ਤਲਵੰਡੀ ਸਾਬੋ ਥਰਮਲ ਪਲਾਂਟ ਦਾ ਦੋ ਨੰਬਰ ਯੂਨਿਟ ਹੋਇਆ ਚਾਲੂ

tharmal

ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਤਿੰਨ ਨੰਬਰ ਯੂਨਿਟ ਵੀ ਹੋਇਆ ਬੰਦ, ਸਿਰਫ਼ ਇੱਕ ਯੂਨਿਟ ਚਾਲੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਤਲਵੰਡੀ ਸਾਬੋ ਥਰਮਲ ਪਲਾਂਟ ਦਾ ਕਾਫੀ ਸਮੇਂ ਤੋਂ ਬੰਦ ਹੋਇਆ ਦੋ ਨੰਬਰ ਯੂਨਿਟ ਆਖ਼ਰ ਚਾਲੂ ਹੋ ਗਿਆ ਹੈ, ਜਿਸ ਨਾਲ ਪਾਵਰਕੌਮ ਨੂੰ ਰਾਹਤ ਮਿਲੀ ਹੈ ਉਂਜ ਪਿਛਲੇ ਦਿਨੀਂ ਲਹਿਰਾ ਮੁਹੱਬਤ ਥਰਮਲ ਪਲਾਂਟ ਇੱਕ ਯੂਨਿਟ ਦਾ ਈਐੱਸਪੀ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ । ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਕਿ ਪਾਵਰਕੌਮ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਿਹਾ ਹੈ ।

ਜਾਣਕਾਰੀ ਅਨੁਸਾਰ ਬਿਜਲੀ ਦੀ ਮੰਗ ਪਿਛਲੇ ਸਾਰੇ ਰਿਕਾਰਡ ਰਿਕਾਰਡ ਤੋੜ ਰਹੀ ਹੈ ਪਰ ਪਾਵਰਕੌਮ ਲਈ ਮੁਸ਼ਕਲਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ । ਬੀਤੇ ਦਿਨੀਂ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਈਐਸਪੀ ਡਿੱਗਣ ਕਾਰਨ ਪਾਵਰਕੌਮ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੇ ਡਿੱਗਣ ਨਾਲ ਦੋ ਨੰਬਰ ਯੂਨਿਟ ਬੰਦ ਹੋ ਗਿਆ ਹੈ, ਜਿਸ ਨੂੰ ਚੱਲਣ ਲਈ ਕਾਫੀ ਮਹੀਨੇ ਲੱਗ ਸਕਦੇ ਹਨ । ਇਸ ਥਰਮਲ ਪਲਾਂਟ ਦਾ ਇੱਕ ਯੂਨਿਟ ਪਹਿਲਾਂ ਹੀ ਬੰਦ ਸੀ ਜਦੋਂਕਿ ਤਿੰਨ ਨੰਬਰ ਯੂਨਿਟ ਅੱਜ ਬੰਦ ਕਰ ਦਿੱਤਾ ਗਿਆ ਹੈ।

ਮੌਜੂਦਾ ਸਮੇਂ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਯੂਨਿਟ ਹੀ ਚਾਲੂ ਅਵਸਥਾ ਵਿੱਚ ਹੈ ਅਤੇ ਇਸ ਥਰਮਲ ਪਲਾਂਟ ਤੋਂ ਸਿਰਫ਼ 165 ਮੈਗਾਵਾਟ ਯੂਨਿਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਧਰ ਪਾਵਰਕੌਮ ਲਈ ਰਾਹਤ ਵਾਲੀ ਗੱਲ ਇਹ ਰਹੀ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਦੋ ਨੰਬਰ ਬੰਦ ਹੋਇਆ ਯੂਨਿਟ ਅੱਜ ਬਹਾਲ ਹੋ ਗਿਆ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਪੰਜਾਬ ਦਾ ਸਭ ਤੋਂ ਵੱਡਾ 1980 ਮੈਗਾਵਾਟ ਦਾ ਥਰਮਲ ਪਲਾਂਟ ਹੈ । ਇਸ ਥਰਮਲ ਪਲਾਂਟ ਦਾ ਦੋ ਨੰਬਰ ਯੂਨਿਟ ਝੋਨੇ ਲਈ ਮੈਂਟੀਨੈਂਸ ਕਾਰਨ ਬੰਦ ਕੀਤਾ ਹੋਇਆ ਸੀ ।

970 ਮੈਗਾਵਾਟ ਬਿਜਲੀ ਉਤਪਾਦਨ

ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਯੂਨਿਟ ਬੰਦ ਹੋਣ ਕਾਰਨ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਯੂਨਿਟ ਚਾਲੂ ਕਰਨਾ ਪਿਆ ਹੈ। ਇਸ ਥਰਮਲ ਪਲਾਂਟ ਤੋਂ 970 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਉਂਜ ਰਾਜਪੁਰਾ ਥਰਮਲ ਪਲਾਂਟ ਬਿਜਲੀ ਉਤਪਾਦਨ ਪੱਖੋਂ ਸਭ ਤੋਂ ਮੋਹਰੀ ਚੱਲ ਰਿਹਾ ਹੈ ਇਸ ਥਰਮਲ ਪਲਾਂਟ ਦੇ ਦੋਵਾਂ ਯੂਨਿਟਾਂ ਵੱਲੋਂ 1050 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ।

ਰੋਪੜ ਥਰਮਲ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ ਜਦੋਂਕਿ ਇਸ ਪਲਾਂਟ ਦਾ ਇੱਕ ਯੂਨਿਟ ਬੰਦ ਪਿਆ ਹੈ ਇਸ ਥਰਮਲ ਪਲਾਂਟ ਤੋਂ 468 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਮੌਜੂਦਾ ਸਮੇਂ ਸਰਕਾਰੀ ਥਰਮਲ ਪਲਾਂਟਾਂ ਤੋਂ ਸਿਰਫ 632 ਮੈਗਾਵਾਟ ਹੀ ਬਿਜਲੀ ਉਤਪਾਦਨ ਹੋ ਰਿਹਾ ਹੈ , ਜਦੋਂਕਿ ਪ੍ਰਾਈਵੇਟ ਥਰਮਲ ਪਲਾਂਟਾਂ ’ਚੋਂ 2229 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ । ਸੂਬੇ ਅੰਦਰ ਮੌਜੂਦਾ ਸਮੇਂ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਚੁੱਕੀ ਹੈ ਅਤੇ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ।

ਸਰਕਾਰੀ ਥਰਮਲਾਂ ’ਤੇ ਖਰਚੇ ਗਏ ਕਰੋੜਾਂ ਰੁਪਏ ’ਤੇ ਖੜ੍ਹੇ ਹੋਏ ਸੁਆਲ

ਇਧਰ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਈਐੱਸਪੀ ਡਿੱਗਣ ਕਾਰਨ ਪਾਵਰਕੌਮ ’ਤੇ ਸੁਆਲ ਖੜ੍ਹੇ ਹੋ ਗਏ ਹਨ।ਪਾਵਰਕੌਮ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਲਹਿਰਾ ਮੁਹੱਬਤ ਥਰਮਲ ਪਲਾਂਟ ’ਤੇ ਕਰੋੜਾਂ ਰੁਪਏ ਖਰਚੇ ਗਏ ਹਨ । ਬਿਜਲੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਥਰਮਲ ਪਲਾਂਟਾਂ ’ਤੇ ਕਰੋੜਾਂ ਰੁਪਏ ਖਰਚੇ ਗਏ ਹਨ ਤਾਂ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਈਐੱਸਪੀ ਕਿਵੇਂ ਡਿੱਗ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ