ ਦੇ ਮੁਕਾਬਲੇ ਬੁਲਟ ਮੋਟਰਸਾਈਕਲ ਜ਼ਿਆਦਾ ਗਰਮ ਹੁੰਦਾ ਹੈ, ਜਾਂ ਕਿਤੇ ਸੜਕ ਜ਼ਿਆਦਾ ਗਰਮ ਹੋਣ ਕਰਕੇ ਇਹ ਪੰਚਰ ਹੀ ਨਾ ਹੋ ਜਾਵੇ। ਇਹ ਖਿੱਚਣਾ ਮੁਸ਼ਕਲ ਹੋ ਜਾਵੇਗਾ।
ਰੇਤਾ ਜਲਦੀ ਗਰਮ ਹੁੰਦਾ ਹੈ ਤੇ ਜਲਦੀ ਠੰਢਾ ਹੋ ਜਾਂਦਾ ਹੈ
ਉਸ ਸਮੇਂ ਮੈਨੂੰ ਮਾਮੇ ਦੀ ਗੱਲ ਦਾ ਖਿਆਲ ਆਇਆ ਕਿ ਬੇਸ਼ੱਕ ਖੇਤਰਫਲ ਤੇ ਆਬਾਦੀ ਦੇ ਮੁਕਾਬਲੇ ਪੰਜਾਬ ਰਾਜਸਥਾਨ ਦੀ ਬਰਾਬਰੀ ਨਹੀਂ ਕਰ ਸਕਦਾ, ਪਰ ਤਾਪਮਾਨ ਦੇ ਮੁਕਾਬਲੇ ਪੰਜਾਬ ਰਾਜਸਥਾਨ ਤੋਂ ਕਿਤੇ ਅੱਗੇ ਨਿੱਕਲ ਗਿਆ ਹੈ। ਅੱਜ-ਕੱਲ੍ਹ ਪੈ ਰਹੀ ਗਰਮੀ ਇਨਸਾਨ, ਪਸ਼ੂ-ਪੰਛੀਆਂ ਦੇ ਬਰਦਾਸ਼ਤ ਤੋਂ ਬਾਹਰ ਹੈ। ਇਹ ਤਾਂ ਰਾਜਸਥਾਨ ਦੀ ਗਰਮੀ ਨਾਲੋਂ ਵੀ ਜ਼ਿਆਦਾ ਘਾਤਕ ਹੈ। ਉੱਥੇ ਰੇਤਾ ਜਲਦੀ ਗਰਮ ਹੁੰਦਾ ਹੈ ਤੇ ਜਲਦੀ ਠੰਢਾ ਹੋ ਜਾਂਦਾ ਹੈ, ਪਰ ਸਾਡੇ ਪੰਜਾਬ ’ਚ ਤਾਂ ਹੁਣ ਸਭ ਕੁਝ ਪੱਕਾ ਹੋ ਗਿਆ, ਫਰਸ਼ ਪੱਕੇ, ਵਿਹੜੇ ਪੱਕੇ, ਛੱਤਾਂ ਪੱਕੀਆਂ, ਸੜਕਾਂ ਪੱਕੀਆਂ, ਕੰਧਾਂ ਪੱਕੀਆਂ, ਜੋ ਤਪਦੀਆਂ ਬਹੁਤ ਹਨ ਤੇ ਠੰਢੀਆਂ ਹੋਣ ’ਤੇ ਜਿੰਨਾ ਸਮਾਂ ਮੰਗਦੀਆਂ ਹਨ, ਉਦੋਂ ਨੂੰ ਸੂਰਜ ਦੇਵਤਾ ਫਿਰ ਚਮਕ ਪੈਂਦਾ ਹੈ।
ਦਰੱਖਤ ਨਾ ਬਰਾਬਰ ਹੋਣ ਕਾਰਨ ਧੁੱਪ ਧਰਤੀ ’ਤੇ ਸਿੱਧੀ ਤੇ ਜ਼ਿਆਦਾ ਦੇਰ ਤੱਕ ਪੈਂਦੀ ਰਹਿੰਦੀ ਹੈ। ਦਰੱਖਤਾਂ ਦੀ ਤਾਦਾਦ ਘਟਣ ਨਾਲ ਬਰਸਾਤ ਨਹੀਂ ਹੁੰਦੀ। ਨਤੀਜੇ ਵਜੋਂ ਠੰਢ ਘੱਟ ਪੈਂਦੀ ਹੈ ਜਿਸ ਨਾਲ ਕਣਕ ਸਮੇਤ ਉਹਨਾਂ ਫਸਲਾਂ ਦੀ ਪੈਦਾਵਾਰ ਪ੍ਰਭਾਵਿਤ ਹੋ ਰਹੀ ਹੈ, ਜੋ ਸਿਰਫ ਸਰਦੀ ਵਿੱਚ ਹੀ ਹੁੰਦੀਆਂ ਹਨ। ਇਸ ਵਾਰ ਤਾਂ ਕਣਕ ਨੂੰ ਵੀ ਮਾਰਚ ਮਹੀਨੇ ਹੀ ਦਾਤੀ ਪੈ ਗਈ ਸੀ, ਜੋ ਪਹਿਲਾਂ ਅਪਰੈਲ ਦੇ ਪਹਿਲੇ ਪੰਦਰਵਾੜੇ ਵਿੱਚ ਪੈਂਦੀ ਹੁੰਦੀ ਸੀ ਇਸੇ ਤਰ੍ਹਾਂ ਕਈ ਸਾਲ ਪਹਿਲਾਂ, ਜਦੋਂ ਸੁਣਦੇ ਸਾਂ ਕਿ ਅਕਾਸ਼ ਵਿੱਚੋਂ ਕੁਝ ਪਰਤਾਂ ਟੁੱਟ ਰਹੀਆਂ ਨੇ ਤੇ ਸੂਰਜ ਦੀਆਂ ਕਿਰਨਾਂ ਵੱਧ ਤਪਸ਼ ਨਾਲ ਸਿੱਧੀਆਂ ਧਰਤੀ ਵੱਲ ਆ ਰਹੀਆਂ ਹਨ ਤੇ ਸਰਦੀ ਘਟ ਰਹੀ ਹੈ, ਗਰਮੀ ਵਧ ਰਹੀ ਹੈ ਉਦੋਂ ਹੀ ਸਾਨੂੰ ਸਮਝਣਾ ਚਾਹੀਦਾ ਸੀ।
ਕਦੇ ਸੁਣਦੇ ਹੁੰਦੇ ਸਾਂ ਸਾਊਦੀ ਅਰਬ ਦੇਸ਼ਾਂ ਵਿਚ ਏਨੀ ਜ਼ਿਆਦਾ ਗਰਮੀ ਹੁੰਦੀ ਹੈ ਕਿ ਦੁਪਹਿਰੇ ਉੱਥੇ ਚਹਿਲ-ਪਹਿਲ ਬੰਦ ਹੋ ਜਾਂਦੀ ਤੇ ਸ਼ਾਮੀਂ ਫਿਰ ਬਜ਼ਾਰ ਖੁੱਲ੍ਹਦੇ ਹਨ। ਅੱਜ ਦੀ ਭਿਆਨਕ ਗਰਮੀ ਦੇਖ ਕੇ ਮੈਨੂੰ ਵੀ ਇੰਝ ਲੱਗਿਆ ਕਿ ਹੁਣ ਪੰਜਾਬ ਵਿਚ ਵੀ ਇਹ ਸਮਾਂ ਆ ਗਿਆ ਹੈ ਕਿ ਗਰਮੀ ਕਾਰਨ ਦੁਪਹਿਰੇ ਚਹਿਲ-ਪਹਿਲ ਬੰਦ ਹੋ ਜਾਇਆ ਕਰੇਗੀ। ਪਿੱਛੇ ਜਿਹੇ ਬਹਿਰੀਨ ਤੋਂ ਮੇਰੇ ਬੇਟੇ ਦਾ ਰਿਸ਼ਤੇਦਾਰ ਹਿੰਦੁਸਤਾਨ ਮਿਲਣ ਆਇਆ ਤੇ ਮੈਨੂੰ ਦੱਸਣ ਲੱਗਾ ਕਿ ਅੰਕਲ ਜੀ, ਬਹਿਰੀਨ ਵਿੱਚ ਇੰਨੀ ਗਰਮੀ ਹੈ ਕਿ ਏ ਸੀ ਤੋਂ ਬਿਨਾਂ ਤਾਂ ਰਿਹਾ ਹੀ ਨਹੀਂ ਜਾਂਦਾ। ਇਹੀ ਹਾਲਾਤ ਹੁਣ ਮੇਰੇ ਪੰਜਾਬ ਦੀ ਹੋ ਚੱਲੀ ਹੈ। ਉਹ ਕਹਿਣ ਲੱਗਾ ਕਿ ਅਰਬ ਦੇਸ਼ਾਂ ਵਿਚ ਹਰਿਆਲੀ ਵਧਾਉਣ ਲਈ ਵਿਦੇਸ਼ਾਂ ਤੋਂ ਮਿੱਟੀ ਮੰਗਵਾ ਕਿ ਪੌਦੇ ਲਾਏ ਜਾਂਦੇ ਹਨ ਤੇ ਸਾਡੇ ਪੰਜਾਬ ਵਿੱਚ ਧਰਤੀ ਦਾ ਸੀਨਾ ਸਾੜਿਆ ਜਾਂਦਾ ਹੈ।
ਅਸੀਂ ਸਾਰੇ ਅੱਗ ਵਰਗਾ ਸੇਕ ਝੱਲਣ ਲਈ ਮਜਬੂਰ ਹਾਂ
ਵਧਦੇ ਪ੍ਰਦੂਸਣ ਤੇ ਆਲਮੀ ਤਪਸ਼ ਨੇ ਸਾਰੀ ਦੁਨੀਆਂ ਨੂੰ ਤਬਾਹੀ ਦੀ ਕਗਾਰ ’ਤੇ ਲਿਆ ਖੜ੍ਹਾ ਕੀਤਾ ਹੈ। ਜੰਗਲਾਂ ਨੂੰ ਅੱਗ ਲੱਗਣ ਕਾਰਨ, ਇਨਸਾਨੀ ਲਾਲਚ ਖਾਤਰ ਜੰਗਲਾਂ ’ਤੇ ਚੱਲੀਆਂ ਆਰੀਆਂ ਕੁਹਾੜੀਆਂ ਕਾਰਨ, ਵਧਦੀ ਆਬਾਦੀ ਕਾਰਨ ਅਸੀਂ ਸਾਰੇ ਅੱਗ ਵਰਗਾ ਸੇਕ ਝੱਲਣ ਲਈ ਮਜਬੂਰ ਹਾਂ। ਸਾਡੇ ਦਰੱਖਤਾਂ ਦੀ ਕਟਾਈ ਪਿੱਛੇ ਸਾਡੀਆਂ ਲੋੜਾਂ ਘੱਟ ਤੇ ਦੌਲਤਾਂ ਦੀ ਹਿਰਸ ਜ਼ਿਆਦਾ ਰਹੀ ਹੈ। ਚੰਡੀਗੜ੍ਹ ਵਰਗੀ ਰਾਜਧਾਨੀ ਵਿੱਚ ਦਰੱਖਤਾਂ ਦੀ ਬਹੁਤਾਤ ਹੋਣ ਕਾਰਨ ਤਾਪਮਾਨ ਪੰਜਾਬ ਨਾਲੋਂ ਦੋ ਡਿਗਰੀ ਘੱਟ ਹੁੰਦਾ ਹੈ।
ਪਾਣੀ ਦੀ ਕਮੀ ਹੋਣ ਕਰਕੇ ਧਰਤੀ ਖੁਸ਼ਕ ਹੋ ਗਈ ਹੈ, ਦਰੱਖਤਾਂ ਤੇ ਫਸਲਾਂ ਦੇ ਪਨਪਣ ਲਈ ਜਿਸ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਹੁਣ ਚੇਤੰਨ ਹੋਣ ਦਾ ਸਮਾਂ ਹੈ, ਹਰਿਆਲੀ ਵਧਾਉਣ ਦਾ ਸਮਾਂ ਹੈ ਤੇ ਪਾਣੀ ਬਚਾਉਣ ਦਾ ਸਮਾਂ ਹੈ। ਇਹ ਵਕਤ ਇੱਕ ਅਲਾਰਮ ਹੈ ਸਾਡੇ ਲਈ। ਵਧਦਾ ਤਾਪਮਾਨ ਕੇਵਲ ਗਰਮੀ ਕਰਕੇ ਹੀ ਮਾੜਾ ਨਹੀਂ ਹੈ, ਬਲਕਿ ਇਸ ਨਾਲ ਕਣਕ ਦੀ ਪੈਦਾਵਾਰ ਘਟਨ ਕਾਰਨ ਖੁਰਾਕੀ ਅਨਾਜ ਵਿੱਚ ਵੀ ਭਾਰੀ ਕਮੀ ਹੋਣ ਦਾ ਖਦਸ਼ਾ ਹੈ।
ਬਠਿੰਡਾ
ਮੋ. 99889-95533
ਜਗਸੀਰ ਸਿੰਘ ਤਾਜੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ