‘ਰੰਗਲੇ ਪੰਜਾਬ’ ਤੋਂ ਬਾਅਦ ‘ਪੜ੍ਹਦਾ ਪੰਜਾਬ’ ਲਈ ਮੁੱਖ ਮੰਤਰੀ ਵੱਲੋਂ ਅਪੀਲ
ਭਗਵੰਤ ਮਾਨ ਵੱਲੋਂ ਪੰਜਾਬ ਦੇ 2800 ਸਿੱਖਿਆ ਅਧਿਕਾਰੀਆਂ ਨਾਲ ਪੰਜਾਬ ਦੇ ਹਰ ਬੱਚੇ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਲਈ ਕੀਤੀ ਅਪੀਲ ਦੇ ਵੱਡੇ ਅਰਥ ਹਨ ਪਹਿਲੀ ਵਾਰੀ ਪੰਜਾਬ ਦੇ ਕਿਸੇ ਮੁੱਖ ਮੰਤਰੀ ਵੱਲੋਂ ਪੰਜਾਬ ਰਾਜ ਦੇ ਸਮੂਹ ਮੁੱਖ ਅਧਿਆਪਕਾਂ, ਪਿ੍ਰੰਸੀਪਲਾਂ, ਬਲਾਕ ਸਿੱਖਿਆ ਅਫ਼ਸਰਾਂ, ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਕਿੰਗਜ਼ ਵਿਲਾ ਲੁਧਿਆਣਾ ਵਿਖੇ ਖੁੱਲ੍ਹੀ ਮਿਲਣੀ ਕੀਤੀ ਗਈ । ਪੰਜਾਬ ਦੇ ਸਾਰੇ ਜਿਲ੍ਹਿਆਂ ’ਚੋਂ ਸਾਰੇ ਅਧਿਕਾਰੀਆਂ ਨੂੰ ਏ. ਸੀ. ਬੱਸਾਂ ਰਾਹੀਂ ਆਦਰ ਸਹਿਤ ਲਿਜਾਇਆ ਗਿਆ ਅਤੇ ਪ੍ਰਬੰਧ ਵੀ ਪੂਰੇ ਪੁਖਤਾ ਸਨ।
ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਹ ਅਪੀਲ ਮੁੱਖ ਮੰਤਰੀ ਵੱਲੋਂ ਨਹੀਂ ਸਗੋਂ ਇੱਕ ਅਧਿਆਪਕ ਦੇ ਬੇਟੇ ਵੱਲੋਂ ਹੈ। ਗੱਲ ਅੱਗੇ ਤੋਰਦਿਆਂ ਉਨ੍ਹਾਂ ਕਿਹਾ, ਕੇਵਲ ਕਲੀ ਕੂਚੀ ਤੇ ਰੰਗ-ਰੋਗਨ ਨਾਲ ਸਕੂਲ ਸਮਾਰਟ ਨਹੀਂ ਹੋਣਗੇ ਬਲਕਿ ਗੁਣਾਤਮਿਕ ਸਿੱਖਿਆ ਵਿੱਚ ਵੱਡੀਆਂ ਤਬਦੀਲੀਆਂ ਆਉਣ ਨਾਲ ਸਿੱਖਿਆ ਵਿਚ ਇਨਕਲਾਬ ਆਵੇਗਾ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਆਈਆਈਟੀ ’ਚ ਦਾਖਲਾ ਲਿਆ ਸੀ ਤਾਂ ਹਿਸਾਰ ਜ਼ਿਲ੍ਹੇ ਵਿੱਚੋਂ ਕੇਵਲ ਉਹ ਇਕੱਲੇ ਸਨ ਤੇ ਅੱਜ ਦਿੱਲੀ ਵਿੱਚੋਂ ਹਰ ਸਾਲ ਸਾਢੇ ਚਾਰ ਸੌ ਵਿਦਿਆਰਥੀ ਨੀਟ ਅਤੇ ਜੇ. ਈ. ਐਡਵਾਂਸ ਦੀ ਪ੍ਰੀਖਿਆ ਪਾਸ ਕਰ ਰਹੇ ਹਨ ਉਨ੍ਹਾਂ ਪੰਜਾਬ ਦੇ ਸਕੂਲ ਮੁਖੀਆਂ ਨੂੰ ਵਿਕਸਿਤ ਮੁਲਕਾਂ ਫਿਨਲੈਂਡ, ਸਿੰਗਾਪੁਰ, ਆਕਸਫੋਰਡ ਯੂਨੀਵਰਸਿਟੀ ਦੀ ਸਰਕਾਰੀ ਖਰਚੇ ’ਤੇ ਯਾਤਰਾ ਕਰਵਾਉਣ ਦੀ ਗੱਲ ਕਹੀ ਹੈ । ਉਨ੍ਹਾਂ ਕਿਹਾ ਕਿ ਦਿੱਲੀ ਦੇ ਸਕੂਲਾਂ ਵਿਖੇ ਥੋੜ੍ਹੇ ਸਮੇਂ ਵਿੱਚ ਚਾਰ ਹਜ਼ਾਰ ਕਮਰੇ ਉਸਾਰ ਦਿੱਤੇ ਹਨ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀ ਵਧਾਉਣ ਲਈ ਦਾਖਲਾ ਮੁਹਿੰਮਾਂ ਚਲਾਈਆਂ ਗਈਆਂ ਜਦੋਂਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਲਈ ਉਡੀਕ ਸੂਚੀ ਹੈ।
ਦਿੱਲੀ ਵਿਚ ਕੁਲੀਨ ਵਰਗ ਵੱਲੋਂ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਏ ਜਾ ਰਹੇ ਹਨ ਕਿਉਂਕਿ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਨਾਲ ਜੁੜ ਗਿਆ ਹੈ, ਉੱਥੋਂ ਦੇ ਸਕੂਲਾਂ ਦੇ ਨਿੱਕੇ-ਨਿੱਕੇ ਬੱਚੇ ਵੀ ਸਵਾਲ ਕਰਦੇ ਹਨ। ਜੀਵਨ ਨਾਲ ਜੁੜੀ ਸਿੱਖਿਆ ਦੇਣ ਦੀ ਗੱਲ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਿਸਾਬ ਦੇ ਫਾਰਮੂਲਿਆਂ ਨਾਲ ਸਬਜ਼ੀ ਨਹੀਂ ਖਰੀਦੀ ਜਾ ਸਕਦੀ ਭਾਵ ਸਿੱਖਿਆ ਦੀ ਵਰਤੋਂ ਸਰਬ ਵਿਆਪਕ ਹੋਣੀ ਚਾਹੀਦੀ ਹੈ। ਸਾਰੇ ਬੱਚਿਆਂ ਨੂੰ ਪਾਸ ਕਰਨ ਦੇ ਫਾਰਮੂਲੇ ਨੂੰ ਉਨ੍ਹਾਂ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਅਜਿਹਾ ਹੋਣ ਨਾਲ ਬੱਚਿਆਂ ਵਿੱਚ ਅੱਠਵੀਂ ਕਲਾਸ ਤੱਕ ਮਿਹਨਤ ਕਰਨ ਦੀ ਪ੍ਰਵਿਰਤੀ ਨੂੰ ਢਾਅ ਲੱਗੀ ਹੈ ਅਤੇ ਨੌਵੀਂ ਵਿੱਚੋਂ ਫੇਲ੍ਹ ਦਰ ਜ਼ਿਆਦਾ ਵਧ ਜਾਂਦੀ ਹੈ ਜਿਸ ਕਰਕੇ ਵੱਡੀ ਗਿਣਤੀ ’ਚ ਬੱਚੇ ਦਸਵੀਂ ਪਾਸ ਕਰਨ ਤੋਂ ਪਹਿਲਾਂ ਹੀ ਸਕੂਲ ਛੱਡ ਜਾਂਦੇ ਹਨ। ਸਕੂਲ ਮੁਖੀਆਂ ਨੂੰ ਪ੍ਰੇਰਿਤ ਕਰਨ ਲਈ ਉਨ੍ਹਾਂ ਅਨੇਕਾਂ ਪ੍ਰੇਰਕ ਪ੍ਰਸੰਗ ਵੀ ਸਾਂਝੇ ਕੀਤੇ ।
ਅਧਿਆਪਕ ਦੇ ਰੁਤਬੇ ਦੇ ਸਨਮਾਨ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਨਾਂਅ ਮੁੱਖ ਮੰਤਰੀ ਦੇ ਅਹੁਦੇ ਲਈ ਐਲਾਨ ਹੋਇਆ ਤਾਂ ਉਨ੍ਹਾਂ ਨੇ ਮੀਡੀਆ ਨੂੰ ਆਪਣੇ ਅਧਿਆਪਕਾਂ ਕੋਲ ਭੇਜਿਆ ਤਾਂ ਜੋ ਲੋਕ ਉਨ੍ਹਾਂ ਦੀਆਂ ਕਮੀਆਂ ਅਤੇ ਖੂਬੀਆਂ ਬਾਰੇ ਜਾਣ ਸਕਣ। ਅਧਿਆਪਕਾਂ ਦੀ ਤੁਲਨਾ ਬਾਗ਼ ਦੇ ਮਾਲੀਆਂ ਨਾਲ ਕਰਦਿਆਂ ਕਿਹਾ ਕਿ ਜਦੋਂ ਬੂਟਾ ਫ਼ਲ-ਫੁੱਲ ਦੇਣ ਲੱਗ ਜਾਂਦਾ ਹੈ ਤਾਂ ਸਭ ਤੋਂ ਵੱਧ ਖ਼ੁਸ਼ੀ ਮਾਲੀ ਨੂੰ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਬੱਚਿਆਂ ਅਤੇ ਅਧਿਆਪਕਾਂ ਵਿਚ ਬੁੱਧੀ ਅਤੇ ਵਿਵੇਕ ਦੀ ਕੋਈ ਕਮੀ ਨਹੀਂ ਬੱਸ ਲੋੜ ਕੇਵਲ ਉਸਾਰੂ ਮਾਹੌਲ ਦੇਣ ਦੀ ਹੈ। ਬੱਚਿਆਂ ਦਾ ਸਵੈ-ਵਿਸ਼ਵਾਸ ਵਧਾਉਣ ’ਤੇ ਜ਼ੋਰ ਦਿੱਤਾ ਜਾਵੇਗਾ ਭਾਵ ਕੇਵਲ ਨੰਬਰ ਪ੍ਰਾਪਤ ਕਰਨ ਵਾਲੀ ਚੂਹਾ ਦੌੜ ਵਾਲੀ ਸਿੱਖਿਆ ਪ੍ਰਣਾਲੀ ਦਾ ਬਦਲ ਲੱਭਿਆ ਜਾਵੇਗਾ।
ਬੱਚੇ ਦੇ ਉੱਤਰ ਨੂੰ ਗਲਤ ਕਰਾਰ ਦੇ ਕੇ ਉਸ ਨੂੰ ਨਿਰ-ਉਤਸ਼ਾਹਿਤ ਨਹੀਂ ਕੀਤਾ ਜਾਵੇਗਾ ਇਸ ਸਬੰਧੀ ਉਨ੍ਹਾਂ ਕਿਹਾ ਕਿ ਜੇਕਰ ਬੱਚੇ ਤੋਂ ਫਾਸਟ ਫੂਡ ਦੇ ਚੰਗੇ ਜਾਂ ਮਾੜੇ ਹੋਣ ਬਾਰੇ ਪੁੱਛਿਆ ਜਾਵੇ ਤਾਂ ਜੋ ਬੱਚੇ ਚੰਗਾ ਕਹਿਣਗੇ ਉਸ ਦੇ ਹੱਕ ਵਿਚ ਆਪਣੀਆਂ ਦਲੀਲਾਂ ਦੇਣਗੇ ਉਨ੍ਹਾਂ ਨੂੰ ਵੀ ਨੰਬਰ ਦਿੱਤੇ ਜਾਣਗੇ ਤੇ ਜੋ ਮਾੜਾ ਕਹਿ ਕੇ ਦਲੀਲਾਂ ਦੇਣਗੇ ਉਨ੍ਹਾਂ ਨੂੰ ਵੀ ਨੰਬਰ ਦਿੱਤੇ ਜਾਣਗੇ ਭਾਵ ਬੱਚਿਆਂ ਦੇ ਮੱਤ ਦਾ ਸਤਿਕਾਰ ਕੀਤਾ ਜਾਵੇਗਾ, ਇਸ ਨਾਲ ਬੱਚਿਆਂ ਵਿੱਚ ਬਿਨਾਂ ਡਰ ਬੋਲਣ ਤੇ ਉੱਤਰ ਦੇਣ ਦੀ ਪ੍ਰਵਿਰਤੀ ਵਿੱਚ ਵਾਧਾ ਹੋਵੇਗਾ ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਿਆ ਜਾਵੇਗਾ ਟਾਟਾ ਸਟੀਲ ਤੇ ਟਾਟਾ ਐਨਰਜ਼ੀ ਜਿਹੀਆਂ ਕੰਪਨੀਆਂ ਦਾ ਨਿਵੇਸ਼ ਪੰਜਾਬ ਵਿੱਚ ਕਰਵਾਇਆ ਜਾਵੇਗਾ ਤਾਂ ਜੋ ਪੜ੍ਹ-ਲਿਖ ਕੇ ਬੱਚਿਆਂ ਨੂੰ ਨੌਕਰੀ ਮਿਲ ਸਕੇ। ਵਿਦੇਸ਼ਾਂ ਵੱਲ ਭੱਜ ਰਹੇ ਬੱਚਿਆਂ ਵਾਸਤੇ ਖਾਸ ਤੌਰ ’ਤੇ ਕਿਹਾ ਕਿ ਬੱਚਿਆਂ ਨੂੰ ਮਣਾਂਮੂੰਹੀਂ ਪੈਸੇ ਖਰਚ ਕੇ ਬਾਹਰ ਜਾਣ ਦੀ ਲੋੜ ਨਹੀਂ ਰਹਿਣੀ ਭਾਵ ਇੱਥੇ ਹੀ ਨੌਕਰੀਆਂ ਦਿੱਤੀਆਂ ਜਾਣੀਆਂ ਹਨ ।
ਅਧਿਆਪਕਾਂ ਦੇ ਗ਼ੈਰ-ਵਿੱਦਿਅਕ ਕੰਮਾਂ ਨੂੰ ਘਟਾਉਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ, ਅਧਿਆਪਕਾਂ ਤੋਂ ਕੇਵਲ ਪੜ੍ਹਾਉਣ ਦਾ ਕੰਮ ਲਿਆ ਜਾਵੇਗਾ ਮਿਡ-ਡੇ-ਮੀਲ ਤੇ ਹੋਰ ਅਨੇਕਾਂ ਕੰਮਾਂ ਦਾ ਕੋਈ ਹੋਰ ਬਦਲ ਲੱਭਣ ਦੀ ਗੱਲ ਕਹੀ ਗਈ ਹੈ ਡਿਜੀਟਲ ਸਿੱਖਿਆ, ਪ੍ਰੀਖਿਆ ਰਹਿਤ ਸਿੱਖਿਆ ਪ੍ਰਣਾਲੀ, ਹੈਪੀ ਲਰਨਿੰਗ ਆਦਿ ਸਿੱਖਿਆ ਨਾਲ ਜੁੜੇ ਸੰਕਲਪਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿਖੇ ਲਾਗੂ ਕੀਤਾ ਜਾਵੇਗਾ। ਪਰਵਾਸੀ ਪੰਜਾਬੀਆਂ ਨੂੰ ਸਰਕਾਰੀ ਸਕੂਲ ਗੋਦ ਦੇਣ ਦੀ ਗੱਲ ਵੀ ਕੀਤੀ ਗਈ ਹੈ ਤਾਂ ਜੋ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਸਕੇ।
ਅਖੀਰ ਵਿਚ ਉਨ੍ਹਾਂ ਵੱਲੋਂ ਇੱਕ ਪੋਰਟਲ ਵੀ ਲਾਂਚ ਕੀਤਾ ਗਿਆ ਜਿਸ ਰਾਹੀਂ ਸਿੱਖਿਆ ਨਾਲ ਜੁੜੇ ਲੋਕ ਆਪਣੇ ਸੁਝਾਅ ਦਰਜ ਕਰ ਸਕਦੇ ਹਨ ਤੇ ਬਕਾਇਦਾ ਤੌਰ ’ਤੇ ਸਾਰੇ ਸੁਝਾਵਾਂ ਨੂੰ ਪੜ੍ਹ ਕੇ ਸਿੱਖਿਆ ਨੀਤੀ ਤਿਆਰ ਕੀਤੀ ਜਾਵੇਗੀ।
‘ਰੰਗਲੇ ਪੰਜਾਬ’ ਤੋਂ ਬਾਅਦ ‘ਪੜ੍ਹਦਾ ਪੰਜਾਬ’ ਸਲੋਗਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਨਾਲ ਹੀ ਕ੍ਰਾਂਤੀ ਆਉਣੀ ਹੈ। ਪਿਛਲੀਆਂ ਸਰਕਾਰਾਂ ’ਤੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ 70 ਸਾਲ ਸਿੱਖਿਆ ਤੋਂ ਵਾਂਝੇ ਰੱਖ ਕੇ ਘੋਰ ਅਨਿਆਂ ਕੀਤਾ ਹੈ । ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਪੜ੍ਹ-ਲਿਖ ਕੇ ਨੌਕਰੀਆਂ ਲੈਣ ਵਾਲੇ ਨਹੀਂ ਰੁਜ਼ਗਾਰ ਦੇਣ ਵਾਲੇ ਬਣਨਾ ਹੈ। ਮੁੱਖ ਮੰਤਰੀ ਦੀ ਸਿੱਖਿਆ ਦੇ ਸੰਬੰਧ ਵਿਚ ਕੀਤੀ ਤਕਰੀਰ ਦੀਆਂ ਸਾਰੀਆਂ ਮਦਾਂ ਨੂੰ ਲਾਗੂ ਕਰਨ ਲਈ ਵੱਡੇ ਯਤਨਾਂ ਦੀ ਲੋੜ ਹੈ ਜਿਸ ਲਈ ਵੱਡੀ ਭੂਮਿਕਾ ਅਧਿਆਪਕ, ਸਕੂਲ ਮੁਖੀ, ਸਿੱਖਿਆ ਅਧਿਕਾਰੀ, ਸਮਾਜ ਸੇਵੀ ਅਤੇ ਮਾਪੇ ਨਿਭਾ ਸਕਦੇ ਹਨ।
ਸਿੱਖਿਆ ਨਾਲ ਜੁੜੇ ਇੱਕ-ਇੱਕ ਵਿਅਕਤੀ ਨੂੰ ਮਜ਼ਬੂਤ ਇੱਛਾ-ਸ਼ਕਤੀ ਤੇ ਇਮਾਨਦਾਰੀ ਨਾਲ ਯਤਨ ਕਰਨੇ ਹੋਣਗੇ ਤਾਂ ਜੋ ‘ਪੜ੍ਹਦਾ ਪੰਜਾਬ’ ਦਾ ਸੰਕਲਪ ਅਸਲ ਰੂਪ ਵਿੱਚ ਸਾਡੇ ਸਾਹਮਣੇ ਸਾਕਾਰ ਹੋ ਸਕੇ।
ਬਲਜਿੰਦਰ ਜੌੜਕੀਆਂ
ਤਲਵੰਡੀ ਸਾਬੋ
ਮੋ. 94630-24575
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ