ਪੰਜਾਬ ’ਚ ਨਸ਼ੇ ਦੀ ਮਾਰ
ਪੰਜਾਬ ਇੱਕ ਵਾਰ ਫ਼ਿਰ ਚਿੱਟੇ (ਨਸ਼ੇ) ਦੀ ਵਿੱਕਰੀ ਕਾਰਨ ਚਰਚਾ ’ਚ ਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ’ਚ ਪੁਲਿਸ ਅਫ਼ਸਰਾਂ ਨੂੰ ਸਖਤੀ ਨਾਲ ਨਿਬੜਨ ਦੀ ਹਦਾਇਤ ਕੀਤੀ ਹੈ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਨਾ ਕਿ ਨਸ਼ਾ ਪੀੜਤਾਂ ਖਿਲਾਫ਼ ਨਸ਼ਾ ਪੀੜਤਾਂ ਦਾ ਇਲਾਜ ਕਰਨ ਦੀ ਗੱਲ ਵੀ ਕਹੀ ਗਈ ਹੈ ਹੁਣ ਵੇਖਣਾ ਇਹ ਹੈ ਕਿ ਸਰਕਾਰ ਆਪਣੇ ਮਕਸਦ ਦੀ ਪੂਰਤੀ ਲਈ ਕਿਹੜੀ ਰਣਨੀਤੀ ਅਪਣਾਉਂਦੀ ਹੈ l
ਅਸਲ ’ਚ ਨਸ਼ਾ ਤਸਕਰੀ ਬਹੁਪਰਤੀ ਸਮੱਸਿਆ ਹੈ ਜਿਸ ਨਾਲ ਨਜਿੱਠਣ ਲਈ ਵਿਗਿਆਨਕ ਤੇ ਸੰਤੁਲਿਤ ਨੀਤੀਆਂ ਬਣਾਉਣ ਦੀ ਜ਼ਰੂਰਤ ਹੈ ਨਸ਼ਾਖੋਰੀ ਤੇ ਨਸ਼ਾ ਤਸਕਰੀ ਇੱਕ-ਦੂਜੇ ਨਾਲ ਜੁੜੇ ਹੋਏ ਹਨ ਜੇਕਰ ਨਸ਼ੇ ਦੀ ਵਰਤੋਂ ਰੁਕੇਗੀ ਤਾਂ ਨਸ਼ਾ ਤਸਕਰੀ ਦਾ ਵੀ ਲੱਕ ਟੁੱਟੇਗਾ ਸਰਕਾਰ ਨੂੰ ਦੋਵਾਂ ਮੋਰਚਿਆਂ ’ਤੇ ਠੋਸ ਤਰੀਕੇ ਨਾਲ ਕੰਮ ਕਰਨਾ ਪਵੇਗਾ ਨਸ਼ੇ ਦੀ ਵਰਤੋਂ ਦੇ ਕਾਰਨਾਂ ਨੂੰ ਵੀ ਲੱਭਣਾ ਪਵੇਗਾ ਗੱਲ ਇੱਥੇ ਨਹੀਂ ਮੁੱਕਦੀ ਕਿ ਕੋਈ ਵਿਅਕਤੀ ਨਸ਼ਾ ਕਰਦਾ ਹੈ, ਪਰ ਉਹ ਨਸ਼ਾ ਕਿਉਂ ਕਰਦਾ ਹੈ ਇਹ ਵੀ ਵੇਖਣਾ ਪਵੇਗਾ ਸਾਰੇ ਨੌਜਵਾਨ ਬੇਰੁਜ਼ਗਾਰੀ ਕਾਰਨ ਨਸ਼ੇ ਨਹੀਂ ਕਰਦੇ ਬਹੁਤ ਸਾਰੇ ਨੌਜਵਾਨ ਇਸ ਨੂੰ ਸਟੇਟਸ ਸਿੰਬਲ ਮੰਨ ਕੇ ਨਸ਼ਾ ਕਰਦੇ ਹਨ ਸ਼ਰਾਬ ਨੂੰ ਸਮਾਜ ’ਚ ਬੇਹੱਦ ਬੁਰਾ ਮੰਨਿਆ ਜਾਂਦਾ ਸੀ ਇਸ ਲਈ ਨੌਜਵਾਨ ਸ਼ਰਾਬ ਪਰਦੇ ਨਾਲ ਪੀਣ ’ਚ ਕਾਮਯਾਬ ਨਹੀਂ ਹੁੰਦੇ ਸਨ l
ਪਰ ਨਵੇਂ ਨਸ਼ਿਆਂ ਦੀ ਵਰਤੋਂ ਦਾ ਪਤਾ ਨਾ ਲੱਗਣ ਕਰਕੇ ਨੌਜਵਾਨ ਨਸ਼ੇ ਦਾ ਸੇਵਨ ਕਰਨ ’ਚ ਕਾਮਯਾਬ ਹੁੰਦੇ ਗਏ ਇਸੇ ਤਰ੍ਹਾਂ ਨਸ਼ਿਆਂ ਬਾਰੇ ਅਣਜਾਣਤਾ ਵੀ ਨਸ਼ਿਆਂ ਦੀ ਵਰਤੋਂ ਦਾ ਕਾਰਨ ਹੈ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਨਾ ਹੋਣ ਕਾਰਨ ਹਜ਼ਾਰਾਂ ਨੌਜਵਾਨ ਸਿਰਫ਼ ਰੀਸੋਰੀਸ ਹੀ ਨਸ਼ੇ ’ਚ ਫਸ ਜਾਂਦੇ ਹਨ ਜੇਕਰ ਸਮਾਜ ਅੰਦਰ ਨਸ਼ਿਆਂ ਦੇ ਮਾੜੇ ਪ੍ਰਭਾਵ ਦੀ ਜਾਣਕਾਰੀ ਵੱਧ ਤੋਂ ਵੱਧ ਦਿੱਤੀ ਜਾਵੇ ਤਾਂ ਲੋਕ ਨਸ਼ੇ ਤੋਂ ਬਚਣਗੇ ਨਸ਼ੇ ਦੀ ਰੋਕਥਾਮ ਲਈ ਨਸ਼ਾ ਛੁਡਾਊ ਕੇਂਦਰਾਂ ਨੂੰ ਮਜ਼ਬੂਤ ਕਰਨਾ ਪਵੇਗਾ ਸਟਾਫ਼ ਤੇ ਸਹੂਲਤਾਂ ਦੀ ਕਮੀ ਹੋਣ ਕਾਰਨ ਨਸ਼ਾ ਪੀੜਤ ਨੌਜਵਾਨ ਤੇ ਉਹਨਾਂ ਦੇ ਮਾਪੇ ਨਸ਼ਾ ਛੁਡਾਊ ਕੇਂਦਰ ਜਾਣ ਤੋਂ ਝਿਜਕਦੇ ਹਨ l
ਨਿੱਜੀ ਹਸਪਤਾਲਾਂ ਦਾ ਇਲਾਜ ਮਹਿੰਗਾ ਹੋਣ ਕਰਕੇ ਨਸ਼ੱਈ ਚਾਹੁੰਦੇ ਹੋਏ ਵੀ ਨਸ਼ਾ ਨਹੀਂ ਛੱਡਦੇ ਇਹ ਵੀ ਤੱਥ ਹਨ ਕਿ ਨਸ਼ਾ ਸਿਰਫ਼ ਕਾਨੂੰਨੀ ਸਮੱਸਿਆ ਨਹੀਂ ਸਗੋਂ ਸਮਾਜਿਕ ਤੇ ਆਰਥਿਕ ਸਮੱਸਿਆ ਵੀ ਹੈ ਨਸ਼ਿਆਂ ਖਿਲਾਫ਼ ਸਮਾਜਿਕ ਮੁਹਿੰਮ ਮਜ਼ਬੂਤ ਕਰਨੀ ਪਵੇਗੀ ਧਾਰਮਿਕ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਣਾ ਜ਼ਰੂਰੀ ਹੈ ਨਸ਼ਾ ਰਹਿਤ ਪਿੰਡਾਂ ਲਈ ਵਿਸ਼ੇਸ਼ ਗਰਾਂਟ ਤੇ ਪੁਰਸਕਾਰ ਸ਼ੁਰੂ ਕਰਕੇ ਸਮਾਜ ’ਚ ਨਸ਼ਾ ਵਿਰੋਧੀ ਲਹਿਰ ਖੜ੍ਹੀ ਕੀਤੀ ਜਾ ਸਕਦੀ ਹੈ ਦੁੱਧ, ਘਿਓ, ਸ਼ੱਕਰ ਵਰਗੀਆਂ ਖੁਰਾਕਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਨੀਤੀ ਬਣਨੀ ਚਾਹੀਦੀ ਹੈ ਸਮਾਜ ’ਚ ਨਸ਼ਿਆਂ ਦੀ ਮਨਾਹੀ ਕੀਤੀ ਗਈ ਹੈ ਹੋਰ ਨਸ਼ਿਆਂ ਦੇ ਨਾਲ-ਨਾਲ ਸ਼ਰਾਬ ’ਤੇ ਪਾਬੰਦੀ ਦਾ ਮਾਮਲਾ ਵਿਚਾਰਿਆ ਜਾਣਾ ਜ਼ਰੂਰੀ ਹੈ ਪੰਜਾਬ ’ਚ ਸ਼ਰਾਬ ਦਾ ਦਰਿਆ ਵਹਿ ਰਿਹਾ ਹੈ ਸ਼ਰਾਬ ਨੂੰ ਸਰਕਾਰ ਦਾ ਹੀ ਸਿਹਤ ਵਿਭਾਗ ਸਿਹਤ ਲਈ ਖਤਰਨਾਕ ਮੰਨਦਾ ਹੈ ਸ਼ਰਾਬ ਦੀ ਖਪਤ ਘਟਾਉਣ ਲਈ ਸਰਕਾਰਾਂ ਫ਼ਿਕਰਮੰਦ ਹੀ ਨਹੀਂ ਹਨ